ਦੂਜਾ ਧੱਕਾ ਉਦੋਂ ਲੱਗਿਆ ਜਦੋਂ ਮੇਰੇ ਆਵਦੇ ਚਾਰੇ ਮੁੰਡੇ ਅੱਡ ਹੋਗੇ। ਕੀ ਹੋਇਆ ਜੇ ਉਹ ਵਿਆਹੇ ਵਰੇ ਗਏ ਸੀ, ਖੇਤੀ ਤਾਂ 'ਕੱਠੀ ਰੱਖਦੇ। ਮੇਰੇ ਤਾਏ
ਚਾਚੇ 'ਕੱਠੇ ਰਹੇ, ਇਹ ਵੀ ਰਹਿ ਲੈਂਦੇ। ਕੀ ਫ਼ਰਕ ਪੈਂਦਾ ਸੀ? 'ਕੱਠਾ ਟੱਬਰ ਤਾਂ ਇਕ ਗੰਢ ਹੁੰਦੀ ਐ। ਵਿਚੇ ਹਾਰ-ਨਿਵਾਰ ਹੋਈ ਜਾਂਦੈ ਸਭ ਦਾ। ਗੰਢ ਬੱਝੀ ਰਹਿੰਦੀਐ। ਹਵਾ ਬਾਹਰ ਨ੍ਹੀ ਨਿਕਲਦੀ। ਪਰ ਖ਼ੈਰ ...।ਤੀਜਾ ਧੱਕਾ ਮੈਨੂੰ ਹੁਣ ਲਗਿਐ। ਇਹ ਧੱਕਾ ਸਭ ਤੋਂ ਵੱਡਾ ਐ। ਸਰਪੰਚ ਦੇਵਤਾ ਆਦਮੀ ਸੀ। ਨਾ ਕਿਸੇ ਦੀ ਚੰਗੀ ਨਾ ਮਾੜੀ। ਸੱਚੋ ਸੱਚ ਨਿਤਾਰਿਆ ਸ਼ੇਰ ਨੇ ਸਾਰੀ ਉਮਰ। ਪਿੰਡ ਦਾ ਕਿੰਨਾ ਕੀਤਾ ਲਖਵਿੰਦਰ ਸੂੰ ਨੇ। ਸਕੂਲ, ਡੰਗਰ ਹਸਪਤਾਲ, ਫੇਰ ਭਾਈ ਡਾਕਖਾਨਾ, ਸ਼ਫ਼ਾਖ਼ਾਨਾ, ਟੈਂਕੀ-ਸਾਰੇ ਪਿੰਡ 'ਚ ਘਰ ਘਰ ਟੂਟੀਆਂ ਲਖਾ 'ਤੀਆਂ, ਭਰੀ ਜਾਓ ਬਈ ਤੌੜੇ ਬਾਲਟੀਆਂ, ਅੱਗੇ ਬੁੜ੍ਹੀਆਂ ਦੀਆਂ ਪੰਪ ਗੇੜਦੀਆਂ ਦੀਆਂ ਵੱਖੀਆਂ ਚੜ੍ਹ ਜਾਂਦੀਆਂ। ਕੋਈ ਅੰਤ ਛੱਡਿਆ ਲਖਵਿੰਦਰ ਨੇ। ਕਿੱਧਰੋਂ ਈ ਬਿੱਜ ਪੈ 'ਗੀ ਭਾਈ। ਟੂਮ ਟੱਲਾ ਤੇ ਨੋਟਾਂ ਦੇ ਥੱਬੇ ਸਭ ਲੈ 'ਗੇ। ਇੱਕ ਦਿਨ ਪਹਿਲਾਂ ਨਰਮਾ ਵੇਚਿਆ ਸੀ, ਸਰਪੰਚ ਨੇ। ਪਿੰਡ ਨੇ ਜਮ੍ਹਾਂ ਈ ਕਾਲਖ਼ ਮਲ 'ਲੀ ਮੂੰਹ ਮੱਥੇ। ਇੱਕ ਵੀ ਬੰਦਾ ਨ੍ਹੀ ਕੁਸਕਿਆ। ਬਾਰ ਅੜਾ ਲੇ ਸਗੋਂ। ਕਿਹੜਾ ਰਾਤ ਸੀ, ਚਿੱਟਾ ਦਿਨ ਸੀ। ਗਾਈਆਂ ਦਾ ਵੱਗ ਅਜੇ ਮੁੜਿਆ ਨ੍ਹੀ ਸੀ।
ਉਹ ਪੰਜ ਜਣੇ ਸੀ, ਪੰਜਾ ਕੋਲ ਬੰਦੂਖਾਂ। ਮੋਟਰਸੈਕਲਾਂ 'ਤੇ ਆਏ ਸੀ, ਆਉਣ ਸਾਰ ਦਾੜ ਦਾੜ ਕਰ 'ਤੀ। ਘਰ ਬਾਰ ਸਾਰਾ ਲੁੱਟ ਲਿਆ। ਗੋਲੀਆਂ ਵਰ੍ਹਾਉਂਦੇ ਆਏ ਸੀ, ਗੋਲੀਆਂ ਵਰ੍ਹਾਉਂਦੇ ਔਹ ਗਏ, ਔਹ ਗਏ। ਗਜ਼ਬ ਸਾਈਂ ਦਾ, ਓਹੀ ਪਿੰਡ ਐ।
