ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਫੇਰ ਇੱਕ ਦਿਨ

ਆਤਮਾ ਦੇਵੀ ਬਹੁਤ ਦੁਖੀ ਹੈ। ਉਹਦਾ ਜੁਆਈ ਹਮੇਸ਼ਾਂ ਵਾਂਗ ਹੀ ਕੱਲ੍ਹ ਰਾਤ ਫੇਰ ਆਇਆ ਸੀ ਤੇ ਘਰ ਦੇ ਭਾਂਡੇ ਭੰਨ ਕੇ ਤੁਰ ਗਿਆ ਹੈ। ਕਾਫ਼ੀ ਹਨੇਰਾ ਹੋ ਚੁੱਕਿਆ ਸੀ। ਮਾਵਾਂ ਧੀਆਂ ਪਕਾ ਖਾ ਕੇ ਤੇ ਰੋਟੀ ਟੁੱਕ ਦਾ ਸਾਰਾ ਕੰਮ ਨਿਬੇੜ ਕੇ ਟੈਲੀਵਿਜ਼ਨ ਸਾਹਮਣੇ ਬੈਠੀਆਂ ਸੀਰੀਅਲ ਦੇਖ ਰਹੀਆਂ ਸਨ। ਸੀਰੀਅਲ ਤੋਂ ਬਾਅਦ ਬਿਮਲਾ ਨੇ ਆਪਣੇ ਕਮਰੇ ਵਿਚ ਜਾ ਕੇ ਪੜ੍ਹਨ ਬੈਠ ਜਾਣਾ ਸੀ। ਉਹ ਦੀ ਬੀ. ਐੱਸ. ਸੀ. ਦਾ ਇਹ ਆਖ਼ਰੀ ਸਾਲ ਹੈ। ਸਾਲਾਨਾ ਪ੍ਰੀਖਿਆ ਨੇੜੇ ਹੈ। ਉਹ ਬਾਰਾਂ ਵਜੇ ਤੱਕ ਜਾਗਦੀ ਹੈ। ਸਵੇਰੇ ਪੰਜ ਵਜੇ ਹੀ ਫੇਰ ਉੱਠ ਖੜ੍ਹਦੀ ਹੈ। ਬਹੁਤ ਪੜ੍ਹਦੀ ਹੈ। ਉਹਦੀ ਸ਼ਰਤ ਲੱਗੀ ਹੋਈ ਹੈ ਕਿ ਉਹ ਰੇਸ਼ਮ ਨਾਲੋਂ ਵੱਧ ਨੰਬਰ ਲਵੇਗੀ।

ਰੇਸ਼ਮ ਸਿੰਘ ਬਿਮਲਾ ਦਾ ਜਮਾਤੀ ਹੈ। ਉਨ੍ਹਾਂ ਦੇ ਘਰੇ ਹੀ ਰਹਿੰਦਾ ਹੈ। ਆਤਮਾ ਦੇਵੀ ਨੇ ਉਹ ਨੂੰ ਅਲੱਗ ਕਮਰਾ ਦਿੱਤਾ ਹੋਇਆ ਹੈ। ਬਹੁਤ ਸ਼ਰੀਫ਼ ਮੁੰਡਾ ਹੈ। ਉਹ ਦੀਆਂ ਧੀਆਂ ਵਾਂਗ ਹੀ, ਜਿਵੇਂ ਉਹ ਉਹ ਦੀ ਤੀਜੀ ਧੀ ਹੋਵੇ।

