ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/160

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੁਨਰਵਾਸ

ਉਨ੍ਹਾਂ ਦਿਨਾਂ ਵਿਚ ਸੁਰਿਦਰ ਇੱਕੋ ਸਮੇਂ ਤਿੰਨ ਕੁੜੀਆਂ ਨਾਲ ਇਸ਼ਕ ਕਰਦਾ ਸੀ। ਤਿੰਨ ਕੁੜੀਆਂ ਨਹੀਂ, ਦੋ ਕੁੜੀਆਂ ਤੇ ਤੀਜੀ ਨੂੰ ਤੀਵੀਂ ਕਹਿਣਾ ਚਾਹੀਦਾ ਹੈ।

ਤੀਵੀਂ ਕਹਿਣਾ ਉਸ ਨੂੰ ਇਸ ਕਰਕੇ ਜਚਦਾ ਹੈ ਕਿ ਉਹ ਵਿਆਹੀ ਹੋਈ ਸੀ।

ਉਸ ਮੁਹੱਲੇ ਵਿਚ ਜਿੱਥੇ ਉਹ ਰਹਿੰਦਾ ਸੀ, ਉਸ ਦੇ ਗਵਾਂਢ ਵਿਚ ਹੀ ਉਸ ਤੀਵੀਂ ਦਾ ਘਰ ਸੀ। ਉਹਦਾ ਢਿੱਡਲ ਪਤੀ ਬੈਂਕ ਵਿਚ ਮੁਲਾਜ਼ਮ ਸੀ। ਤੜਕੇ ਹੀ ਰੋਟੀ ਖਾ ਕੇ ਦਸ ਵਜੇ ਚਲਿਆ ਜਾਂਦਾ ਤੇ ਪੰਜ ਵਜੇ ਥੱਕਿਆ ਟੁੱਟਿਆ ਮੰਜੀ 'ਤੇ ਆ ਡਿੱਗਦਾ। ਰੋਟੀ ਖਾਂਦਾ ਤੇ ਸੌਂ ਜਾਂਦਾ। ਨਾ ਕਦੀ ਉਹ ਸੈਰ ਨੂੰ ਗਿਆ ਸੀ ਤੇ ਨਾ ਕਦੀ ਤੇਲ ਦੀ ਮਾਲਿਸ਼ ਕਰਕੇ ਨ੍ਹਾਤਾ ਸੀ। ਸਿਨਮਾ ਵਰਗਾ ਸ਼ੌਕ ਵੀ ਉਸ ਨੂੰ ਕੋਈ ਨਹੀਂ ਸੀ।

ਉਸ ਤੀਵੀਂ ਨੂੰ ਆਪਣਾ ਪਤੀ ਲੋਗੜ ਦੇ ਇੱਕ ਗਦੈਲੇ ਨਾਲੋਂ ਵੱਧ ਹੋਰ ਕੁਝ ਨਹੀਂ ਸੀ ਲੱਗਦਾ। ਉਨ੍ਹਾਂ ਦੇ ਵਿਆਹ ਹੋਏ ਨੂੰ ਤਿੰਨ ਸਾਲ ਹੋ ਗਏ ਸਨ ਤੇ ਅਜੇ ਉਸ ਤੀਵੀਂ ਕੋਲ ਕੋਈ ਜਵਾਬ ਨਹੀਂ ਸੀ ਹੋਇਆ।

