ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਜ਼ਬ ਸਾਈਂ ਦਾ

ਮੇਰੀ ਉਮਰ ਦੇ ਬੰਦੇ ਪਿੰਡ 'ਚ ਹੁਣ ਥੋੜ੍ਹੇ ਈ ਰਹਿ 'ਗੇ। ਅੱਧੇ ਤਾਂ ਇਨ੍ਹਾਂ 'ਚੋਂ ਮੰਜੇ ਨਾਲ ਮੰਜਾ ਹੋ ਕੇ ਪਏ ਨੇ। ਕੋਈ ਕੋਈ ਐ, ਜੋ ਸੋਟੀ ਫੜ ਕੇ ਬਾਹਰ-ਅੰਦਰ ਜਾ ਸਕਦੇ ਹਨ। ਇੱਕ ਅੱਧਾ ਈ ਕੋਈ ਖੇਤ ਗੇੜਾ ਮਾਰਦਾ ਹੋਊਗਾ। ਸਵੇਰੇ ਸਵੇਰੇ ਖੇਤ ਵਿਚ ਜਾ ਕੇ ਆਉਣਾ ਮੇਰਾ ਨਿੱਤ ਨੇਮ ਐ। ਜੇ ਕਿਸੇ ਦਿਨ ਜਾ ਕੇ ਫ਼ਸਲ ਨਾ ਦੇਖਾਂ ਤਾਂ ਸੰਵਾਰ ਕੇ ਭੁੱਖ ਨ੍ਹੀਂ ਲੱਗਦੀ, ਰਾਤ ਨੂੰ ਚੰਗੀ ਨੀਂਦ ਨ੍ਹੀਂ ਆਉਂਦੀ।

ਘਰੇ ਸਭ ਰੰਗ ਭਾਗ ਲੱਗੇ ਹੋਏ ਨੇ। ਚਾਰੇ ਪੁੱਤਾਂ ਦੇ ਗਹਾਂ ਦੋ ਦੋ, ਤਿੰਨ ਤਿੰਨ ਜੁਆਕ ਨੇ। ਹੁਣ ਤਾਂ ਪੋਤੇ ਪੋਤੀਆਂ ਵੀ ਵਿਆਹੇ ਗਏ। ਉਨ੍ਹਾਂ ਦੇਵੀ ਨਿਆਣੇ-ਨਿੱਕੇ ਹੋਈ ਜਾਂਦੇ ਨੇ, ਮੈਂ ਛੋਟੇ ਮੁੰਡੇ ਦੇ ਚੁੱਲ੍ਹੇ 'ਤੇ ਆਂ। ਖਾਣ ਪੀਣ ਨੂੰ ਖੁੱਲ੍ਹਾ, ਪਰ ਮੈਂ ਸੰਜਮ ਨਾਲ ਈ ਖਾਂਦਾ ਪੀਨਾਂ। ਘਿਓ ਘੰਦੂ ਤਾਂ ਹੁਣ ਹਜਮ ਨ੍ਹੀਂ ਹੁੰਦਾ। ਬਸ ਦੁੱਧ ਪੀਨਾਂ, ਉਹ ਵੀ ਇੱਕ ਵੇਲੇ, ਰਾਤ ਨੂੰ, ਅੱਧੀ ਬਾਟੀ। ਦੁੱਧ ਪੀਣ ਨਾਲ, ਹੋਰ ਤਾਂ ਕੁਸ਼ ਨ੍ਹੀ। ਤੜਕੇ ਜੰਗਲ ਪਾਣੀ ਖੁੱਲ੍ਹ ਕੇ ਆ ਜਾਂਦੈ।

ਪਿੰਡ 'ਚ ਜਾ ਕੇ ਕਦੇ ਕਦੇ ਮੈਂ ਆਪਣੇ ਹਾਣੀ ਬੁੜ੍ਹਿਆਂ ਨੂੰ ਵੀ ਮਿਲ ਆਉਨਾਂ। ਮੈਂ ਗਲ ਆਖੂਗਾ-"ਓਏ ਰਾਮ ਕ੍ਰਿਸ਼ਨਾ, ਕੰਜਰਾ, ਓਹਿਆ ਜ੍ਹਾ ਈ ਪਿਐਂ, ਕੀ ਖਾਨੈਂ?"

