ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/146

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਹ ਤਿੰਨ

ਉਸ ਦਿਨ ਸ਼ਹਿਰ ਦੇ ਬੱਸ ਸਟੈਂਡ 'ਤੇ ਮੈਂ ਤੇ ਜਗਦੇਵ ਚਾਣਚੱਕ ਹੀ ਇਕੱਠੇ ਹੋ ਗਏ। ਕਈ ਮਹੀਨਿਆਂ ਬਾਅਦ ਮਿਲੇ ਸਾਂ। ਉਹ ਦੀ ਦਾੜ੍ਹੀ ਵਿਚ ਚਿੱਟੇ ਵਾਲ ਦਿਸਣ ਲੱਗੇ ਸਨ। ਮੈਂ ਚਾਹੇ ਉਹਦੇ ਹਾਣ ਦਾ ਹੀ ਸੀ, ਪਰ ਮੇਰੀ ਦਾੜ੍ਹੀ ਅੱਧੋਂ ਵੱਧ ਬੱਗੀ ਹੋਈ ਪਈ ਸੀ। ਉਹ ਮੈਨੂੰ ਹੱਸਣ ਲੱਗਿਆ-'ਬੁੜ੍ਹਾ ਜ੍ਹਾ ਹੋਈ ਜਾਨੈਂ, ਕੁਛ ਕਰ ਲਿਆ ਕਰ।'

ਮੈਂ ਜਵਾਬ ਦਿੱਤਾ-'ਇਹ ਧੌਲੇ ਤਾਂ ਇੱਕ ਦਿਨ ਆਉਣੇ ਈ ਸੀ, ਬੰਦੇ ਦਾ ਦਿਲ ਜੁਆਨ ਚਾਹੀਦੈ।'

'ਓਏ, ਇਹ ਤਾਂ ਠੀਕ ਐ, ਪਰ ਦੇਖਣ 'ਚ ਵੀ ਜੁਆਨ ਜ੍ਹਾ ਰਹਿਣਾ ਚਾਹੀਦੈ।'

'ਦੇਖਣ ਨੂੰ ਆਪਾਂ ਵੀ ਕਿਹੜਾ ਹੁਣ...'

'ਉਹ ਤਾਂ ਪਹਿਲਾਂ ਵੀ ਕਿੱਥੇ ਸੀ।'

'ਇਹ ਕੰਮ ਤਾਂ ਆਪਾਂ ਤੈਨੂੰ ਈ ਦਿੱਤਾ ਹੋਇਐ, ਕੀ ਹਾਲ ਐ ਉਹਦਾ? ਹੁਣ ਵੀ ਮਿਲਦੀ ਰਹਿੰਦੀ ਐ?' ਮੈਂ ਪੁੱਛਿਆ।

ਉਹਦੀਆਂ ਅੱਖਾਂ ਪਾਸਾ ਵੱਟ ਗਈਆਂ। ਚਿਹਰਾ ਬੇਹੇ ਪੱਤੇ ਜਿਹਾ ਬਣ ਗਿਆ। ਮੈਂ ਫੇਰ ਬੋਲ ਪਿਆ-'ਬੱਸ ਖ਼ਤਮ?'

ਉਹਨੇ ਧੀਮੀ ਆਵਾਜ਼ ਵਿਚ ਦੱਸਿਆ- 'ਨਹੀਂ, ਖ਼ਤਮ ਤਾਂ ਨ੍ਹੀ। ਪਰ ਗੱਲ ਉਹ ਨ੍ਹੀ ਰਹੀ।ਉਹ ਦਾ ਵਿਆਹ ਹੋ ਗਿਆ ਸੀ।'

'ਫੇਰ ਤਾਂ ਬਈ ਤੈਨੂੰ ਵੀ ਸੋਚਣਾ ਚਾਹੀਦੈ। ਹੁਣ ਉਹ ਦੀ ਵੀ ਇੱਕ ਜ਼ਿੰਦਗੀ ਐ। ਉਹ ਨੂੰ ਆਪਣੇ ਰਾਹ 'ਤੇ ਤੁਰਨ ਦੇਹ। ਜਿੰਨਾ ਚਿਰ ਕੁਆਰੀ ਸੀ, ਹੋਰ ਗੱਲ ਸੀ।' ਮੈਂ ਉਹ ਨੂੰ ਮੱਤਾਂ ਦੇਣ ਲੱਗ ਪਿਆ।

'ਨਹੀਂ, ਮੈਂ ਤਾਂ ਕੋਈ ਖਹਿੜਾ ਨ੍ਹੀ ਕਰਦਾ ਉਹਦਾ। ਕਦੇ ਕਦੇ ਮਿਲਦੇ ਆਂ। ਪਰ ਉਹ ਗੱਲ ਨ੍ਹੀ। ਉਹ ਜਦੋਂ ਮਜਬੂਰੀਆਂ ਦੀ ਗਿਣਤੀ ਜ੍ਹੀ ਕਰਨ ਲੱਗ ਪੈਂਦੀ ਐ, ਮੈਨੂੰ ਆਪਣੇ ਆਪ 'ਤੇ ਖਿੱਝ ਚੜ੍ਹਦੀ ਐ।'

"ਤੂੰ ਮਿਲਣਾ ਛੱਡ ਦੇਹ ਉਹ ਨੂੰ।' ਮੈਂ ਫਿਰ ਮੱਤ ਦਿੱਤੀ।

'ਸਾਲਾ ਇਹ ਛੱਡਿਆ ਵੀ ਨ੍ਹੀ ਜਾਂਦਾ। ਕੀ ਕਰੀਏ ਯਾਰ?' ਉਹ ਦੀ ਦੁਚਿੱਤੀ ਨੂੰ ਵੱਟ ਚੜ੍ਹ ਰਿਹਾ ਸੀ।

ਸ਼ੰਕੁਤਲਾ ਦੀ ਮਾਂ ਇੱਕ ਪ੍ਰਾਈਵੇਟ ਕਲੀਨਿਕ ਵਿਚ ਨਰਸ ਸੀ ਤੇ ਜਗਦੇਵ ਤੇ ਗੁਆਂਢ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੁੰਦੀ। ਸ਼ੰਕੁਤਲਾ ਦਾ ਬਾਪ ਫ਼ੌਜ ਵਿਚ ਸੀ।

146
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