ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਸਿਰਜਣਾ ਹੀ ਪ੍ਰਸੰਸਾ ਮੰਗਦੀ ਹੈ, ਪਰ ਸਾਹਿਤ ਲਈ ਤਾਂ ਪ੍ਰਸੰਸਾ ਇਸ ਤਰ੍ਹਾਂ ਹੈ, ਜਿਵੇਂ ਕਿਸੇ ਬੂਟੇ ਲਈ ਧੁੱਪ ਤੇ ਪਾਣੀ। ਕਮਲਿੰਦਰ ਨੂੰ ਐਨੀ ਖੁਸ਼ੀ ਆਪਣੀ ਕਿਤਾਬ ਛਾਪ ਕੇ ਵੀ ਨਹੀਂ ਸੀ ਹੋਈ, ਜਿੰਨੀ ਖੁਸ਼ੀ ਅੱਜ ਉਸ ਨੂੰ ਉਸ ਕੁੜੀ ਦੇ ਮੂੰਹੋਂ ਉਸ ਦੀ ਗ਼ਜ਼ਲ ਨੂੰ ਐਨੀ ਵਾਰ ਪੇਸ਼ ਕੀਤੇ ਜਾਣਾ, ਸੁਣ ਕੇ ਹੋਈ ਸੀ। ਕੁੜੀ ਦੀਆਂ ਗੱਲਾਂ ਵਿਚ ਉਹ ਗਰਕ ਜਿਹਾ ਹੋ ਰਿਹਾ ਸੀ ਕਿ ਕੁੜੀ ਦੀ ਮਾਂ ਨੇ ਕੁਰਸੀ ਤੋਂ ਉੱਠ ਕੇ ਲਾਇਬ੍ਰੇਰੀਅਨ ਦੇ ਕੰਨ ਵਿਚ ਕੁਝ ਕਿਹਾ। ਲਾਇਬ੍ਰੇਰੀਅਨ ਨੇ ਗੱਲ ਦਾ ਰੁੱਖ਼ ਬਦਲਣ ਲਈ ਕਮਲਿੰਦਰ ਨੂੰ ਪੁੱਛਿਆ, 'ਤੁਹਾਡੀ ਕਿਤਾਬ ਦਾ ਮੁੱਲ ਕਿੰਨੈ, ਕਮਲਿੰਦਰ ਜੀ?' ਉਸ ਨੇ ਜਵਾਬ ਦਿੱਤਾ-'ਚਾਰ ਰੁਪਈਏ!' ਲਾਇਬ੍ਰੇਰੀਅਨ ਦੀ ਪੁੱਛ ਦਾ ਜਵਾਬ ਦੇ ਕੇ ਕਮਲਿੰਦਰ ਨੇ ਨਾਲ ਦੀ ਨਾਲ ਸ਼ਸ਼ੀ ਤੋਂ ਪੁੱਛਿਆ, 'ਇਹਦਾ ਮਤਲਬ ਤੁਸੀਂ ਕਵਿਤਾ ਵਿਚ ਕਾਫ਼ੀ ਸ਼ੌਕ ਰੱਖਦੇ ਓ?'

'ਹਾਂ, ਸਭ ਕੁਝ ਈ ਪੜ੍ਹ ਲਈਦੈ, ਕਹਾਣੀਆਂ ਤੇ ਨਾਵਲ ਵੀ। ਤੁਹਾਡੀ ਉਸ ਗ਼ਜ਼ਲ ਨਾਲ ਤਾਂ ਮੇਰੀ ਜ਼ਿੰਦਗੀ ਦਾ ਇੱਕ ਕਾਂਡ ਬੱਝਿਆ ਹੋਇਐ।' ਕੁੜੀ ਆਪਣੀ ਮਾਂ ਵਾਲੀ ਕੁਰਸੀ 'ਤੋਂ ਆ ਕੇ ਕਮਲਿੰਦਰ ਕੋਲ ਬੈਠ ਗਈ। ਮਾਂ ਦੇ ਮੂੰਹ ਨੂੰ ਤੌਣੀ ਆਈ ਹੋਈ ਸੀ। ਉਸ ਦੇ ਬੁੱਲ੍ਹ ਫ਼ਰਕ ਰਹੇ ਸਨ। ਸ਼ਾਇਦ ਉਹ ਕਮਲਿੰਦਰ ਨੂੰ ਕੁਝ ਕਹਿਣਾ ਚਾਹੁੰਦੀ ਸੀ।

