ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਨੇ ਸ਼ਮਸ਼ੇਰ ਸਿਉਂ ਨੂੰ ਇੱਕ ਥਮਲੇ ਨਾਲ ਨੂੜ 'ਤਾ। ਮੂੰਹ 'ਚ ਕੱਪੜਾ ਥੁੰਨ 'ਤਾ। ਛੋਟੀ ਬਹੂ ਨੂੰ ਰੋਟੀ ਟੁੱਕ ਆਲੇ ਕੋਠੜੇ 'ਚ ਬੰਦ ਕਰ ਤਾ ਬਾਹਰੋ ਕੁੰਡਾ ਠੋਕ 'ਤਾ। ਪਤਾ ਹੋਊਗਾ, ਬਈ ਕੁੰਜੀਆਂ ਵੱਡੀ ਬਹੂ ਕੋਲ ਨੇ। ਪਹਿਲਾਂ ਤਾਂ ਉਨ੍ਹਾਂ ਨੇ ਉਹ ਦਾ ਮੂੰਹ ਕੁੱਟਿਆ ਰਖੜਿਆਂ ਨਾਲ, ਫੇਰ ਘਸੁੰਨ ਮੁੱਕੀ ਕੀਤੀ, ਵੱਡੀ ਬਹੁ ਮੰਨੇ ਈ ਨਾ। ਉਨ੍ਹਾਂ ਨੇ ਉਹ ਦੇ ਕੱਪੜੇ ਪਾੜ 'ਤੇ। ਅਲਫ਼ ਨੰਗੀ ਕਰ ਲਿਆ। ਬੰਦੂਖ਼ ਦਾ ਗਜ ਕੱਢ ਕੇ ਡਾਕੂ ਕਹਿੰਦਾ-"ਦੇ ਦੇ ਕੁੰਜੀਆਂ, ਨਹੀਂ ਤਾਂ ਬੁਰੀ ਹਾਲਤ ਕਰੂੰ ਤੇਰੀ।" ਉਹ ਨੇ ਕੁੰਜੀਆਂ ਦੇ 'ਤੀਆਂ। ਬੰਦੂਖ਼ ਆਲਾ ਵੱਡੀ ਬਹੂ ਕੰਨੀ ਨਾਲ਼ ਸਿੰਨ੍ਹੀ ਖੜ੍ਹਾ ਰਿਹਾ, ਦੂਜੇ ਦੋ ਬੰਦਿਆਂ ਨੇ ਵੱਡੀ ਬਹੂ ਦੇ ਦੱਸਣ ਮੂਜਬ ਅਲਮਾਰੀਆਂ ਦੇ ਸੰਦੂਕ ਟਰੰਕ ਖੋਲ੍ਹ ਕੇ ਟੂਮ ਟੱਲਾ ਸਭ ਕੱਢ ਲਿਆ। ਫੇਰ ਗੰਡਾਸੇ ਆਲੇ ਨੇ ਗੰਡਾਸਾ 'ਤਾਹ ਉਲਾਰਿਆ। ਉਹ ਵੱਡੀ ਬਹੂ ਸਾਹਮਣੇ ਕੋਈ ਜਮਦੂਤ ਬਣਿਆ ਖੜ੍ਹਾ ਸੀ। ਜਿਵੇਂ ਗੰਡਾਸਾ ਸਿਰ 'ਚ ਮਾਰ ਕੇ ਸਿਰ ਦੀਆਂ ਦੋ ਫਾੜਾਂ ਕਰ ਦੇਣੀਆਂ ਹੋਣ। ਉਹ ਕੜਕਿਆ-"ਗਾਗਰਾਂ ਦੱਸ ਕਿੱਥੇ ਦੱਬੀਆਂ ਨੇ?"

ਵੱਡੀ ਬਹੂ ਪਹਿਲਾਂ ਈ ਸਹਿਮੀ ਖੜ੍ਹੀ ਸੀ, ਜਿਵੇਂ ਸ਼ਿਕਾਰੀਆਂ ਨੇ ਹਿਰਨੀ ਘੇਰ 'ਲੀ ਹੋਵੇ।ਉਹਨੇ ਉੱਖਲੀ ਕੰਨੀ ਉਂਗਲ ਕਰ 'ਤੀ। ਡਾਕੂਆਂ ਨੇ ਕਹੀ ਲੈ ਕੇ ਉੱਖਲੀ ਉਖੇੜ 'ਲੀ। ਥੱਲਿਓਂ ਦੋ ਗਾਗਰਾਂ ਨਿਕਲੀਆਂ, ਚਾਂਦੀ ਦੇ ਰੁਪਈਏ। ਗੰਡਾਸੇ ਆਲੇ ਨੇ ਦੋੜਾ ਲੈ ਕੇ ਸਾਰੇ ਰੁਪਈਆਂ ਦੀ ਪੰਡ ਬੰਨ੍ਹ 'ਲੀ ਤੇ ਸਿਰ 'ਤੇ ਧਰ 'ਲੀ।

