ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਮਲਿੰਦਰ ਇੱਕ ਕਵੀ ਸੀ। ਰਸਾਲਿਆਂ ਵਿਚ ਤਾਂ ਉਹ ਦੀਆਂ ਕਵਿਤਾਵਾਂ ਬਹੁਤ ਛਪਦੀਆਂ ਸਨ, ਪਰ ਕੋਈ ਪ੍ਰਕਾਸ਼ਕ ਉਹ ਦੀ ਕਿਤਾਬ ਨਹੀਂ ਸੀ ਛਾਪਦਾ। ਉਹ ਪੰਜਾਬੀ ਦੇ ਵੱਡੇ ਵੱਡੇ ਤੇ ਛੋਟੇ ਛੋਟੇ ਸਾਰੇ ਪ੍ਰਕਾਸ਼ਕਾਂ ਕੋਲ ਆਪਣੀ ਕਿਤਾਬ ਦਾ ਖਰੜਾ ਲੈ ਕੇ ਗਿਆ ਸੀ। ਹਰ ਪ੍ਰਕਾਸ਼ਕ ਇਹੀ ਰੋਣਾ ਰੋਂਦਾ ਸੀ ਕਿ ਕਿਤਾਬਾਂ ਛਾਪ ਤਾਂ ਲਈਦੀਆਂ ਹਨ, ਪਰ ਵਿਕਦੀਆਂ ਨਹੀਂ। ਪੰਜਾਬੀ ਵਿਚ ਲਿਖਾਰੀ ਬਹੁਤੇ ਨੇ ਤੇ ਪਾਠਕ ਘੱਟ। ਇੱਕ ਪ੍ਰਕਾਸ਼ਕ ਨੇ ਤਾਂ ਉਸ ਨੂੰ ਇੱਕ ਬਹੁਤ ਵਧੀਆ ਟੋਟਕਾ ਸੁਣਾਇਆ ਸੀ ਕਿ ਪੰਜਾਬੀ ਵਿਚ ਤਾਂ ਮੁੰਡਾ ਜਿਹੜਾ ਗਿਆਨੀ ਪਾਸ ਕਰ ਲਵੇ, ਲਿਖਾਰੀ ਬਣ ਜਾਂਦੈ ਤੇ ਹਰ ਮੁੰਡਾ ਜਿਹੜਾ ਐੱਮ. ਏ. ਕਰ ਲਵੇ, ਆਲੋਚਕ ਬਣ ਜਾਂਦੈ। ਇਸ ਕਿਸਮ ਦੇ ਲਿਖਾਰੀ ਤੇ ਆਲੋਚਕ ਪੰਜ ਪੰਜ ਦਸਤੇ ਕਾਗਜ਼ਾਂ ਦੇ ਖ਼ਰਾਬ ਕਰਕੇ ਕਿਤਾਬਾਂ ਛਾਪਣ ਦੇ ਸੁਪਨੇ ਲੈਂਦੇ ਰਹਿੰਦੇ ਐ। ਇਹ ਲੋਕ ਵੱਡੇ ਲੇਖਕਾਂ ਦੀਆਂ ਕਿਤਾਬਾਂ ਨੂੰ ਅਵਲੀ ਤਾਂ ਪੜ੍ਹਦੇ ਹੀ ਨਹੀਂ, ਜੇ ਪੜ੍ਹਦੇ ਨੇ ਤਾਂ ਲਾਇਬ੍ਰੇਰੀ ਵਿਚੋਂ ਲੈ ਕੇ, ਆਪ ਖ਼ਰੀਦ ਕੇ ਕਿਤਾਬ ਕਦੇ ਨਹੀਂ ਪੜ੍ਹਦੇ। ਪੰਜਾਬ ਦੇ ਬਹੁਤ ਘੱਟ ਲੇਖਕ ਹਨ, ਜਿਹੜੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਆਪ ਖਰੀਦ ਕੇ ਪੜ੍ਹਦੇ ਹੋਣ। ਜਦੋਂ ਲੇਖਕ ਆਪ ਹੀ ਪਾਠਕ ਨਹੀਂ ਤਾਂ ਸਧਾਰਨ ਬੰਦੇ ਕਿਵੇਂ ਪਾਠਕ ਬਣਨੇ ਹੋਏ।