ਚਾਲੀ ਵਰ੍ਹੇ ਹੋ 'ਗੇ, ਨਾ ਭਾਈ ਉੱਤੇ ਹੋ 'ਗੇ ਹੋਣਗੇ। ਦੂਜੀ ਲੜਾਈ ਲੱਗੀ ਹੋਈ ਸੀ। ਮੈਨੂੰ ਇਉਂ ਜਾਦ ਐ ਨਾ, ਮੁਨਸ਼ੀ ਤਖ਼ਾਣ ਫ਼ੌਜ 'ਚੋਂ ਭਗੌੜਾ ਹੋ ਕੇ ਆ ਗਿਆ ਸੀ। ਪੱਕੀ ਰਫ਼ਲ ਵੀ ਨਾਲ ਈ ਲੈ ਆਇਆ। ਲੁਕਦਾ ਫਿਰਦਾ ਹੁੰਦਾ। ਪਿੰਡ ਆਲੇ ਉਹ ਨੂੰ ਕੁਸ਼ ਨ੍ਹੀਂ ਸੀ ਆਖਦੇ। ਅਸੀਂ ਉਹਨੂੰ ਗਾਲ਼ਾਂ ਜ਼ਰੂਰ ਕੱਢਦੇ-"ਸਾਲਿਆ, ਜੇ ਭੱਜਣਾ ਸੀ ਤਾਂ ਪਹਿਲਾਂ ਭਰਤੀ ਕਾਹਨੂੰ ਹੋਇਆ ਸੀ?"
ਖ਼ੈਰ ਜੀ, ਸ਼ਮਸ਼ੇਰ ਸੂ ਦੀ ਹਵੇਲੀ ਡਾਕਾ ਪਿਆ। ਚਾਰ ਡਾਕੂ ਸੀ। ਦੋਂਹ ਕੋਲ ਬੰਦੂਖ਼ਾਂ, ਇੱਕ ਕੋਲ ਪਸਤੌਲ ਤੇ ਚੌਥੇ ਕੋਲ ਗੰਡਾਸਾ ਸੀ ਬੱਸ। ਸ਼ਮਸ਼ੇਰ ਸਿਉਂ ਦੇ ਦੋ ਵਿਆਹ ਸੀ। ਵੱਡੀ ਬਹੂ ਦੇ ਕੋਈ ਨਿਆਣਾ ਨਿੱਕਾ ਹੈ ਨ੍ਹੀ ਸੀ। ਪਰ ਕੁੰਜੀ ਮੁਖਤਿਆਰ ਉਹ ਸੀ। ਛੋਟੀ ਦੇ ਉਦੋਂ ਪਹਿਲਾ ਜੁਆਕ ਹੋਣਾ ਸੀ। ਫੇਰ ਤਾਂ ਦੇਖ ਲੋ ਚਾਰ ਮੁੰਡੇ ਜੰਮੇ ਉਹਨੇ, ਤਿੰਨ ਕੁੜੀਆਂ।
ਇੱਕ ਡਾਕੂ ਕੋਠੇ 'ਤੇ ਚੜ੍ਹ ਗਿਆ। ਸਿਖ਼ਰ, ਚੁਬਾਰੇ ਦੀ ਛੱਤ 'ਤੇ। ਥੋੜੇ ਜ੍ਹੇ ਚਿਰ ਪਿੱਛੋਂ ਫੈਰ ਕਰ ਦਿਆ ਕਰੇ, ਲਲਕਾਰੇ ਵੀ ਮਾਰੇ-"ਪਿੰਡ ਦਿਆਂ ਨੂੰ ਅਸੀਂ ਕੁਸ਼ ਨ੍ਹੀ ਕਹਿੰਦੇ। ਸਾਡੇ ਨੇੜੇ ਨਾ ਆਇਓ ਕੋਈ। ਭੁੰਨ ਦਿਆਂਗੇ।" ਉਹਦੇ ਮੋਢੇ ਖੱਦਰ ਦਾ ਸਮੋਸਾ ਸੀ। ਉਹ ਸਮੋਸੇ ਦਾ ਇਸ਼ਾਰਾ ਵੀ ਕਰਦਾ। ਜਿਵੇਂ ਕੋਈ ਮਖਿਆਲ ਦੀਆਂ ਮੱਖੀਆਂ ਤੋਂ ਡਰਦਾ ਕਰਦਾ ਹੋਵੇ।
ਸਿਖ਼ਰ ਦੁਪਹਿਰਾ, ਕੋਠਿਆਂ ਦੀਆਂ ਛੱਤਾਂ 'ਤੇ ਖੜ੍ਹੇ ਲੋਕ ਬਸ ਝਾਕੀ ਜਾਣ। ਬੁੜ੍ਹੀਆਂ, ਜੁਆਕ ਤੇ ਬੰਦੇ। ਉਹ 'ਸਮਾਨ ਕੰਨੀ ਫੈਰ ਕਰਦਾ ਸੀ। ਮੈਂ ਅੱਖੀਂ ਦੇਖਿਆ, ਇਹ ਨਜ਼ਾਰਾ।
144
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