ਚਾਹ ਵਾਲਾ ਚਾਹ ਦੀ ਟਰੇਅ ਲੈ ਕੇ ਆਇਆ। ਕਮਲਿੰਦਰ ਜਦ ਆ ਕੇ ਬੈਠਾ ਸੀ ਤੇ ਗੱਲ ਸ਼ੁਰੂ ਹੀ ਕੀਤੀ ਸੀ ਤੇ ਓਦੋਂ ਹੀ ਕੁੜੀ ਤੇ ਕੁੜੀ ਦੀ ਮਾਂ ਆ ਗਈਆਂ ਸਨ ਤਾਂ ਚਾਹ ਦੇ ਚਾਰ ਕੱਪਾਂ ਲਈ ਲਾਇਬ੍ਰੇਰੀਅਨ ਨੇ ਪਤਾ ਨਹੀਂ ਕਦੋਂ ਆਪਣੇ ਅਸਿਸਟੈਂਟ ਨੂੰ ਭੇਜ ਦਿੱਤਾ। ਕਮਲਿੰਦਰ ਦਾ ਨਾਉਂ ਸੁਣਨ ਸਾਰ ਹੀ ਸ਼ਾਇਦ ਉਸ ਦੇ ਮਨ ਵਿਚ ਉਸ ਲਈ ਸਨਮਾਨ ਜਾਗ ਪਿਆ ਸੀ। ਏਸੇ ਲਈ ਸ਼ਾਇਦ ਉਸ ਨੇ ਚਾਹ ਮੰਗਵਾਈ ਸੀ। ਸ਼ਸ਼ੀ ਤੇ ਸ਼ਸ਼ੀ ਦੀ ਮਾਂ ਤਾਂ ਅਕਸਰ ਆਉਂਦੀਆਂ ਹੀ ਰਹਿੰਦੀਆਂ ਸਨ। ਉਨ੍ਹਾਂ ਦੀ ਨਿੱਤ ਦੀ ਜਾਣਕਾਰੀ ਦਾ ਮੁੱਲ ਪਾ ਕੇ ਚਾਹ ਜਦ ਮੰਗਵਾ ਹੀ ਲਈ ਸੀ, ਉਨ੍ਹਾਂ ਨੂੰ ਚਾਹ ਪਿਆਉਣੀ ਵੀ ਜ਼ਰੂਰੀ ਸੀ। ਕਮਲਿੰਦਰ ਸ਼ਾਇਦ ਸੋਚ ਰਿਹਾ ਸੀ ਕਿ ਚਾਹ ਉਨ੍ਹਾਂ ਦੋਵੇਂ ਮਾਵਾਂ ਧੀਆਂ ਲਈ ਮੰਗਵਾਈ ਗਈ ਹੈ, ਪਰ ਚਾਹ ਲਾਇਬ੍ਰੇਰੀਅਨ ਨੇ ਕਮਲਿੰਦਰ ਲਈ ਅਸਲ ਵਿਚ ਮੰਗਵਾਈ ਸੀ।

ਉਨ੍ਹਾਂ ਚਾਰਾਂ ਨੇ ਚਾਹ ਪੀਤੀ। ਲਾਇਬ੍ਰੇਰੀਅਨ ਨੇ ਵੀ ਛੀ ਕਿਤਾਬਾਂ ਸ਼ਸ਼ੀ ਦੇ ਨਾਉਂ ਚਾੜ੍ਹ ਦਿੱਤੀਆਂ। ਮਾਂ ਨੇ ਸ਼ਸ਼ੀ ਨੂੰ ਘਰ ਜਾਣ ਲਈ ਕਿਹਾ। ਸ਼ਸ਼ੀ ਨੇ ਕੁਝ ਦੇਰ ਹੋਰ ਉੱਥੇ ਠਹਿਰਨ ਲਈ ਆਖ ਦਿੱਤਾ। ਮਾਂ ਉਸ ਦੀ ਜ਼ਿੱਦ ਨੂੰ ਜਾਣਦੀ ਸੀ। ਉਹ ਬਹਾਨਾ ਜਿਹਾ ਬਣਾ ਕੇ ਕਿਤਾਬਾਂ ਦੀਆਂ ਸ਼ੈਲਫਾਂ ਵੱਲ ਸ਼ਸ਼ੀ ਨੂੰ ਲੈ ਗਈ। ਸਭ ਤੋਂ ਅਖ਼ੀਰਲੀ ਸ਼ੈਲਫ਼ ਵਿਚ ਪਈਆਂ ਕੀੜੇ ਖਾਧੀਆਂ ਕਿਤਾਬਾਂ ਬਾਰੇ ਉਹ ਸ਼ਸ਼ੀ ਤੋਂ ਕਈ ਗੱਲਾਂ ਪੁੱਛਣ ਲੱਗ ਪਈ। ਐਨੇ ਚਿਰ ਵਿਚ ਲਾਇਬ੍ਰੇਰੀਅਨ ਨੇ ਕਮਲਿੰਦਰ ਤੋਂ ਕਿਤਾਬਾਂ ਲਈਆਂ ਤੇ ਉਸ ਨੂੰ ਪੈਸੇ ਦੇ ਦਿੱਤੇ। ਨਾਲ ਦੀ ਨਾਲ ਲਾਇਬ੍ਰੇਰੀਅਨ ਨੇ ਉਸ ਨੂੰ ਦੱਸਿਆ ਕਿ ਇਸ ਕੁੜੀ ਦੇ ਦਿਮਾਗ ਵਿਚ ਕੁਝ ਨੁਕਸ ਹੈ। ਇਹ ਬੀ. ਏ. ਹੈ। ਐੱਮ. ਏ. ਦੀ ਪੜ੍ਹਾਈ ਨੂੰ ਵਿਚੋਂ ਹੀ ਛੱਡ ਆਈ ਹੈ। ਹੁਣ ਇਸ ਦਾ ਇਹ ਹਾਲ ਹੈ ਕਿ ਜਿਸ ਆਦਮੀ ਨਾਲ ਗੱਲੀਂ

156

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