ਪਰ ਵਿਅਰਥ। ਮੈਂ ਆਪਣਾ ਮਨ ਕਿਸੇ ਪਾਸੇ ਲਾਉਣਾ ਚਾਹੁੰਦਾ ਹਾਂ, ਪਰ ਮਨ ਹੈ ਕਿ ਕਿਸੇ ਥਾਂ ਵੀ ਨਹੀਂ ਟਿਕ ਰਿਹਾ। ਕੋਈ ਗੱਲ ਨਹੀਂ ਸੁੱਝ ਰਹੀ। ਕੋਈ ਬੋਲ ਨਹੀਂ ਸੁਣ ਰਿਹਾ। ਟਾਈਮਪੀਸ ਦੀ "ਟਿੱਕ ਟਿੱਕ।" ਚੂਹੀ ਦੀ "ਟੁੱਕ ਟੁੱਕ" ਪਤਾ ਨਹੀਂ ਕਿੱਧਰ ਗਈ। ਦੂਰ ਕਿਤੇ ਕੋਈ ਕੁੱਤਾ ਭੌਂਕ ਰਿਹਾ ਹੈ। ਉਸ ਦੇ ਭੌਂਕਣ ਦਾ ਅਰਥ?
ਇਸ ਕੁੜੀ ਦਾ ਖਹਿੜਾ ਛੱਡ ਦਿਆਂ? ਨਹੀਂ, ਫਿਰ ਉਹ ਕੌਣ ਸੀ।
ਦੂਜੇ ਦਿਨ ਮੈਂ ਦਫ਼ਤਰ ਜਾਂਦਾ ਹਾਂ। ਮੇਰੀਆਂ ਅੱਖਾਂ ਵਿਚ ਰੋੜ ਚੁਭ ਰਹੇ ਹਨ। ਮੈਂ ਸਾਰਾ ਦਿਨ ਦਫ਼ਤਰ ਦਾ ਕੰਮ ਕਰਦਾ ਤਾਂ ਹਾਂ, ਪਰ ਦਿਲ ਲਾ ਕੇ ਨਹੀਂ, ਮੇਰਾ ਮਨ ਉਖੜਿਆ ਹੋਇਆ ਹੈ। ਮੈਂ ਕੈਫਟੇਰੀਆ ਵਿਚ ਚਾਹ ਪੀਣ ਨਹੀਂ ਜਾਂਦਾ। ਦੁਪਹਿਰ ਦੀ ਰੋਟੀ ਮੈਂ ਅੱਜ ਲੈ ਕੇ ਨਹੀਂ ਆਇਆ। ਕੰਦਲਾ ਦੁਪਹਿਰੇ ਮੇਰੇ ਕਮਰੇ ਵਿਚ ਆਈ ਤੇ ਆਪਣੇ ਡੱਬੇ ਵਿਚੋਂ ਰੋਟੀ ਦੀਆਂ ਦੋ ਬੁਰਕੀਆਂ ਲਵਾਉਣ ਲਈ ਮੈਨੂੰ ਕਾਮਨ ਰੂਮ ਵਿਚ ਲੈ ਗਈ ਹੈ। ਪਿਛਲੇ ਪਹਿਰ ਆਈ ਹੈ। ਦੋ ਕੱਪ ਚਾਹ ਮੰਗਵਾਈ ਹੈ ਤੇ ਅਸੀਂ ਕਾਮਨ ਰੂਮ ਵਿਚ ਬਹਿ ਕੇ ਚਾਹ ਪੀ ਲਈ ਹੈ। ਉਸ ਨੇ ਪੀ ਲਈ ਹੈ ਮੈਂ ਸੜ੍ਹਾਂਕ ਲਈ ਹੈ।
ਸ਼ਾਮ ਨੂੰ ਉਹ ਮੈਨੂੰ ਆਪਣੇ ਡੈਡੀ ਕੋਲ ਲੈ ਜਾਂਦੀ ਹੈ। ਡੈਡੀ ਉਸ ਦੀ ਮੰਮੀ ਨਾਲ ਚੈੱਸ ਖੇਡ ਰਿਹਾ ਹੈ ਤੇ ਹੁੱਕਾ ਪੀ ਰਿਹਾ ਹੈ। ਮੈਂ ਹੈਰਾਨ ਹਾਂ। ਮੇਰੇ ਚਿਹਰੇ 'ਤੇ ਹੈਰਾਨੀ ਤੇ ਮੁਸਕਰਾਟ ਦਾ ਮਿਲਵਾਂ ਰੰਗ ਖਿੜਦਾ ਹੈ, ਓਹੀ ਮੁੰਡਾ ਮੈਨੂੰ ਉੱਥੋਂ ਮਿਲਦਾ ਹੈ ਤੇ ਸਾਡੇ ਨਾਲ ਚਾਹ ਵਿਚ ਸ਼ਾਮਲ ਹੁੰਦਾ ਹੈ। ਉਹ ਮੇਰਾ ਕਿੰਨਾ ਸਤਿਕਾਰ ਕਰ ਰਿਹਾ ਹੈ। ਉਹ ਕੌਣ ਹੈ? ਕੰਦਲਾ ਦਾ ਭਾਈ? ਸ਼ਾਇਦ ਨਹੀਂ ਗਵਾਂਢ ਵਿਚੋਂ ਕੋਈ? ਉਸ ਬਾਰੇ ਮੈਂ ਕਿਸੇ ਤੋਂ ਕੁਝ ਨਹੀਂ ਪੁੱਛ ਰਿਹਾ।
16
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