ਕਈ ਪ੍ਰਕਾਸ਼ਕ ਉਸ ਦੀ ਕਿਤਾਬ ਛਾਪਣ ਲਈ ਤਿਆਰ ਤਾਂ ਸਨ, ਪਰ ਉਸ ਤੋਂ ਕਾਗਜ਼ ਤੇ ਜਿਲਦ ਦਾ ਖ਼ਰਚ ਮੰਗਦੇ ਸਨ। ਕਹਿੰਦੇ ਸਨ ਕਿ ਕਿਤਾਬ ਵਿਕਣ ਉਪਰੰਤ ਓਨੇ ਰੁਪਈਏ ਉਸ ਨੂੰ ਮੋੜ ਦੇਣਗੇ। ਕਮਲਿੰਦਰ ਨੂੰ ਇਹ ਗੱਲ ਜਚਦੀ ਨਹੀਂ ਸੀ। ਕਾਗਜ਼ ਤੇ ਜਿਲਦ ਦਾ ਖ਼ਰਚ ਜੇ ਪੱਲੇ ਤੋਂ ਦੇਣਾ ਹੈ ਤਾਂ ਬਾਕੀ ਰਹਿ ਕੀ ਗਿਆ। ਉਸ ਨੇ ਆਪਣੇ ਪੰਜ ਸੱਤ ਦੋਸਤਾਂ ਤੋਂ, ਜਿਹੜੇ ਉਸ ਦੇ ਬਹੁਤੇ ਸ਼ਰਧਾਲੂ ਸੀ, ਸੌ ਸੌ ਰੁਪਈਏ ਹੱਥ ਉਧਾਰ ਫੜਿਆ ਤੇ ਆਪਣੀ ਕਿਤਾਬ ਆਪ ਹੀ ਛਪਵਾ ਲਈ।

ਅੱਧੀਆਂ ਕਿਤਾਬਾਂ ਤਾਂ ਉਸ ਨੇ ਆਪਣੇ ਦਾਇਰੇ ਦੇ ਚਾਲੀ ਪੰਜਾਹ ਦੋਸਤਾਂ ਨੂੰ ਦਸ ਦਸ ਕਰਕੇ ਵੇਚਣ ਲਈ ਦੇ ਦਿੱਤੀਆਂ। ਕੁਝ ਕਿਤਾਬਾਂ ਲਈ ਪ੍ਰਕਾਸ਼ਕਾਂ ਨੂੰ ਅੱਧੀ ਕੀਮਤ 'ਤੇ ਦੇ ਦਿੱਤੀਆਂ। ਕਿਤਾਬ ਉਸ ਦੀ ਲਾਇਬ੍ਰੇਰੀਆਂ ਲਈ ਵੀ ਮਨਜ਼ੂਰ ਹੋ ਗਈ ਸੀ। ਰਹਿੰਦੀਆਂ ਕਿਤਾਬਾਂ ਨੂੰ ਹੁਣ ਉਹ ਆਪ ਹੀ ਸਕੂਲਾਂ, ਕਾਲਜਾਂ ਤੇ ਮਿਉਂਸਪਲ ਕਮੇਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਫਿਰ ਤੁਰ ਕੇ ਲਾ ਰਿਹਾ ਸੀ। ਓਦਣ ਉਹ ਉਥੋਂ ਦੀ ਮਿਉਂਸਪਲ ਕਮੇਟੀ ਦੀ ਲਾਇਬਰੇਰੀ ਵਿਚ ਕੁਝ ਕਿਤਾਬਾਂ ਦੇਣ ਆਇਆ ਸੀ।

ਅਜੀਬ ਚੱਕਰ ਹੈ, ਪਹਿਲਾਂ ਤਾਂ ਆਦਮੀ ਜਿਗਰ ਦਾ ਖੂਨ ਰਿੜਕ ਕੇ ਕਵਿਤਾ ਲਿਖੇ। ਫਿਰ ਆਪ ਹੀ ਕਿਤਾਬ ਛਾਪੇ ਤੇ ਲੋਹੜੇ ਦੀ ਗੱਲ ਕਿ ਛੱਜ ਘਾੜਿਆਂ ਦੇ ਛੱਜ ਵੇਚਣ ਵਾਂਗ ਫਿਰ ਆਪ ਹੀ ਉਸਨੂੰ ਵੇਚਦਾ ਫਿਰੇ।

ਕਮਲਿੰਦਰ ਦਸ ਬਾਰਾਂ ਸਾਲਾਂ ਤੋਂ ਕਵਿਤਾ ਲਿਖਦਾ ਸੀ। ਪੰਜਾਬੀ ਦੇ ਕਵਿਤਾ ਸਾਹਿਤ ਵਿਚ ਉਸ ਦੀ ਥਾਂ ਵੀ ਚੰਗੀ ਬਣ ਗਈ ਸੀ। ਰਸਾਲਿਆਂ ਵਿਚ ਉਹ ਆਮ ਛਪਦਾ ਸੀ। ਉਸ ਦੀ ਕਵਿਤਾ ਨੂੰ ਲੋਕ ਪੜ੍ਹਦੇ ਵੀ ਸ਼ੌਕ ਨਾਲ ਸਨ। ਉਹ ਗ਼ਜ਼ਲ ਲਿਖਦਾ ਸੀ। ਉਹ ਗੀਤ ਲਿਖਦਾ ਸੀ ਤੇ ਉਹ ਲੰਮੀਆਂ ਕਵਿਤਾਵਾਂ ਲਿਖਦਾ ਸੀ। ਕਿਤਾਬ ਛਪਣੀ ਤਾਂ ਇਕ ਪਾਸੇ, ਇੱਕ ਹੋਰ ਗੱਲ ਦਾ ਉਸ 'ਤੇ ਬੜਾ ਕਹਿਰ ਟੁੱਟਿਆ

154

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