ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗੁੱਸੇ ਦਾ ਸਫ਼ਰ

"ਵੀਹ ਵਾਰੀ ਆਖਿਐ, ਮਿੱਠਾ ਘੱਟ ਪਾਇਆ ਕਰ" ਤੇ ਉਹ ਚਾਹ ਦਾ ਭਰਿਆ ਗਲਾਸ ਵਗਾਹ ਕੇ ਪੱਕੀ ਕੰਧ ਨਾਲ ਮਾਰਦਾ ਹੈ। ਗਲਾਸ ਟੁਕੜੇ ਟੁਕੜੇ ਹੋ ਜਾਂਦਾ ਹੈ। ਸ਼ੀਸ਼ੇ ਦੀ ਇੱਕ ਵੱਡੀ ਠੀਕਰੀ ਉਸ ਦੀ ਪਤਨੀ ਦੇ ਮੱਥੇ ਵਿਚ ਆ ਵਜਦੀ ਹੈ। ਪਤਨੀ ਮੱਥਾ ਘੁੱਟ ਕੇ ਥਾਂ ਦੀ ਥਾਂ ਬੈਠ ਜਾਂਦੀ ਹੈ। ਮੱਥੇ ਵਿਚੋਂ ਲਹੂ ਦੇ ਤੁਪਕੇ ਡਿੱਗਦੇ ਹਨ ਤੇ ਚੱਪਾ ਸਾਰੀ ਧਰਤੀ ਚਰਗਲ ਹੋ ਜਾਂਦੀ ਹੈ। ਉਹ ਉੱਠਦੀ ਹੈ ਤੇ ਦੂਜੇ ਕਮਰੇ ਵਿਚ ਚਲੀ ਜਾਂਦੀ ਹੈ। ਇੱਕ ਪੁਰਾਣੀ ਚਿੱਟੀ ਲੀਰ ਲੈ ਕੇ ਮੱਥੇ 'ਤੇ ਪਾਣੀ ਪੱਟੀ ਬੰਨ੍ਹ ਲੈਂਦੀ ਹੈ। ਲੀਰ 'ਤੋਂ ਦੀ ਸਿਮਿਆ ਲਹੂ ਦਿੱਸਦਾ ਹੈ, ਪਰ ਉਂਝ ਮੱਥੇ ਵਿਚੋਂ ਵਗਣਾ ਬੰਦ ਹੋ ਜਾਂਦਾ ਹੈ। ਰਸੋਈ ਵਿਚੋਂ ਭਾਂਡੇ ਮਾਂਜਣ ਵਾਲੀ ਸੁਆਹ ਦੀ ਮੁੱਠੀ ਭਰਦੀ ਹੈ ਤੇ ਬੈਠਕ ਵਿਚ ਆ ਕੇ ਲਹੂ ਵਾਲੇ ਥਾਂ 'ਤੇ ਬਰੂਰ ਦਿੰਦੀ ਹੈ ਤੇ ਫਿਰ ਦੂਜੇ ਕਮਰੇ ਵਿਚ ਇੱਕ ਛੋਟੀ ਜਿਹੀ ਮੰਜੀ 'ਤੇ ਹਿੱਕ ਵਿਚ ਗੋਡੇ ਦੇ ਕੇ ਪੈ ਜਾਂਦੀ ਹੈ। ਉਸ ਦਾ ਗੋਦੀ ਵਾਲਾ ਜਵਾਕ ਠੁੱਸ ਠੁੱਸ ਕਰਦਾ ਆਉਂਦਾ ਹੈ ਤੇ ਉਸ ਦੀ ਬੁੱਕਲ ਵਿਚ ਵੜ ਕੇ ਦੁੱਧ ਚੁੰਘਣ ਲੱਗ ਪੈਂਦਾ ਹੈ।

