ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਂਹ ਵਾਲੀ ਰਾਤ

1

ਬਹੁਤੇ ਤਾਂ ਆਥਣ ਨੂੰ ਹੀ ਪਿੰਡ ਮੁੜ ਆਏ ਸਨ। ਦੂਜੇ ਦਿਨ ਤਾਂ ਸਾਰੇ ਹੀ ਆ ਗਏ ਸਨ। ਚੰਦੋ ਨਹੀਂ ਸੀ ਆਈ। ਉਸ ਦੀਆਂ ਗਵਾਂਢਣਾਂ ਸੋਚਦੀਆਂ ਸਨ, ਚੰਦੋ ਕਿਉਂ ਨਹੀਂ ਆਈ? ਤੇ ਫਿਰ ਕੋਈ ਕਹਿੰਦੀ ਸੀ-ਕੋਈ ਟੋਕਣ ਵਾਲਾ ਈ ਨਹੀਂ, ਜਿੱਥੇ ਮਰਜ਼ੀ ਬੈਠੀ ਰਹੇ। ਪਰ ਬਹੁਤਾ ਘੋਰ-ਮਸੋਰਾ ਤਾਂ ਗਵਾਂਢਣਾਂ ਇਸ ਕਰਕੇ ਕਰਦੀਆਂ ਸਨ, ਕਿਉਂਕਿ ਗੰਡੇ ਕਾ ਚਰਨ ਵੀ ਨਹੀਂ ਸੀ ਮੁੜਿਆ। ਦੋ ਦਿਨ, ਤਿੰਨ ਦਿਨ ਤੇ ਚੌਥਾ ਦਿਨ ਵੀ ਲੰਘ ਗਿਆ ਸੀ, ਪਰ ਚੰਦੋਂ ਅਜੇ ਪਿੰਡ ਨਹੀਂ ਸੀ ਆਈ ਤੇ ਨਾ ਚਰਨ।

ਉਹ ਦਮਦਮੇ ਦੀ ਵਿਸਾਖੀ ਦੇਖਣ ਹਰ ਸਾਲ ਜਾਇਆ ਕਰਦੀ ਸੀ। ਸੁਬੇਦਾਰ ਜਦੋਂ ਪੈਨਸ਼ਨ ਆਇਆ ਸੀ, ਉਸ ਨੇ ਕੋਈ ਵਿਸਾਖੀ ਖ਼ਾਲੀ ਨਹੀਂ ਸੀ ਜਾਣ ਦਿੱਤੀ। ਹਰ ਸਾਲ ਜਾਂਦਾ ਸੀ ਤੇ ਚੰਦੋ ਨੂੰ ਨਾਲ ਲੈ ਕੇ ਜਾਂਦਾ ਸੀ ਤੇ ਫਿਰ ਜਦ ਉਹ ਮਰ ਗਿਆ ਸੀ ਤਾਂ ਉਹ ਇਕੱਲੀ ਹੀ ਵਿਸਾਖੀ 'ਤੇ ਜਾਇਆ ਕਰਦੀ। ਉਹ ਕਹਿੰਦੀ ਹੁੰਦੀ, ਵਿਸਾਖੀ ਨਾਉਣ ਕਰਨ ਨਾਲ ਸੂਬੇਦਾਰ ਦੀ ਆਤਮਾ ਨੂੰ ਸੁੱਖ ਮਿਲਦੈ। ਮੈਂ ਤਾਂ ਜਾਂਦੀ ਈ ਏਸੇ ਵਾਸਤੇ ਆ। ਏਈ ਤਾਂ ਉਹ ਦੀ ਇੱਕ ਨਿਸ਼ਾਨੀ ਐ।

