ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈਂਦਾ ਹੈ। ਹੱਥ ਪੈਰ ਮਚਦੇ ਰਹਿੰਦੇ ਹਨ। ਕਦੇ ਤਾਪ ਚੜ੍ਹ ਜਾਂਦਾ ਹੈ। ਕਦੇ ਮਰੋੜੇ ਲੱਗ ਜਾਂਦੇ ਹਨ, ਕਦੇ ਢਿੱਡ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਕਦੇ ਬੱਤ ਲੱਗ ਜਾਂਦੇ ਹਨ। ਕਦੇ ਸਾਹ ਦੀ ਬਿਮਾਰੀ ਬਲ ਫੜ ਲੈਂਦੀ ਹੈ। ਹਰ ਮਹੀਨੇ ਉਹ ਪੰਦਰਾਂ ਵੀਹ ਰੁਪਈਆਂ ਦੀਆਂ ਸਾਹ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਵਾਲੀਆਂ ਗੋਲੀਆਂ ਖਾ ਜਾਂਦਾ ਹੈ। ਬਹੁੜੀ ਬਹੁੜੀ ਉਸ ਦੀ ਦਿਨ ਰਾਤ ਮੁੱਕਦੀ ਨਹੀਂ। ਖਾਣ ਪੀਣ ਤੇ ਪਹਿਨਣ ਉਸ ਦੀ ਮਰਜ਼ੀ ਦਾ ਮਿਲਦਾ ਹੈ। ਹਰ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ, ਪਰ ਉਹ ਅਜੇ ਵੀ ਦੁਖੀ ਹੈ ਕਿ ਉਸ ਦਾ ਪੁੱਤਰ ਉਸ ਦੀ ਕੋਈ ਪ੍ਰਵਾਹ ਨਹੀਂ ਕਰਦਾ।

ਬਲਦੇਵ ਦੇ ਦਿਮਾਗ਼ ਵਿਚ ਗੁੱਸਾ ਜ਼ੋਰਾਂ 'ਤੇ ਹੋ ਗਿਆ ਹੈ ਤੇ ਉਸ ਦਾ ਕਾਲਜਾ ਚਿੜੀ ਦੇ ਬੱਚੇ ਵਾਂਗ ਧੜਕ ਰਿਹਾ, ਉਸ ਨੂੰ ਮਹਿਸੂਸ ਹੁੰਦਾ ਹੈ।

ਉਸ ਦੇ ਪਿਓ ਨੇ ਜਦ ਕਬੀਲਦਾਰੀ ਸਾਂਭੀ ਸੀ ਤਾਂ ਉਸ ਕੋਲ ਵੀਹ ਘੁਮਾਂ ਜ਼ਮੀਨ ਸੀ। ਬਲਦੇਵ ਦੀ ਸੁਰਤ ਤੋਂ ਪਹਿਲਾਂ ਹੀ ਉਸ ਨੇ ਦਸ ਘੁਮਾਂ ਬੈਅ ਕਰ ਦਿੱਤੀ ਸੀ। ਦੋ ਮੁਕੱਦਮੇ ਜਿਹੜੇ ਦਸ ਦਸ ਸਾਲ ਚਲਦੇ ਰਹੇ, ਦੋ ਕੁੜੀਆਂ ਤੇ ਦੋ ਭਾਈਆਂ ਦੇ ਵਿਆਹ ਜਿਨ੍ਹਾਂ 'ਤੇ ਸਾਰੇ ਸ਼ਰੀਕੇ ਤੋਂ ਉੱਤੋਂ ਦੀ ਖ਼ਰਚ ਕੀਤਾ, ਚਾਰ ਪੰਜ ਬਾਣੀਆਂ ਦਾ ਕਰਜ਼ਾ ਤੇ ਫ਼ੀਮ ਮੂੰਹੋਂ ਦਸ ਘੁਮਾਂ ਜ਼ਮੀਨ ਉਸ ਦੇ ਪਿਓ ਨੇ ਇਉਂ ਬੈਅ ਕਰ ਦਿੱਤੀ ਸੀ, ਜਿਵੇਂ ਘਰ ਵਿਚ ਵਾਧੂ ਪਈ ਚੀਜ਼ ਕੋਈ ਚੁੱਕ ਕੇ ਵੇਚ ਦਿੰਦਾ ਹੈ।

ਬਲਦੇਵ ਨੂੰ ਆਪਣਾ ਪਿਓ ਜ਼ਹਿਰ ਵਰਗਾ ਲਗਦਾ ਹੈ। ਪਿਓ ਹੈ ਆਖ਼ਰ, ਨਹੀਂ ਤਾਂ ਅਜਿਹੇ ਬੁੜ੍ਹੇ ਨੂੰ ਪੰਜ ਰੁਪਏ ਭਾੜਾ ਦੇ ਕੇ ਹਰਦੁਆਰ ਨੂੰ ਤੋਰ ਦੇਵੇ ਤੇ ਕਹੇ, "ਪਿਤਾ ਜੀ, ਆਖ਼ਰੀ ਦਿਨ ਹੁਣ ਗੰਗਾ ਮਾਈ ਦੀਆਂ ਲਹਿਰਾ ਗਿਣ ਕੇ ਗੁਜ਼ਾਰੋ ਤੇ ਮੁਕਤੀ ਪ੍ਰਾਪਤ ਕਰੋ।" ਬਲਦੇਵ ਦਾ ਗੁੱਸਾ ਹੋਰ ਵਧ ਰਿਹਾ ਹੈ।

