ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/153

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਕੁੜੀ ਤੇ ਕਵੀ

ਉਸ ਕੁੜੀ ਦਾ ਚਿਹਰਾ ਭਰਵਾਂ ਸੀ। ਮੋਟੀਆਂ ਮੋਟੀਆਂ ਅੱਖਾਂ ਤੇ ਦੰਦ ਚਿੱਟੇ ਚਿੱਟੇ। ਕਾਲੀ ਕਸ਼ਮੀਰੀ ਕਮੀਜ਼ ਤੇ ਖੱਟੀ ਘੁੱਟਵੀਂ ਪਜਾਮੀ ਵਿਚ ਉਹਦਾ ਗੋਰਾ ਗਜਰੈਲਾ ਰੰਗ ਬਣ ਬਣ ਉੱਠਦਾ ਸੀ। ਉਹ ਆਪਣੀ ਮਾਂ ਨੂੰ ਨਾਲ ਲੈ ਕੇ ਆਈ ਸੀ ਤੇ ਆਉਣ ਸਾਰ ਬਿਨਾਂ ਝਿਜਕ ਲਾਇਬ੍ਰੇਰੀਅਨ ਨਾਲ ਗੱਲਾਂ ਮਾਰਨ ਲੱਗ ਪਈ ਸੀ। ਚਾਰ ਕਿਤਾਬਾਂ ਉਸ ਨੇ ਮੋੜੀਆਂ ਤੇ ਛੀ ਹੋਰ ਕਿਤਾਬਾਂ ਦੀ ਲਿਸਟ ਉਸ ਨੂੰ ਦੇ ਦਿੱਤੀ। ਚਾਰ ਕਿਤਾਬਾਂ ਜਿਹੜੀਆਂ ਉਸ ਨੇ ਮੋੜੀਆਂ ਸਨ, ਫਟਾ ਫੱਟ ਉਨ੍ਹਾਂ 'ਤੇ ਵਿਚਾਰ ਉਗਲੱਛ ਦਿੱਤੇ।

'ਆਹ ਨਾਵਲ ਤਾਂ ਨਿਰਾ ਬਕਵਾਸ ਐ। ਚੰਗੇ ਭਲੇ ਆਦਮੀ ਦਾ ਸਿਰ ਦੁਖਣ ਲੱਗ ਜਾਂਦੈ, ਏਸ ਨੂੰ ਪੜ੍ਹਨ ਲੱਗੇ ਦਾ। ਨਾ ਕੋਈ ਫ਼ਿਕਰਾ ਸਹੀ ਤੇ ਨਾ ਕਹਾਣੀ ਦੀ ਲੜੀ ਜੁੜਦੀ ਐ।'

'ਤੇ ਐਸ ਨਾਵਲ ਦੀ ਮੁੱਖ ਪਾਤਰ ਬਹੁਤ ਬੇਵਕੂਫ਼ ਕੁੜੀ ਐ।

'ਤੇ ਆਹ ਕਹਾਣੀਆਂ ਦੀ ਕਿਤਾਬ ਜਿਹੜੀ ਤੁਸੀਂ ਦਿੱਤੀ ਸੀ, ਇਹ ਦੀਆਂ ਚਾਰ ਪੰਜ ਕਹਾਣੀਆਂ ਤਾਂ 'ਬਹੁਤ ਹੀ' ਪਿਆਰੀਆਂ ਨੇ।'

'ਕਵਿਤਾ ਦੀ ਕਿਤਾਬ, ਆਹ ਤਾਂ ਐਵੇਂ ਕਿਸੇ ਨੇ ਸ਼ੁਗਲ ਕੀਤੈ। ਇਨ੍ਹਾਂ ਬੇਤੁਕੀਆਂ ਨੂੰ ਵੀ, ਦੇਖੋ, ਲੋਕ ਕਵਿਤਾ ਕਹਿੰਦੇ ਨੇ। ਸੁਪਰਫਲਿਉ।'

ਲਾਇਬ੍ਰੇਰੀਅਨ ਉਸ ਕੁੜੀ ਦੀ ਲਿਸਟ ਵਾਲੀਆਂ ਕਿਤਾਬਾਂ ਦੇ ਨੰਬਰ ਨੋਟ ਕਰਕੇ ਸ਼ੈਲਫਾਂ ਵੱਲ ਚਲਿਆ ਗਿਆ। ਕੁੜੀ ਵੱਡੇ ਮੇਜ਼ ਤੇ ਜਾ ਕੇ ਅਖ਼ਬਾਰ ਪੜ੍ਹਨ ਲੱਗ ਪਈ। ਉਸ ਦੀ ਮਾਂ ਉੱਥੇ ਹੀ ਕੁਰਸੀ 'ਤੇ ਬੈਠੀ ਚਿੱਟੇ ਰੁਮਾਲ ਨਾਲ ਆਪਣੀ ਐਨਕ ਸਾਫ਼ ਕਰਦੀ ਰਹੀ। ਕਮਲਿੰਦਰ ਨੂੰ ਥੋੜ੍ਹੀ ਜਿਹੀ ਖਿਝ ਆਈ। ਸੁੰਨੀਆਂ ਜਾਭਾਂ, ਕਾਲੀ ਪੱਗ, ਖੁੱਲ੍ਹੀ ਦਾੜ੍ਹੀ, ਲੰਮੇ ਕੋਟ ਤੇ ਚਿੱਟੇ ਕੁੜਤੇ ਪਜਾਮੇ ਵਾਲਾ ਲਾਇਬ੍ਰੇਰੀਅਨ ਕਮਲਿੰਦਰ ਦੀ ਗੱਲ ਸੁਣਦਾ ਵਿਚੇ ਛੱਡ ਗਿਆ ਸੀ ਤੇ ਉਸ ਕੁੜੀ ਦੇ ਕੰਮ ਵਿਚ ਰੁੱਝ ਗਿਆ ਸੀ। ਉਹ ਕੁੜੀ ਜੁ ਸੀ। ਕਮਲਿੰਦਰ ਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਓਥੇ ਬੈਠਾ ਹੀ ਨਹੀਂ ਹੁੰਦਾ। ਜਦ ਉਹ ਕੁੜੀ ਆਪਣੀ ਮਾਂ ਨਾਲ ਆ ਗਈ ਸੀ ਤਾਂ ਲਾਇਬ੍ਰੇਰੀਅਨ ਚੰਗਾ ਭਲਾ ਕਮਲਿੰਦਰ ਨਾਲ ਗੱਲਾਂ ਕਰਦਾ ਚੁੱਪ ਹੋ ਗਿਆ ਸੀ ਤੇ ਉਸ ਕੁੜੀ ਵੱਲ ਆਪਣਾ ਸਾਰੇ ਦਾ ਸਾਰਾ ਧਿਆਨ ਲੈ ਗਿਆ ਸੀ। ਕਮਲਿੰਦਰ ਦਾ ਜੀਅ ਕਰਦਾ ਸੀ ਕਿ ਉਹ ਉੱਥੋਂ ਉੱਠ ਕੇ ਚਲਿਆ ਜਾਵੇ।

ਇੱਕ ਕੁੜੀ ਤੇ ਕਵੀ

153