ਪੰਜਵੇਂ ਦਿਨ ਹਨੇਰੇ ਹੋਏ ਉਹ ਪਿੰਡ ਪਹੁੰਚੀ। ਉਹ ਦੇ ਚੁਬਾਰੇ ਦੀ ਬੱਤੀ ਜਗੀ ਤਾਂ ਸਾਰੇ ਅਗਵਾੜ ਨੂੰ ਪਤਾ ਲੱਗ ਗਿਆ ਕਿ ਸੂਬੇਦਾਰਨੀ ਆ ਗਈ ਹੈ।

ਖਾ ਪੀ ਕੇ ਲੋਕ ਸੌਂ ਚੁੱਕੇ ਸਨ। ਚੰਦੋ ਦੇ ਦਰਵਾਜ਼ੇ ਦਾ ਬਾਹਰਲਾ ਕੁੰਡਾ ਖੜਕਿਆ, ਹੌਲੀ-ਹੌਲੀ। ਉਸ ਨੂੰ ਜਿਵੇਂ ਸੁਣਿਆ ਨਾ ਹੋਵੇ। ਉਹ ਦਰਵਾਜ਼ੇ 'ਤੇ ਹੀ ਬਨੇਰੇ ਦੇ ਕੋਲ ਪਈ ਸੀ। ਸ਼ਾਇਦ ਸੌਂ ਗਈ ਸੀ। ਜਾਗਦੀ ਵੀ ਹੋ ਸਕਦੀ ਸੀ। ਦੂਜੀ ਵਾਰ ਕੁੰਡਾ ਜ਼ੋਰ ਦੀ ਖੜਕਿਆ। ਉਹ ਮੰਜੇ ਉੱਤੋਂ ਨਹੀਂ ਉੱਠੀ। ਕੁੰਡਾ ਖੜਕਾਉਣ ਵਾਲੇ ਨੇ ਵੀਹੀ ਵਿਚੋਂ ਦੋ-ਤਿੰਨ ਪੱਕੇ ਰੋੜੇ ਚੌਕੇ ਤੇ ਇੱਕ-ਇੱਕ ਕਰਕੇ ਉਸ ਦੇ ਕੋਠੇ 'ਤੇ ਵਗਾਹ ਮਾਰੇ।

ਕੌਣ ਐਂ ਵੇ ਤੂੰ, ਮੇਰੇ ਪਿਓ ਦਾ ਸਾਲਾ, ਐਸ ਵੇਲੇ? ਉਸ ਨੇ ਮੰਜੇ ਉੱਤੋਂ ਉੱਠ ਕੇ ਤੇ ਬਨੇਰੇ ਉੱਤੋਂ ਦੀ ਗਾਲ੍ਹ ਕੱਢ ਕੇ ਵੀਹੀ ਵਿੱਚ ਕੜਕਵਾਂ ਬੋਲ ਸੁਟਿਆ।

ਮੈਂ ਆਂ, ਚਾਚੀ, ਹਰਨੇਕ। ਬਾਰ ਖੋਲ੍ਹੀ ਥੱਲੇ ਆ ਕੇ। ਕੰਮ ਐ।

ਕੰਮ ਐਂ ਤਾਂ ਤੜਕੇ ਕੀ ਦਿਨ ਨ੍ਹੀ ਚੜੂ? ਅੱਧੀ ਰਾਤ, ਕੀ ਕੰਮ ਐਂ ਤੈਨੂੰ?

ਚੰਗਾ, ਚਾਚੀ ਤੜਕੇ ਲਈ ਫੇਰ ਕਹਿ ਕੇ ਹਰਨੇਕ ਘਰ ਨੂੰ ਤੁਰ ਗਿਆ। ਗਵਾਂਢ ਵਿੱਚ ਕੋਠਿਆਂ 'ਤੇ ਪਏ ਲੋਕਾਂ ਵਿੱਚੋਂ ਜਿਹੜਾ ਕੋਈ ਜਾਗਦਾ ਸੀ, ਹੈਰਾਨ ਸੀ, ਕੀ ਹੋ

ਮੀਂਹ ਵਾਲੀ ਰਾਤ

179