'ਨਹੀਂ ਮਾਸੀ, ਠੀਕ ਐ ਬੱਸ।' ਮੈਂ ਕਿਹਾ।
ਦੋ ਮੰਜਿਆਂ ਵਿਚਕਾਰ ਲੰਮਾ ਮੇਜ਼ ਰੱਖ ਕੇ ਅਸੀਂ ਪੀਣ ਲੱਗੇ। ਜਗਦੇਵ ਦੀ ਗੰਭੀਰਤਾ ਖੁੱਲ੍ਹਣ ਲੱਗੀ ਸੀ। ਜਗਦੀਸ਼ ਨੇ ਬੋਲਣਾ ਘੱਟ ਕਰ ਦਿੱਤਾ। ਜਿਵੇਂ ਉਹ ਸਹਿਜ ਹੋ ਗਿਆ ਹੋਵੇ।
ਪਹਿਲਾਂ ਅਸੀਂ ਰੇਡੀਓ ਦੇ ਪ੍ਰਦੇਸ਼ਕ ਸਮਾਚਾਰ ਸੁਣੇ ਤੇ ਫੇਰ ਟੈਲੀਵਿਜ਼ਨ ਤੋਂ ਪੰਜਾਬੀ ਖ਼ਬਰਾਂ ਵੀ। ਲਗਭਗ ਓਹੀ ਖ਼ਬਰਾਂ ਸਨ। ਸੱਤ ਖਾੜਕੂ ਮਾਰ ਦਿੱਤੇ ਗਏ ਸਨ। ਖਾੜਕੂਆਂ ਨੇ ਇੱਕੋ ਪਰਿਵਾਰ ਦੇ ਪੰਜ ਜੀਅ ਮਾਰੇ ਸਨ। ਇੱਕ ਥਾਂ ਇੱਕੋ ਫਿਰਕੇ ਦੇ ਨੌਂ ਆਦਮੀ ਮਰੇ ਸਨ। ਹੋਰ ਵਾਰਦਾਤਾਂ ਵੀ ਸਨ। ਦੋ ਪੁਲਸੀਏ ਮਾਰੇ ਗਏ। ਓਸ ਦਿਨ ਪਿਛਲੇ ਚੌਵੀ ਘੰਟਿਆਂ ਦੌਰਾਨ ਸਤਾਈ ਕਤਲ ਹੋਏ।
'ਕਮਾਲ ਐ, ਯਾਰ, ਸਤਾਈ ਬੰਦੇ ਖ਼ਤਮ ਹੋਗੇ।' ਮੇਰੀ ਉਂਗਲ ਮੱਥੇ 'ਤੇ ਚਲੀ ਗਈ।
'ਐਨਾ ਕੁ ਤਾਂ ਨਿੱਤ ਈ ਹੁੰਦੈ, ਇਹ ਤਾਂ ਨਿੱਤ ਨੇਮ ਹੋ ਗਿਆ ਪੰਜਾਬ ਦਾ।' ਜਗਦੀਸ਼ ਲਈ ਇਹ ਆਮ ਖ਼ਬਰ ਸੀ।
'ਇਹ ਸਿਲਸਿਲਾ ਖ਼ਤਮ ਕਦੋਂ ਹੋਊ ਯਾਰ?' ਮੈਂ ਝੋਰਾ ਕੀਤਾ।
'ਰੱਬ ਜਾਣਦੈ, ਭਾਈ ਕੀ ਪਤੈ?' ਜਗਦੇਵ ਵੀ ਚਿੰਤਾ ਵਿਚ ਉਤਰ ਗਿਆ। ਫੇਰ ਕਹਿੰਦਾ-'ਦਿੱਲੀ ਦੀ ਬਾਣੀਆਂ ਸਰਕਾਰ ਚਾਹੁੰਦੀ ਐ, ਇਹ ਚੱਕਰ ਏਵੇਂ ਈ ਚੰਦਾ ਰਹੇ ਤੇ ਇੱਕ ਦਿਨ ਸਾਰਾ ਪੰਜਾਬ ਖ਼ਤਮ ਹੋ ਜਾਵੇ।'