ਰੇਸ਼ਮ ਦੀ ਆਦਤ ਹੈ, ਉਹ ਆਥਣ ਦੀ ਰੋਟੀ ਖਾ ਕੇ ਘਰੋਂ ਨਿਕਲ ਜਾਵੇਗਾ। ਉਹ ਨੂੰ ਟੈਲੀਵਿਜ਼ਨ ਦੇਖਣ ਦਾ ਕੋਈ ਖ਼ਾਸ ਸ਼ੌਕ ਨਹੀਂ। ਦਸ ਵਜੇ ਤੱਕ ਆਪਣੇ ਦੋਸਤਾਂ ਕੋਲ ਗੱਪਾਂ ਮਾਰੇਗਾ ਜਾਂ ਕਿਧਰੇ ਘੁੰਮੇ ਫਿਰੇਗਾ। ਫੇਰ ਪਤਾ ਨਹੀਂ ਕਦੋਂ ਘਰ ਆਵੇਗਾ। ਆਤਮਾ ਦੇਵੀ ਤਾਂ ਕਦੋਂ ਦੀ ਸੌਂ ਚੁੱਕੀ ਹੁੰਦੀ ਹੈ। ਬਿਮਲਾ ਆਪਣੇ ਕਮਰੇ ਵਿਚ ਪੜ੍ਹ ਰਹੀ ਹੁੰਦੀ ਹੈ। ਉਹ ਮਲਕੜੇ ਜਿਹੇ ਘਰ ਵੜੇਗਾ। ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਕੇ ਜਿੰਦਰਾ ਲਾ ਦਿੰਦਾ ਹੈ। ਕੋਈ ਆਵਾਜ਼ ਨਹੀਂ, ਕੋਈ ਖੜਕਾ ਨਹੀਂ। ਫੇਰ ਰਸੋਈ ਵਿਚ ਜਾ ਕੇ ਗੈਸ 'ਤੇ ਚਾਹ ਦੇ ਦੋ ਕੱਪ ਬਣਾਏਗਾ। ਬਿਮਲਾ ਦੇ ਕਮਰੇ ਵਿਚ ਚੁੱਪ ਚਾਪ ਆ ਬੈਠੇਗਾ। ਇਸ਼ਾਰੇ ਨਾਲ ਉਹ ਨੂੰ ਚਾਹ ਪੀਣ ਲਈ ਕਹੇਗਾ। ਆਪਣਾ ਕੱਪ ਖ਼ਤਮ ਕਰਕੇ ਆਪਣੇ ਕਮਰੇ ਵਿਚ ਚਲਿਆ ਜਾਵੇਗਾ। ਪੜ੍ਹਨ ਬੈਠ ਜਾਵੇਗਾ। ਹਮੇਸ਼ਾ ਉਹ ਬਿਮਲਾ ਨਾਲੋਂ ਬਾਅਦ ਵਿਚ ਹੀ ਸੌਂਦਾ ਹੈ। ਸਵੇਰੇ ਨਹੀਂ ਉੱਠਦਾ ਉਦੋਂ ਹੀ ਉੱਠਦਾ ਹੈ, ਜਦੋਂ ਰਸੋਈ ਦੇ ਭਾਂਡੇ ਖੜਕ ਰਹੇ ਹੁੰਦੇ ਹਨ ਅਤੇ ਆਤਮਾ ਦੇਵੀ ਸਵੇਰ ਦਾ ਨਾਸ਼ਤਾ ਤਿਆਰ ਕਰ ਰਹੀ ਹੁੰਦੀ ਹੈ।

ਰੇਸ਼ਮ ਸਿੰਘ ਦਾ ਬਾਪ ਆਤਮਾ ਦੇਵੀ ਦੇ ਪਤੀ ਦਾ ਦੋਸਤ ਸੀ। ਦੋਵੇਂ ਏਥੋਂ ਦੇ ਰੇਲਵੇ ਸਟੇਸ਼ਨ 'ਤੇ ਤੇਰਾਂ ਚੌਦਾਂ ਸਾਲ ਇਕਠੇ ਰਹੇ। ਉਨ੍ਹਾਂ ਦਾ ਆਪਸ ਵਿਚ ਸਕੇ ਭਰਾਵਾਂ ਵਰਗਾ ਵਰਤ ਵਿਹਾਰ ਸੀ।ਉਹ ਹਰਿਆਣੇ ਦੇ ਸਨ ਤੇ ਰੇਸ਼ਮ ਦਾ ਪਿਤਾ ਏਧਰ

ਤੇ ਫੇਰ ਇੱਕ ਦਿਨ

139