ਇਹ ਸਾਰਾ ਕਾਰਾ ਘੰਟਾ ਹੁੰਦਾ ਰਿਹਾ ਹੋਊ। ਉਹ ਹਵੇਲਿਓਂ ਬਾਹਰ ਹੋਏ ਤਾਂ ਲੋਕ ਮਗਰ ਲੱਗ ਲੈ। ਗੰਡਾਸੇ ਆਲਾ ਸਿਰ ਉਤਲੀ ਪੰਡ 'ਚੋਂ ਰੁਪਈਆਂ ਦੀ ਮੁੱਠੀ ਭਰ ਕੇ ਲੋਕਾਂ ਕੰਨੀ ਸਿੱਟ ਦਿਆ ਕਰੇ। ਲੋਕਾਂ ਨੇ ਉਹ ਰੁਪਈਆਂ ਨੂੰ ਨ੍ਹੀ ਦੇਖਿਆ। ਉਹ ਤਾਂ ਡਾਕੂਆਂ ਨੂੰ ਘੇਰਨਾ ਚਾਹੁੰਦੇ ਸੀ। ਡਾਕੂਆਂ ਨੇ ਪੰਜ ਸੱਤ ਹਵਾਈ ਫੈਰ ਕੀਤੇ। ਆਖ਼ਰ ਐਵੇਂ ਜਿਵੇਂ ਉਹ ਪਿੰਡੋਂ ਨਿਕਲ ਗਏ। ਭੱਜਣ ਲੱਗੇ।

ਮੋਦਨ ਸੂੰ ਨੰਬਰਦਾਰ ਬੜਾ ਦਲੇਰ ਬੰਦਾ ਸੀ। ਪਿੰਡ 'ਚ ਡਾਕੂ ਵੜੇ ਸੁਣ ਕੇ ਉਹ ਨੇ ਸਾਰੇ ਲਸੰਸੀਏ 'ਕੋਠੇ ਕਰ 'ਲੇ। ਹੋਣਗੀਆਂ ਦਸ ਬਾਰਾਂ ਬੰਦੂਖਾਂ ਪਿੰਡ 'ਚ। ਮੁਨਸ਼ੀ ਤਖ਼ਾਣ ਨੇ ਉਸ ਦਿਨ ਬੜਾ ਕੰਮ ਕੀਤਾ। ਤਿੰਨ ਡਾਕੂ ਥਾਂ ਦੀ ਥਾਂ ਸਿੱਟ 'ਲੇ। ਮਾਰ ਤੇ। ਗੰਡਾਸੇ ਆਲੇ ਦੀ ਖੁੱਚ 'ਚ ਮਾਰੀ ਗੋਲੀ। ਜਾਨੋਂ ਨ੍ਹੀ ਮਾਰਿਆ ਉਹੋ। ਮੋਦਨ ਕਹਿੰਦਾ-ਇਹ ਨੂੰ ਰੱਖ ਲੋ। ਇਹ ਤੋਂ ਅਖੇ ਬਿਆਨ ਲਵਾਂਗੇ। ਕੁੱਲ ਟੂੰਮਾਂ ਤੇ ਰੁਪਈਆਂ ਦੀ ਪੰਡ ਸ਼ਮਸ਼ੇਰ ਸੂੰ ਦੀ ਹਵੇਲੀ ਪਹੁੰਚ 'ਗੀ। ਵੀਹੀਆਂ 'ਚ ਡਿੱਗੇ ਰੁਪਈਏ ਲੋਕਾਂ ਨੇ ਚੁਗੇ ਤੇ ਹਵੇਲੀ ਲਿਆ ਫੜਾਏ।

ਸਮਝ ਨ੍ਹੀ ਆਉਂਦੀ, ਉਹ ਪਿੰਡ ਐ, ਹੁਣ ਕੀ ਮੌਤ ਪੈ 'ਗੀ ਪਿੰਡ ਨੂੰ। ਜਮ੍ਹਾਂ ਈ ਮੋੜ੍ਹੀ ਪੁੱਟੀ ਗਈ ਪਿੰਡ ਦੀ। ਐਨਾ ਕਿਉਂ ਡਰ ਗਿਆ ਪਿੰਡ?

ਪਿੰਡ ਤਾਂ ਕੁਸ਼ ਕਰ ਨਾ ਸਕਿਆ, ਸੁਣਿਐ ਉਨ੍ਹਾਂ ਪੰਜਾਂ 'ਚੋਂ ਤਿੰਨ ਜਣੇ ਗਾਹਾਂ ਜਾ ਕੇ ਕਿਸੇ ਪਿੰਡ ਮਾਰ 'ਤੇ। ਕਿਸੇ ਦੇ ਖੇਤ, ਅਖੇ ਮੋਟਰ ਆਲੇ ਕਮਰੇ 'ਚ ਸੁੱਤੇ ਹੋਏ ਸੀ ਉਹੋ। ਪੁਲਸ ਜਾਂ ਸੀ. ਆਰ. ਪੀ. ਦੇ ਹੱਥ ਨ੍ਹੀ ਲੱਗੇ ਉਹੋ, ਹੋਰ ਕਿਸੇ ਨੇ ਈ ਮਾਰ 'ਤੇ।

ਕੀ ਜਾਣੀਏ ਭਾਈ, ਏਸ ਪਿੰਡ ਜਿੰਨ੍ਹਾਂ ਨੇ ਲੁੱਟ ਮਾਰ ਕੀਤੀ, ਉਹ ਕੌਣ ਸੀ ਤੇ ਜਿਨ੍ਹਾਂ ਨੇ ਗਾਹਾਂ ਉਨ੍ਹਾਂ ਨੂੰ ਮਾਰ 'ਤਾ, ਉਹ ਕੌਣ ਸੀ? ਖ਼ੈਰ ਉਨ੍ਹਾਂ ਦੀ ਛੱਡੋ ... ਮੈਨੂੰ ਤਾਂ ਪਿੰਡ ਦੀ ਠੀਕਰੀ 'ਤੇ ਹਰਖ਼ ਆਉਂਦੈ, ਬਈ...। ♦

ਗਜ਼ਬ ਸਾਈਂ ਦਾ

145