ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੈ ਜਾਵੇ, ਉਸ ਦਾ ਛੇਤੀ ਛੇਤੀ ਖਹਿੜਾ ਨਹੀਂ ਛੱਡਦੀ। ਜਿਸ ਕਿਸੇ ਦੀ ਸਿਆਣੂ ਹੋ ਜਾਵੇ ਤੇ ਉਸ ਦਾ ਅਤਾ ਪਤਾ ਜਾਣ ਲਵੇ ਤਾਂ ਚੋਰੀਓਂ ਘਰੋਂ ਨਿਕਲ ਕੇ ਉਸ ਕੋਲ ਜਾ ਰਹਿੰਦੀ ਹੈ। ਮਾਂ ਇਸ ਦੀ ਜਵਾਕਾਂ ਵਾਂਗ ਸਾਂਭ ਸਾਂਭ ਇਸ ਨੂੰ ਰੱਖਦੀ ਹੈ। ਡਰਦੀ ਹੈ ਕਿ ਪਤਾ ਨਹੀਂ ਇਹ ਕਦੋਂ ਗੱਡੀ ਚੜ੍ਹ ਜਾਵੇ, ਕਦੋਂ ਕਿੱਧਰ ਨੂੰ ਬੱਸ ਜਾ ਚੜ੍ਹੇ। ਕਦੇ ਕਦੇ ਚਲੀ ਜਾਂਦੀ ਹੈ ਤਾਂ ਦੋ ਦੋ ਤਿੰਨ ਤਿੰਨ ਦਿਨ ਨਹੀਂ ਮੁੜਦੀ। ਮੁੜ ਜ਼ਰੂਰ ਆਉਂਦੀ ਹੈ, ਪਤਾ ਨਹੀਂ, ਕਿੱਥੇ ਰਹਿੰਦੀ ਹੈ। ਕਈ ਸਿਆਣੇ ਬੰਦੇ ਏਸੇ ਤੋਂ ਇਸ ਦਾ ਥਹੁ ਪਤਾ ਪੁੱਛ ਕੇ। ਆਪ ਹੀ ਇਹ ਨੂੰ ਏਥੇ ਆ ਕੇ ਛੱਡ ਜਾਂਦੇ ਹਨ। ਇਹ ਦਾ ਪਿਓ ਇੱਕ ਰਿਟਾਇਰਡ ਕੈਪਟਨ ਸੀ। ਚਾਰ ਕੁ ਸਾਲ ਹੋਏ, ਮਰ ਗਿਆ ਹੈ। ਮਾਂ ਇਹਦੀ ਕੋਲ ਨਾਮਾ ਚੰਗਾ ਹੈ। ਧੀ ਪੁੱਤ ਹੋਰ ਕੋਈ ਨਹੀਂ। ਬਸ ਇਹੋ ਕੁੜੀ ਹੈ। ਲਾਇਬ੍ਰੇਰੀਅਨ ਨੇ ਕਮਲਿੰਦਰ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਉਸ ਵੱਲ ਬਹੁਤਾ ਧਿਆਨ ਨਾ ਦੇਵੇ, ਨਹੀਂ ਤਾਂ ਖਹਿੜਾ ਛੁਡਾਉਣਾ ਔਖਾ ਹੋ ਜਾਏਗਾ। ਉਸ ਨੇ ਆਪਣੀਆਂ ਕਿਤਾਬਾਂ ਝੋਲੇ ਵਿਚ ਪਾਈਆਂ ਤੇ ਲਾਇਬ੍ਰੇਰੀਅਨ ਨਾਲ ਹੱਥ ਮਿਲਾ ਕੇ ਲਾਇਬ੍ਰੇਰੀ ਤੋਂ ਬਾਹਰ ਹੋ ਗਿਆ।

ਸ਼ਸ਼ੀ ਤੇ ਸ਼ਸ਼ੀ ਦੀ ਮਾਂ ਵੀ ਘਰ ਨੂੰ ਤੁਰ ਪਈਆਂ। ਮਾਂ ਚਾਹੁੰਦੀ ਸੀ ਕਿ ਉਹ ਕਵੀ ਪਿੱਛੇ ਮੁੜ ਕੇ ਝਾਕੇ ਨਾ ਤੇ ਫਟਾਫੱਟ ਚਲਿਆ ਜਾਵੇ ਤਾਂ ਕਿ ਉਹ ਸ਼ਸ਼ੀ ਨੂੰ ਗੱਲਾਂ ਲਾ ਕੇ ਘਰ ਉਪੜਦੀ ਕਰ ਦੇਵੇ। ਉਸ ਨੂੰ ਡਰ ਭਾਸਿਆ ਕਿ ਕਿਤੇ ਸ਼ਸ਼ੀ ਆਪ ਹੀ ਉਸ ਨੂੰ ਪਿੱਛੋਂ ਹਾਕ ਨਾ ਮਾਰ ਲਵੇ।ਉਹੀ ਗੱਲ ਹੋਈ ਉਹ ਲਾਇਬ੍ਰੇਰੀ ਦਾ ਬਾਰ ਟੱਪੀਆਂ ਹੀ ਸਨ ਕਿ ਕਮਲਿੰਦਰ ਨੂੰ ਅੱਗੇ ਅੱਗੇ ਜਾਂਦੇ ਨੂੰ ਦੇਖ ਸ਼ਸ਼ੀ ਨੇ ਭੱਜ ਕੇ ਉਸਦਾ ਮੋਢਾ ਜਾ ਫੜਿਆ। ਉਸ ਦੇ ਹੱਥੋਂ ਕਿਤਾਬਾ ਵਾਲਾ ਝੋਲਾ ਖੋਹ ਲਿਆ। ਮਾਂ ਨੂੰ ਪਿੱਛੇ ਮੁੜਕੇ ਕਿਹਾ-'ਬੇ ਜੀ ਕਮਲਿੰਦਰ ਜੀ ਨੂੰ ਘਰ ਲੈ ਚੱਲੋ। ਇਨ੍ਹਾਂ ਤੋਂ ਇਨ੍ਹਾਂ ਦੀਆਂ ਨਵੀਆਂ ਕਵਿਤਾਵਾਂ ਸੁਣਾਂਗੀਆਂ।' ਬੁੜ੍ਹੀ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ।

