ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਬੱਸ ਨੇ ਛੇ ਵਜੇ ਸ਼ਾਮ ਤੱਮ ਆਪਣੇ ਅੱਡੇ 'ਤੇ ਪਹੁੰਚ ਜਾਣਾ ਹੁੰਦਾ ਸੀ। ਕਿੰਨਾ ਸਹਿਮ ਸਵਾਰ ਹੋ ਗਿਆ ਸੀ, ਜ਼ਿੰਦਗੀ ਦੀ ਰਫ਼ਤਾਰ 'ਤੇ। ਸਹਿਮ ਦੀ ਸੀਮਾ ਕਿੱਥੇ ਤੱਕ ਪਹੁੰਚ ਚੁੱਕੀ ਸੀ ਕਿ ਬੱਸ ਦੀਆਂ ਸਵਾਰੀਆਂ ਮੌਜੂਦਾ ਹਾਲਾਤ 'ਤੇ ਕੋਈ ਟਿੱਪਣੀ ਕਰਦੀਆਂ। ਹੋਰ ਗੱਲਾਂ ਕਰਕੇ ਲੋਕ ਜਿਵੇਂ ਇਸ ਸਹਿਮ ਨੂੰ ਭੁੱਲਣਾ ਚਾਹੁੰਦੇ ਹੋਣ।

ਘਰ ਪਹੁੰਚੇ ਤਾਂ ਮਾਸੀ ਦੀ ਨੂੰਹ ਦਾਲ ਧਰਨ ਲਈ ਸਾਬਤ ਮੂੰਗੀ ਵਿਚੋਂ ਰੋੜ ਚੁਗ ਰਹੀ ਸੀ। ਮਾਸੀ ਘਰ ਨਹੀਂ ਸੀ। ਮਾਸੜ ਮੇਰਾ ਮਰ ਚੁੱਕਿਆ ਸੀ। ਮਾਸੀ ਦਾ ਇੱਕੋ ਮੁੰਡਾ ਸੀ। ਮੁੰਡੇ ਦੇ ਅਗਾਂਹ ਜੁਆਕ ਸਨ। ਮਾਸੀ ਦੀ ਦੇਹ ਤਕੜੀ ਸੀ। ਭਾਬੀ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹ ਮੈਨੂੰ ਸਾਡੇ ਜੁਆਕਾਂ ਦੀ ਸੁੱਖ ਸਾਂਦ ਪੁੱਛਣ ਲੱਗੀ। ਉਹ ਨੇ ਮਾਸੀ ਬਾਰੇ ਦੱਸਿਆ ਕਿ ਉਹ ਅਗਵਾੜ ਵਿਚ ਹੀ ਕਿਸੇ ਦੇ ਘਰ ਗਈ ਹੋਈ ਸੀ।

ਜਗਦੇਵ ਨੇ ਜਗਦੀਸ਼ ਨੂੰ ਤੇ ਮੈਨੂੰ ਬੈਠਕ ਵੱਲ ਇਸ਼ਾਰਾ ਕਰ ਦਿੱਤਾ ਸੀ। ਉਹਨਾਂ ਨੇ ਬਾਰ ਖੋਲ੍ਹਿਆ ਤੇ ਅੰਦਰ ਮੰਜੇ 'ਤੇ ਜਾ ਬੈਠੇ। ਉਨ੍ਹਾਂ ਨੂੰ ਪਾਣੀ ਪਿਆ ਕੇ ਜੱਗ ਗਲਾਸ ਮੈਂ ਰਸੋਈ ਵਿਚ ਵਾਪਸ ਰੱਖਣ ਗਿਆ ਤਾਂ ਭਾਬੀ ਚੁੱਲ੍ਹੇ 'ਚ ਅੱਗ ਬਾਲ ਰਹੀ ਸੀ। ਉਹ ਨੇ ਪਤੀਲੇ ਵਿਚ ਪਾਣੀ ਪਾਇਆ ਤਾਂ ਮੈਂ ਸਮਝ ਗਿਆ ਕਿ ਉਹ ਚਾਹ ਬਣਾ ਰਹੀ ਹੈ। ਪਰ ਉਹਦੇ ਮਨ ਵਿਚ ਪਤਾ ਨਹੀਂ ਕੀ ਆਇਆ, ਪੁੱਛਣ ਲੱਗੀ, 'ਪੰਮੀ, ਦੁੱਧ ਈ ਨਾ ਲਾਹ ਦਿਆਂ, ਤੌੜੀ ਦਾ ਕਿ ਚਾਹ ਧਰਾਂ?'