ਪਟਵਾਰੀ ਬਹੁਤ ਤਾਰੀਫ਼ ਕਰਦਾ ਰਹਿੰਦੈ, ਜਦੋਂ ਵੀ ਨਿਗ੍ਹਾ ਪੈ ਜਾਂ, ਬੋਲ ਮਾਰ ਕੇ ਖੜ੍ਹਾ ਲੂਗਾ। ਕਹਿੰਦਾ ਐ-"ਬਾਬਾ ਰਾਮ ਕ੍ਰਿਸ਼ਨ ਸਿਆਂ, ਤੂੰ ਈ ਰਹਿ ਗਿਆ ਇੱਕ ਬੱਸ ਪਿੰਡ 'ਚ ਬਾਕੀ ਤੇਰੇ ਹਾਣੀ ਤਾਂ ਸਭ ਹਥਿਆਰ ਸਿੱਟੀ ਬੈਠੇ ਐ।"

ਆਪਣੀ ਉਮਰ 'ਚ ਮੈਂ ਬੜੇ ਦੁੱਖ ਦੇਖੇ। ਮੇਰਾ ਬਾਪ ਪਹਿਲੀ ਵੱਡੀ ਲੜਾਈ 'ਚ ਮਾਰਿਆ ਗਿਆ ਸੀ। ਉਦੋਂ ਮੇਰੀ ਉਮਰ ਚੌਦਾਂ ਪੰਦਰਾਂ ਸਾਲ ਮਸ੍ਹਾਂ ਹੋਊਗੀ। 'ਕੱਲਾ ਈ ਸੀ। ਨਾ ਕੋਈ ਭੈਣ, ਨਾ ਭਰਾ। ਤਾਏ ਚਾਚੇ ਬਥੇਰਾ ਪਿਆਰ ਕਰਦੇ ਸੀ। ਮਾਂ ਨੇ ਪੂਰਾ ਖੁਆਇਆ ਪਿਆਇਆ। ਜੁਆਨ ਹੋ ਗਿਆ। ਫੇਰ ਉਹ ਨੇ ਮੈਨੂੰ ਵਿਆਹ ਲਿਆ। ਵਸਾਖੀ ਦੇ ਨ੍ਹਾਉਣ ਅੰਬਰਸਰ ਅਸੀਂ ਤਿੰਨੇ ਗਏ। ਜਲ੍ਹਿਆਂ ਵਾਲੇ ਬਾਗ ਬੜਾ 'ਕੱਠ ਸੀ। ਅੰਗਰੇਜ਼ ਨੇ ਗੋਲੀ ਚਲਾ 'ਤੀ। ਬੇਬੇ ਤੇ ਬਹੂ ਉੱਥੇ ਮਾਰੀਆਂ ਗਈਆਂ। ਮੈਂ ਬਚ ਗਿਆ, ਨਕੜਮਾ। ਤਾਏ ਚਾਚਿਆਂ ਨੇ ਈ ਗਲ ਲਾਇਆ ਮੈਨੂੰ। ਬਥੇਰਾ ਸਾਂਭਿਆ ਭਾਈ। ਮੇਰਾ ਦੂਜਾ ਵਿਆਹ ਕੀਤਾ। ਵਾਹੀ ਖੇਤੀ 'ਕੱਠੀ ਸੀ। ਸਾਰੀ ਉਮਰ ਈ 'ਕੱਠੇ ਰਹੇ। ਪਰ ਮੁਰੱਬਾਬੰਦੀ ਵੇਲੇ ਟੱਕ ਅੱਡ ਅੱਡ ਕੱਟ 'ਤੇ। ਊਂ ਤਾਂ ਮੇਰੇ ਮੁੰਡੇ ਜੁਆਨ ਹੋ 'ਗੇ ਸੀ, ਪਰ ਪਹਿਲਾ ਧੱਕਾ ਮੈਨੂੰ ਉਦੋਂ ਲੱਗਿਆ, ਜਦੋਂ ਪਹਿਲੇ ਸਾਲ ਮੈਨੂੰ ਤਾਏ ਚਾਚੇ ਦੀ ਢੇਰੀ ਤੋਂ ਅੱਡ ਹੋ ਕੇ ਵਾਹੀ ਕਰਨੀ ਪਈ।

ਗਜ਼ਬ ਸਾਈਂ ਦਾ

143