'ਬਾਣੀਏ ਤੋਂ ਤੇਰਾ ਮਤਲਬ?' ਜਗਦੀਸ਼ ਤਿੱਖਾ ਬੋਲ ਕੱਢ ਕੇ ਜਗਦੇਵ ਵੱਲ ਝਾਕਿਆ।
'ਓਏ, ਬਾਣੀਏ ਦਾ ਮਤਲਬ ਬਾਣੀਏ ਦੀ ਜਾਤ ਤੋਂ ਨ੍ਹੀ, ਸਰਮਾਏਦਾਰ ਜਮਾਤ ਤੋਂ ਐਂ ਇਹਦਾ ਮਤਲਬ।' ਮੈਂ ਉਹਨੂੰ ਸਮਝਾਇਆ।
ਪਰ ਉਹ ਜਗਦੇਵ ਵੱਲ ਕੌੜਾ ਕੌੜਾ ਝਾਕ ਰਿਹਾ ਸੀ। ਫੇਰ ਆਪ ਹੀ ਬੋਲਿਆ-'ਇਹ ਸਾਲੀਆਂ ਜਾਤਾਂ ਜੂਤਾਂ ਜ੍ਹੀਆਂ ਖ਼ਤਮ ਹੋਣੀਆਂ ਚਾਹੀਦੀਆਂ ਨੇ।'
ਦੇਖੋ, ਕਦੋਂ ਖ਼ਤਮ ਹੋਣੀਆਂ ਚਾਹੀਦੀਆਂ ਨੇ।'
'ਦੇਖੋ, ਕਦੋਂ ਖ਼ਤਮ ਹੋਣਗੀਆਂ।' ਜਗਦੇਵ ਨੇ ਕਿਹਾ।
ਬੋਤਲ ਅਸੀਂ ਖ਼ਤਮ ਕਰ ਲਈ ਖ਼ਾਸਾ ਹਨੇਰਾ ਹੋ ਗਿਆ ਸੀ। ਮਾਸੀ ਦੋ ਵਾਰ ਪੁੱਛ ਗਈ ਸੀ-'ਭਾਈ, ਰੋਟੀ ਖਾ ਲੈ ਹੁਣ, ਪਰਮਜੀਤ?'
'ਬੱਸ ਮਾਸੀ ਖਾਨੇ ਆਂ। ਤੂੰ ਪੈ ਜਾ। ਭਾਬੀ ਨੂੰ ਆਖ, ਪਕਾ ਕੇ ਰੱਖ ਦੇਹ ਸਾਡੀਆਂ। ਮੈਂ ਆਪੇ ਚੁੱਕ ਲਿਆਊਂ ਰਸੋਈ 'ਚੋ।' ਮੈਂ ਆਖਦਾ।
ਰੋਟੀ ਖਾ ਲਈ।
ਬੈਠਕ ਵਿਚ ਚਾਰੇ ਮੰਜੇ ਸਨ। ਤਿੰਨ ਅਸੀਂ ਵਿਛਾ ਲਏ। ਗੱਲਾਂ ਕਰਦੇ ਅਸੀਂ ਸੌਣ ਲੱਗੇ। ਮੈਂ ਕੱਲ੍ਹ ਦਾ ਥੱਕਿਆ ਹੋਇਆ ਸੀ। ਉਹ ਦੋਵੇਂ ਗੱਲਾਂ ਕਰ ਰਹੇ ਸਨ। ਕਦੇ ਕਦੇ ਤਲਖ਼ ਹੋ ਪੈਂਦੇ ਤੇ ਉੱਚਾ ਬੋਲਣ ਲੱਗਦੇ। ਕੋਈ ਜਣਾ ਮੈਨੂੰ ਸੁਣਾ ਕੇ ਗੱਲ ਕਰਦਾ ਤਾਂ ਮੈਂ ਹੁੰਗਾਰਾ ਭਰ ਦਿੰਦਾ। ਕਦੇ ਚੁੱਪ ਰਹਿੰਦਾ। ਮੇਰੀਆਂ ਪਲਕਾਂ ਬੋਝਲ ਹੋ ਰਹੀਆਂ ਸਨ।