ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/181

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਹੀ ਇੱਕ ਬੈਠਕ। ਵਿਹੜੇ ਵਿਚ ਇੱਕ ਪਾਸੇ ਰਸੋਈ ਤੇ ਇੱਕ ਪਾਸੇ ਗੁਸਲਖ਼ਾਨਾ। ਪਿਛਲੇ ਪਾਸੇ ਦੋ ਸਬ੍ਹਾਤਾਂ। ਇੱਕ ਡੰਗਰ-ਪਸ਼ੂ ਤੇ ਨੀਰੇ ਦਾਣੇ ਵਾਸਤੇ, ਇੱਕ ਸਮਾਨ ਆਦਿ ਰੱਖਣ ਲਈ ਵਸੋਂ ਵਾਲੀ। ਇੱਕ ਸਬ੍ਹਾਤ 'ਤੇ ਸਬ੍ਹਾਤ ਜਿੱਡਾ ਹੀ ਚੁਬਾਰਾ।

ਜੱਦੀ ਜ਼ਮੀਨ ਉਸ ਕੋਲ ਦਸ ਕਿੱਲੇ ਸੀ। ਜਿੰਨਾ ਚਿਰ ਉਹ ਨੌਕਰੀ ਵਿੱਚ ਰਿਹਾ, ਜ਼ਮੀਨ ਨੂੰ 'ਠੇਕੇ' ਤੇ ਦਿੰਦਾ ਰਿਹਾ। ਕਦੇ-ਕਦੇ 'ਹਿੱਸੇ' 'ਤੇ ਵੀ ਦੇ ਦਿੰਦਾ ਸੀ। ਪੈਨਸ਼ਨ ਆ ਕੇ ਉਸ ਨੇ ਸੱਤ ਕਿੱਲੇ ਜ਼ਮੀਨ ਹੋਰ ਖਰੀਦ ਲਈ ਸੀ। ਆਪ ਵਾਹੀ ਕਰਵਾਈ। ਇੱਕ ਸੀਰੀ, ਇੱਕ ਕਾਮਾ। ਇੰਕ ਜੋੜੀ ਬਲਦ। ਆਪ ਉਹ ਉਤਲੇ ਕੰਮ 'ਤੇ ਰਹਿੰਦਾ ਸੀ। ਪਰ ਵਾਹੀ ਦਾ ਕੰਮ ਉਹ ਤਿੰਨ-ਚਾਰ ਸਾਲਾਂ ਤੋਂ ਵੱਧ ਨਾ ਚਲਾ ਸਕਿਆ। ਚੰਦੋ ਨੂੰ ਵੀ ਇਹ ਕੰਮ ਪਸੰਦ ਨਹੀਂ ਸੀ। ਐਨੇ-ਐਨੇ ਬੰਦਿਆਂ ਦੀਆਂ ਰੋਟੀਆਂਉਸ ਤੋਂ ਖੇਤ ਢੋਈਆਂ ਨਹੀਂ ਸੀ ਜਾਂਦੀਆਂ। ਹੋਰ ਕਿੰਨੇ ਹੀ ਕੰਮ ਉਸ ਨੂੰ ਸਾਹ ਲੈਣਾ ਔਖਾ ਹੋ ਗਿਆ ਸੀ। ਉਹ ਤਾਂ ਹਰ ਵੇਲੇ ਖੇਤੀ ਦੇ ਕੰਮ ਵਿੱਚ ਹੀ ਰੁੱਝੀ ਰਹਿੰਦੀ ਸੀ। ਅਖੀਰ ਸਬੇਦਾਰ ਨੇ ਸਾਰੀ ਜ਼ਮੀਨ ਹਿੱਸੇ 'ਤੇ ਦੇਣੀ ਅਰੰਭ ਕਰ ਦਿੱਤੀ। ਦਾਣਿਆ ਦੀਆਂ ਬੋਰੀਆਂ ਛੱਤ ਨਾਲ ਲੱਗੀਆਂ ਰਹਿੰਦੀਆਂ। ਵਾਧੂ ਤੂੜੀ ਵੇਚ ਦਿੱਤੀ ਜਾਂਦੀ। ਪੈਨਸ਼ਨ ਆਉਂਦੀ ਸੀ। ਰੁਪਈਏ ਪੈਸੇ ਦਾ ਤੋੜਾ ਨਹੀਂ ਸੀ।

ਇੱਕ ਘਾਟ ਸੀ। ਚੰਦੋ ਢਿੱਡੋਂ ਨਹੀਂ ਸੀ ਟੁੱਟੀ। ਹੁਣ ਤਾਂ ਉਮੀਦ ਵੀ ਕੋਈ ਨਹੀਂ ਸੀ। ਚੰਦੋ ਦਾ ਸਰੀਰ ਫੁੱਲ ਗਿਆ ਸੀ। ਪੰਜਣੀਆਂ ਭਾਰੀ ਹੋ ਗਈਆਂ ਸਨ। ਗਰਦਨ ਵਿੱਚ ਦੋ-ਤਿਨ ਚੂੜੀਆਂ ਪੈਂਦੀਆਂ ਨਜ਼ਰ ਆਉਂਦੀਆਂ ਸਨ।