ਇੱਕ ਅਲਹਿਦਾ ਬੈਠਕ ਉਹਦੀ ਬੇਮੁਹਾਰੀਆਂ ਚੀਜ਼ਾਂ ਨਾਲ ਬੂਥੀ ਹੋਈ ਸੀ। ਇੱਕ ਵੱਡਾ ਪਲੰਘ, ਜਿਸ 'ਤੇ ਬਿਸਤਰਾ ਸ਼ਾਇਦ ਸਦਾ ਹੀ ਵਿਛਿਆ ਰਹਿੰਦਾ ਸੀ। ਚਾਦਰ ਤੇ ਸਰ੍ਹਾਣਾ ਸਾਫ਼ ਸਨ। ਇੱਕ ਲੰਮਾ ਸਾਰਾ ਸੋਫ਼ਾ ਤੇ ਦੋ ਅੰਧੋਰਾਣੀਆਂ ਕੁਰਸੀਆਂ, ਇੱਕ ਨੀਵਾਂ ਜਿਹਾ ਲੰਮਾ ਮੇਜ਼, ਮੇਜ਼ ਉੱਤੇ ਘਸਮੈਲਾ ਜਿਹਾ ਮੇਜ਼ ਪੋਸ਼। ਇੱਕ ਲੋਹੇ ਦੀ ਕੁਰਸੀ ਤੇ ਇੱਕ ਆਰਾਮ ਕੁਰਸੀ ਵੱਖਰੀਆਂ ਖੂੰਜੇ ਵਿਚ ਅਣਝਾੜੀਆਂ ਪਈਆਂ ਸਨ। ਬੈਠਕ ਦੀ ਲੰਮੀ ਕੰਧ ਵਿਚ ਬਣੀ ਕਾਰਨਿਸ 'ਤੇ ਸੌ ਨਿੱਕ ਸੁੱਕ ਅਘੜਾ ਦੁਘੜਾ ਖਿਲਰਿਆ ਹੋਇਆ ਸੀ। ਇੱਕ ਅਲਮਾਰੀ, ਜਿਸ ਦੇ ਤਖ਼ਤੇ ਸ਼ਾਇਦ ਹੀ ਖੁੱਲ੍ਹੇ ਰਹਿੰਦੇ ਸਨ, ਕਿਤਾਬਾਂ ਨਾਲ ਮੂੰਹੋਂ ਮੂੰਹ ਭਰੀ ਹੋਈ ਸੀ। ਇੱਕ ਖੂੰਜੇ ਵਿਚ ਟਿਕਾਏ ਹੋਏ ਇੱਕ ਉੱਚੇ ਸਾਰੇ ਮੇਜ਼ 'ਤੇ ਕਿਤਾਬਾਂ ਦਾ ਢੇਰ ਪਿਆ ਹੋਇਆ ਸੀ-ਬੇਤਰਤੀਬਾ। ਕਮਲਿੰਦਰ ਸੋਫ਼ੇ 'ਤੋਂ ਉੱਠਿਆ ਤੇ ਸਾਰੀਆਂ ਕਿਤਾਬਾਂ ਨੂੰ ਚਾਰ ਢੇਰੀਆਂ ਵਿਚ ਸੰਵਾਰ ਕੇ ਚਿਣ ਦਿੱਤਾ। ਨਾਲ ਦੀ ਨਾਲ ਉਹ ਕਿਤਾਬਾਂ ਦੇ ਟਾਈਟਲ ਵੀ ਪੜ੍ਹਦਾ ਰਿਹਾ, ਜਿਨ੍ਹਾਂ ਵਿਚ ਸ਼ੋਲੋਖੋਵ, ਚੈਖ਼ਵ ਤੇ ਗੋਰਕੀ ਦੀਆਂ ਕਹਾਣੀਆਂ ਤੇ ਨਾਵਲਾਂ ਦੇ ਕੁਝ ਪੰਜਾਬੀ ਅਨੁਵਾਦ ਸਨ। ਅੰਮ੍ਰਿਤਾ ਪ੍ਰੀਤਮ ਦੇ ਸਾਰੇ ਨਾਵਲ ਤੇ ਸਾਰੇ ਕਹਾਣੀ ਸੰਗ੍ਰਹਿ ਸਨ। ਅਜੀਤ ਕੌਰ ਤੇ ਦਲੀਪ ਕੌਰ ਟਿਵਾਣਾ ਦੇ ਕਹਾਣੀ ਸੰਗ੍ਰਹਿ ਸਨ। ਉਰਦੂ ਦੀਆਂ ਚਾਰ ਪੰਜ ਕਿਤਾਬਾਂ ਤੇ ਦੋ ਤਿੰਨ

ਇੱਕ ਕੁੜੀ ਤੇ ਕਵੀ

157