ਉਹ ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਉੱਠਦੀ। ਹੱਥ ਵਿਚ ਪਾਣੀ ਦੀ ਚਿਲਕਣੀ ਤੇ ਕੰਗਣੀ ਵਾਲੀ ਗੜਵੀ ਫੜਦੀ ਤੇ ਸੁਰਿੰਦਰ ਦੀ ਬੈਠਕ ਵਿਚ ਆ ਧਮਕਦੀ। ਉਸ ਦਾ ਢਿੱਡਲ ਪਤੀ ਉੱਚੇ ਉੱਚੇ ਘੁਰਾੜਿਆਂ ਨੂੰ ਬੰਦ ਕਰਕੇ ਅੱਖਾਂ ਝਮਕਦਾ ਤਾਂ ਦੇਖਦਾ ਕਿ ਉਹ ਬਾਹਰ ਕੰਨੀਂ ਚਲੀ ਗਈ ਹੈ। ਨਿੱਤ ਹੀ ਜਾਂਦੀ ਹੈ। ਜਾਂਦੀ ਹੈ ਤਾਂ ਸਵੇਰੇ ਸਵੇਰੇ ਜਾਂਦੀ ਹੈ। ਸੁਹੰਨਰੀਆਂ ਤੀਵੀਆਂ ਸਦੇਹਾਂ ਹੀ ਉੱਠਦੀਆਂ ਹੁੰਦੀਆਂ ਨੇ। ਉਹ ਦਾ ਪਤੀ ਸਮਝਦਾ ਹੈ ਕਿ ਉਹ ਕਿੰਨੀ ਚੰਗੀ ਹੈ। ਸਦੇਹਾਂ ਸਦੇਹਾਂ ਵਿਚਾਰੀ ਉੱਠਦੀ ਹੈ। ਨੇੜੇ ਥਾਂ ਨਹੀਂ ਇਸ ਲਈ ਦੂਰ ਸਾਰੇ ਬਾਹਰ ਜਾਂਦੀ ਹੈ। ਚਿਰ ਭਾਵੇਂ ਕਾਫ਼ੀ ਲੱਗ ਜਾਂਦਾ ਹੈ। ਉਹ ਸੋਚਦਾ ਹੈ ਕਿ ਹੋਰ ਤੀਵੀਆਂ ਟੱਕਰ ਜਾਂਦੀਆਂ ਹੋਣਗੀਆਂ ਤੇ ਗੱਲੀਂ ਪੈ ਜਾਂਦੀਆਂ ਹੋਣਗੀਆਂ। ਪਰ ਜਦ ਵਾਪਸ ਆਉਂਦੀ ਹੈ ਤਾਂ ਮਿੰਟਾਂ ਵਿਚ ਦੀ ਚਾਹ ਬਣਾ ਦਿੰਦੀ ਹੈ। ਮਿੰਟਾਂ ਵਿਚ ਦੀ ਨਹਾਉਣ ਲਈ ਪਾਣੀ ਪਾ ਦਿੰਦੀ ਹੈ। ਮਿੰਟਾਂ ਵਿਚ ਦੀ ਰੋਟੀ ਬਣਾ ਦਿੰਦੀ ਹੈ ਤੇ ਵੇਲੇ ਸਿਰ ਉਹ ਨੂੰ ਦਫ਼ਤਰ ਤੋਰ ਦਿੰਦੀ ਹੈ।

ਸੁਰਿੰਦਰ ਨੂੰ ਉਹ ਤੀਵੀਂ ਬੜੀ ਚੰਗੀ ਲੱਗਦੀ ਸੀ। ਦੇਖਣ ਵਿਚ ਭਾਵੇਂ ਕੁਝ ਮਧਰੀ ਜਿਹੀ ਸੀ, ਪਰ ਅੰਗਾ ਪੈਰਾ ਦੀ ਖੁੱਲ੍ਹੀ ਸੀ, ਚੌੜੇ ਚੁਗਾਠੇ ਵਾਲੀ। ਭਰਵੇਂ ਭਰਵੇਂ ਅੰਗਾਂ ਵਾਲੀ। ਚਿੱਟੀ ਸਾੜ੍ਹੀ ਪਹਿਨਦੀ ਸੀ। ਨਜ਼ਰ ਕੁਝ ਕਮਜ਼ੋਰ ਸੀ ਤੇ ਅੱਖਾਂ ਦਾ

160

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