ਸੂਬੇਦਾਰ ਦਿਨੋ-ਦਿਨ ਥਿਵਦਾ ਜਾਂਦਾ ਸੀ।

ਸ਼ਰਾਬ ਪਰ ਉਹ ਨਿੱਤ ਪੀਂਦਾ ਸੀ। ਚੌਥੇ ਪੰਜਵੇਂ ਦਿਨ ਮਾਸ ਵੀ ਰਿਝਦਾ। ਕਦੇ-ਕਦੇ ਤਾਂ ਚੰਦੋ ਵੀ ਘੱਟ ਪੀ ਲੈਂਦੀ। ਮਾਸ ਤਾਂ ਉਹ ਖਾ ਹੀ ਲੈਂਦੀ ਸੀ। ਸ਼ਰਾਬ ਪੀਣ ਤੇ ਮਾਸ ਖਾਣ ਦੀ ਆਦਤ ਉਸਨੂੰ ਚੰਨਣ ਸਿੰਘ ਨੇ ਆਪ ਹੀ ਪਾਈ ਸੀ। ਜਦ ਉਹ ਫ਼ੌਜ ਵਿੱਚ ਸੀ, ਉਸ ਨੇ ਦੇਖਿਆ ਸੀ ਕਿ ਵੱਡੇ-ਵੱਡੇ ਅਫ਼ਸਰਾਂ ਦੀਆਂ ਤੀਵੀਆਂ ਸ਼ਰਾਬ ਪੀ ਲੈਂਦੀਆਂ ਸਨ ਤੇ ਮਾਸ ਵੀ ਖਾਂਦੀਆਂ ਹਨ। ਸੋ ਜਦੋਂ ਚੰਦੋ ਉਸ ਕੋਲ ਆਈ ਹੁੰਦੀ, ਉਹ ਨਿੱਤ ਹੀ ਉਸ ਨੂੰ ਮੱਲੋ-ਮੱਲੀ ਛੋਟਾ ਜਿਹਾ ਪੈੱਗ ਪਿਆ ਦਿੰਦਾ ਸੀ।ਪਹਿਲੇ ਦਿਨ ਤਾਂ ਪਸ਼ੂ ਵਾਂਗ ਢਾਹ ਕੇ ਉਸਨੇ ਉਸ ਦੇ ਮੂੰਹ ਵਿੱਚ ਸ਼ਰਾਬ ਪਾਈ ਸੀ। ਮਾਸ ਖਾਣ ਤੋਂ ਵੀ ਚੰਦੋਨੂੰ ਕਚਿਆਣ ਜਿਹੀ ਆਉਂਦੀ। ਪਰ ਉਸ ਨੇ ਚੰਦੋ ਦਾ ਇਹ ਹਿੱਕ ਧੜੱਕਾ ਵੀ ਚੁੱਕ ਦਿੱਤਾ ਸੀ। ਫਿਰ ਤਾਂ ਚੰਦੋ ਆਪ ਹੀ ਸ਼ਰਾਬ ਪੀ ਲੈਂਦੀ, ਆਪ ਹੀ ਮਾਸ ਖਾ ਲੈਂਦੀ। ਸੂਬੇਦਾਰ ਖ਼ੁਸ਼ ਸੀ।

ਹੁਣ ਪਿੰਡ ਵਿੱਚ ਜਦੋਂ ਉਹ ਸ਼ਰਾਬ ਪੀਂਦਾ ਤਾਂ ਕਦੇ-ਕਦੇ ਅਗਵਾੜ ਦੇ ਕਿਸੇ ਚੋਬਰ ਨੂੰ ਵੀ ਘਰ ਸੱਦ ਲੈਂਦਾ। ਕਿਸੇ ਚੋਬਰ ਮੁੰਡੇ ਨਾਲ ਸ਼ਰਾਬ ਪੀ ਕੇ ਜਿਵੇਂ ਉਹ ਆਪਣੀ ਬੀਤ ਚੁੱਕੀ ਜਵਾਨੀ ਨੂੰ ਵਾਪਸ ਬੁਲਾ ਲੈਂਦਾ ਹੋਵੇ। ਅਜਿਹਾ ਉਸ ਨੂੰ ਮਹਿਸੂਸ ਹੁੰਦਾ। ਕਦੇ-ਕਦੇ ਤਾਂ ਦੋ-ਦੋ, ਤਿੰਨ-ਤਿੰਨ ਨੌਜਵਾਨ ਮੁੰਡੇ ਵੀ ਉਸ ਕੋਲ ਆ ਜਾਂਦੇ। ਸ਼ਰਾਬ ਦੀ ਬੋਤਲ ਵੀ ਉਹ ਆਪ ਲੈ ਕੇ ਆਉਂਦੇ।

ਹਰਨੇਕ ਚੌਥੇ-ਪੰਜਵੇਂ ਦਿਨ ਹੀ ਬੋਤਲ ਲੈ ਕੇ ਆ ਬਹਿੰਦਾ ਸੀ। ਚੰਦੋ ਨੂੰ ਚਾਚੀ ਕਹਿੰਦਾ। ਸੂਬੇਦਾਰ ਨੂੰ ਬਾਪੂ ਕਹਿਣ ਤਾਈਂ ਜਾਂਦਾ।

ਮੀਂਹ ਵਾਲੀ ਰਾਤ

181