'ਚੱਲ ਭਾਬੀ, ਦੁੱਧ ਠੀਕ ਐ। ਕਿੱਥੇ ਚਾਹ ਬਣਾਉਂਦੀ ਫਿਰੇਂਗੀ।' ਤੇ ਫੇਰ ਮੈਂ ਕਿਹਾ-'ਦਾਲ ਕਰਾਰੀ ਜ੍ਹੀ ਬਣਾਈਂ।'

ਉਹ ਕਹਿੰਦੀ- 'ਦਾਲ ਨ੍ਹੀ ਖਾਣੀ ਤਾਂ ਆਲੂ ਬਣਾ ਦਿਆਂ?'

'ਨਾਂਹ, ਦਾਲ ਵਧੀਆ ਰਹੂ। ਤੜਕਾ ਤੁੜਕਾ ਚੰਗੂ ਲਾਈਂ।' ਮੈਂ ਕਿਹਾ ਤੇ ਫੇਰ ਪੁੱਛਿਆ, 'ਬਾਈ ਖੇਤੋਂ ਆਇਆ ਨ੍ਹੀ ਹਾਲੇ?'

'ਉਹ ਅੱਜ ਲੌਣੇ ਗਿਆ ਹੋਇਐ। ਜੇ ਈ ਮੁੜੇ।' ਉਹਨੇ ਦੱਸਿਆ।

ਦੁੱਧ ਪੀ ਕੇ ਅਸੀਂ ਤਿੰਨਾਂ ਨੇ ਤੱਤੇ ਪਾਣੀ ਨਾਲ ਹੱਥ ਮੂੰਹ ਧੋ ਲਿਆ। ਦਿਨ ਛਿਪ ਗਿਆ ਸੀ। ਮਾਈ ਸੋਟੀ ਖੜਕਾਉਂਦੀ ਘਰ ਆ ਗਈ ਸੀ। ਮੇਰੇ ਬਾਰੇ ਭਾਬੀ ਤੋਂ ਸੁਣਿਆ ਤਾਂ ਸਿੱਧੀ ਬੈਠਕ ਵਿਚ ਆਈ। ਮੈਂ ਉਹਨੂੰ ਮੱਥਾ ਟੇਕਿਆ। ਉਹਨੇ ਮੇਰਾ ਸਿਰ ਆਪਣੇ ਕਾਲਜੇ ਨਾਲ ਲਾ ਲਿਆ।

'ਹੁਣ ਤਾਂ ਹਾਰ 'ਗੀ ਪਰਾਨੀ ਪੁੱਤ ਵੇ। ਹਾਏ... ਕੋਈ ਦਿਨ ਦਾ ਚਿੰਤਕਾਰੈ, ਪਰਮਜੀਤ ਭਾਈ।' ਉਹ ਦਾ ਬੋਲ ਹੰਝੂਆਂ ਵਿਚ ਭਿੱਜਿਆ ਹੋਇਆ ਸੀ। ਫੇਰ ਉਹ ਨੇ ਪੁੱਛਿਆ, 'ਇਹ ਤੇਰੇ ਨਾਲ ਕੌਣ ਨੇ ਮੁੰਡੇ?'

ਮੈਂ ਦੱਸਿਆ, ਦੁੱਧ ਪੀ ਲਿਆ, ਮਾਸੀ, ਹੁਣ ਦਾਰੂ ਪੀਵਾਂਗੇ।'

'ਕਰਨੈਲ ਤਾਂ ਜਾਣੋ ਅੱਜ ਪਾਸੇ ਗਿਆ ਹੋਇਐ। ਉਹ ਹੁੰਦਾ ਤਾਂ ...' ਮਾਸੀ ਦਾਰੂ ਦਾ ਫ਼ਿਕਰ ਕਰਨ ਲੱਗੀ। ਪੁਛਿਆ, 'ਕਿਵੇਂ ਕਰੋਂਗੇ ਫੇਰ?'

'ਨਹੀਂ ਮਾਸੀ, ਅਸੀਂ ਸ਼ਹਿਰੋਂ ਈ ਲੈ ਕੇ ਆਏ ਆਂ।'

ਉਹ ਕਹਿੰਦੀ, 'ਚੰਗਾ ਭਾਈ ਫੇਰ ਤਾਂ। ਏਸ ਪਿੰਡ ਤਾਂ ਠੇਕਾ ਵੀ ਹੈ ਨ੍ਹੀ ਹੁਣ ਕਰਨੈਲ ਹੁੰਦਾ ਤਾਂ ਝੱਟ ਦੇ ਕੇ...'

ਉਹ ਤਿੰਨ

149