ਉਸ ਦੀ ਮਾਂ ਓਦੂੰ ਕਟਕਾਂ ਦੇ ਜਾਣੀ ਹੈ। ਬੁੜ੍ਹਾ ਫ਼ੀਮ ਖਾਂਦਾ ਸੀ ਅਤੇ ਉਹ ਨਸਵਾਰ ਸੁੰਘਣ ਲੱਗ ਪਈ ਸੀ। ਬਲਦੇਵ ਤਾਹਨੇ ਦਿੰਦਾ ਹੈ, ਕਦੇ ਬੁੜ੍ਹੀਆਂ ਵੀ ਨਸਵਾਰ ਲੈਂਦੀਆਂ ਹੁੰਦੀਆਂ ਨੇ?" ਘਰ ਵਿਚ ਸਾਰੇ ਦਿਨ ਦੀ ਕੁੱਤੇ ਕੁੱਤੇ ਤੋਂ ਤੰਗ ਆ ਕੇ ਉਸ ਨੇ ਨਸਵਾਰ ਛੱਡ ਦਿੱਤੀ ਸੀ। ਹੁਣ ਕਦੇ ਟੰਗਾਂ ਦੁਖਦੀਆਂ ਹਨ, ਕਦੇ ਘਾਰ ਉੱਠ ਖੜ੍ਹੀ ਹੈ, ਕਦੇ ਪੁੜਪੁੜੀਆਂ ਦੁਖਦੀਆਂ ਹਨ, ਕਦੇ ਰੋਟੀ ਹਜ਼ਮ ਨਹੀਂ ਹੋਈ, ਕਦੇ ਗੋਡਿਆਂ ਵਿਚ ਦਰਦ ਹੈ। ਨਿੱਤ ਪੁੜੀਆਂ, ਨਿੱਤ ਗੋਲੀਆਂ, ਨਿੱਤ ਸੂਏ। ਉਸ ਦਾ ਇਤਰਾਜ਼ ਹੈ ਕਿ "ਮੁੰਡਾ ਆਪਣੇ ਪਿਓ ਦੀ ਮੌਤ ਭਾਲਦਾ ਹੈ। ਕਦੇ ਵੀ ਉਸ ਨੂੰ ਰਾਜ਼ੀ ਬਰਾਜ਼ੀ ਨਹੀਂ ਪੁੱਛਿਆ। ਮੈਨੂੰ ਸਿੱਧੇ ਮੂੰਹ ਨਹੀਂ ਬੋਲਦਾ। ਬਹੂ, ਐਸੇ ਘਰ ਦੀ ਆਈ ਹੈ ਕਿ ਹੱਥ ਨਾਲ ਟੁੱਕ ਦੇ ਕੇ ਰਾਜ਼ੀ ਨਹੀਂ।ਐਨੀ ਤਨਖ਼ਾਹ ਮੁੰਡੇ ਦੀ ਪੈਂਦੀ ਹੈ ਤੇ ਕਿੱਧਰ ਜਾਂਦੀ ਹੈ।" ਆਂਢਣਾਂ ਗੁਆਂਢਣਾਂ ਤੇ ਵੀਹੀ ਦੀਆਂ ਬੁੜ੍ਹੀਆਂ ਕੋਲ ਜਾ ਕੇ ਚੁਗਲੀਆਂ ਕਰਨ ਤੋਂ ਬਿਨਾਂ ਉਸ ਨੂੰ ਹੋਰ ਕੋਈ ਕੰਮ ਨਹੀਂ।

ਸਾਰਾ ਟੱਬਰ ਗੁੜ ਦੀ ਚਾਹ ਪੀਂਦਾ ਹੈ ਤੇ ਬੁੜ੍ਹਾ ਬੁੜ੍ਹੀ ਖੰਡ ਦੀ। ਜਦੋਂ ਖੰਡ ਦਸ ਰੁਪਏ ਕਿੱਲੋ ਹੋਈ ਸੀ, ਉਦੋਂ ਉਨ੍ਹਾਂ ਨੇ ਗੁੜ ਦੀ ਚਾਹ ਨੂੰ ਮੂੰਹ ਨਹੀਂ ਸੀ ਲਾਇਆ।

ਬਲਦੇਵ ਦੁਖੀ ਹੈ ਤੇ ਖੂੰਜੇ ਵਿਚ ਮੂੰਹ ਦਈਂ ਪਿਆ ਮੱਕੜੀ ਦੇ ਜਾਲੇ ਵਿਚ ਫਸੇ ਇੱਕ ਕੀੜੇ ਨੂੰ ਗਹੁ ਨਾਲ ਦੇਖ ਰਿਹਾ ਹੈ। ਕੀੜਾ ਤੜਫ਼ ਰਿਹਾ ਹੈ, ਪਰ ਜਾਲਾ ਉਸ

18

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