ਬਲਦੇਵ ਨੂੰ ਕੋਈ ਪਤਾ ਨਹੀਂ ਕਿ ਉਸਦੀ ਪਤਨੀ ਦੇ ਮੱਥੇ ਵਿਚ ਕੁਝ ਵੱਜਿਆ ਹੈ ਅਤੇ ਲਹੂ ਨਿਕਲ ਆਇਆ ਹੈ। ਉਹ ਕਦੋਂ ਦੀ ਸੁਆਹ ਦੀ ਮੁੱਠੀ ਲਹੂ ਵਾਲੇ ਥਾਂ 'ਤੇ ਬਰੂਰ ਗਈ ਹੈ। ਕਦੋਂ ਦੂਜੇ ਕਮਰੇ ਵਿਚ ਮੰਜੀ ਤੇ ਜਾ ਡਿੱਗੀ ਹੈ। ਕੰਧ ਨਾਲ ਗਲਾਸ ਮਾਰਨ ਸਾਰ ਉਹ ਤਾਂ ਪਿੱਠ ਕਰਕੇ ਮੰਜੇ ਦੀ ਬਾਹੀ ਨਾਲ ਚਿੰਬੜ ਗਿਆ ਸੀ ਤੇ ਖੂਜੇ ਵਿਚ ਮੂੰਹ ਦੇ ਲਿਆ ਸੀ। ਉਸ ਦੇ ਦਿਮਾਗ਼ ਵਿਚ ਗੁੱਸਾ ਦਲੀਏ ਵਾਂਗ ਰਿੱਝ ਰਿਹਾ ਸੀ।

ਉਹ ਬੀ. ਏ. ਹੈ ਤੇ ਚੰਗੀ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ ਹੈ। ਉਸ ਨੂੰ ਤਨਖ਼ਾਹ ਵਾਹਵਾ ਮਿਲ ਜਾਂਦੀ ਹੈ। ਜਿਸ ਸ਼ਹਿਰ ਵਿਚ ਉਹ ਨੌਕਰੀ ਕਰਦਾ ਹੈ, ਉਹ ਉਸ ਦੇ ਪਿੰਡ ਤੋਂ ਥੋੜੀ ਦੂਰ ਹੀ ਹੈ। ਉਹ ਨਿੱਤ ਬੱਸ 'ਤੇ ਉੱਥੋਂ ਆ ਜਾ ਸਕਦਾ ਹੈ।

ਉਹ ਇੱਕ ਕਵੀ ਹੈ। ਉਸ ਦੇ ਖਿਆਲ ਬੜੇ ਸੂਖ਼ਮ ਹਨ। ਘਰ ਦੀ ਕਬੀਲਦਾਰੀ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ। ਤਨਖ਼ਾਹ ਆਉਂਦੀ ਹੈ ਤੇ ਉਹ ਸਾਰੀ ਦੀ ਸਾਰੀ ਲਿਆ ਕੇ ਪਤਨੀ ਨੂੰ ਫੜਾ ਦਿੰਦਾ ਹੈ। ਘਰ ਦਾ ਖਾਣ ਪੀਣ, ਪਹਿਨਣ ਤੇ ਹੋਰ ਖ਼ਰਚਾਂ ਦਾ ਫਿਕਰ ਉਸ ਦੀ ਪਤਨੀ ਨੂੰ ਹੀ ਹੈ।

ਉਸ ਦਾ ਪਿਓ ਅੱਸੀ ਸਾਲਾਂ ਨੂੰ ਟੱਪ ਚਲਿਆ ਹੈ ਤੇ ਉਸ ਨੂੰ ਸਾਹ ਦੀ ਕਸਰ ਰਹਿੰਦੀ ਹੈ। ਵੀਹ ਸਾਲ ਉਹ ਫ਼ੀਮ ਖਾਂਦਾ ਰਿਹਾ ਸੀ ਤੇ ਸ਼ਰਾਬ ਪੀਂਦਾ ਰਿਹਾ ਸੀ। ਫ਼ੀਮ ਛੱਡੀ ਤੇ ਫਿਰ ਸਾਹ ਦੀ ਬਿਮਾਰੀ ਸਹੇੜ ਲਈ। ਸ਼ਰਾਬ ਤਾਂ ਹੁਣ ਵੀ ਉਹ ਕਦੇ ਕਦੇ ਪੀ

ਗੁੱਸੇ ਦਾ ਸਫ਼ਰ

17