ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/183

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਾਂਹ, ਕੋਈ ਲੋੜ ਨ੍ਹੀਂ ਬਸ। ਅੱਜ ਤੋਂ ਮੁੱਕਿਆ ਸਭ ਕੁਸ। ਪੀਣੀ ਹੁੰਦੀ ਐ ਤਾਂ ਬਾਹਰ ਕਿਤੇ ਨਿੱਜ ਆਇਆ ਕਰ। ਇੱਥੇ ਨਿੱਤ ਘਰੇ ਝੱਜੂ ਪੌਣ ਦੀ ਜ਼ਰੂਰਤ ਨ੍ਹੀਂ। ਚੰਦੋ ਅੰਦਰੋਂ ਖ਼ੁਸ਼, ਪਰ ਬਾਹਰੋਂ ਮੱਥੇ 'ਤੇ ਤਿਉੜੀਆਂ ਪਾ ਕੇ ਬੁੜ੍ਹਕਦੀ।

ਚੰਗਾ, ਪੀ ਆਇਆ ਕਰਾਂਗੇ ਬਾਹਰ ਕਿਤੇ। ਤੂੰ ਡੱਬੀ 'ਚ ਪਾ ਕੇ ਰੱਖ ਆਵਦੀ ਹਵੇਲੀ ਨੂੰ। ਤੇ ਫਿਰ ਕਹਿ ਦਿੰਦਾ, ਵੱਡੀ ਆ 'ਗੀ। ਇਹ ਘਰ ਦੀ ਮਾਲਕਣ? ਤੇ ਫਿਰ ਹੱਕ ਨੂੰ ਮੋਢਿਆਂ ਤੋਂ ਉਤਾਂਹ ਲਿਜਾ ਕੇ ਅਲਸਾਈ ਅਵਾਜ਼ ਵਿੱਚ ਵਿੱਚ ਬੋਲਦਾ, ਖਾਣ ਪੀਣ ਈ ਰਹਿ ਜਾਣੈ, ਕਮਲੀਏ। ਕੀ ਲੈ ਜਾਣੈ, ਏਸ ਜੱਗ ਤੋਂ?

ਚੰਦੋ ਦਾ ਓਪਰਾ-ਓਪਰਾ ਗੁੱਸਾ ਠੰਡਾ ਹੋ ਚੁੱਕਿਆ ਹੁੰਦਾ।

4

ਇੱਕ ਸੀ ਪਟਵਾਰੀ ਕੁੰਦਨ ਲਾਲਾ।

ਉਹ ਉਸ ਪਿੰਡ ਵਿੱਚ ਚਾਰ-ਪੰਜ ਸਾਲ ਤੋਂ ਰਹਿ ਰਿਹਾ ਸੀ। ਹੱਟਾ-ਕੱਟਾ, ਜਾਤ ਦਾ ਬਾਣੀਆ। ਪਰ ਖਾਣ ਪੀਣ ਸਾਰਾ ਜੱਟਾਂ ਵਾਲਾ। ਤੀਜੇ-ਚੌਥੇ ਦਿਨ ਮੁਰਗਾ ਰਿੰਨ੍ਹਦਾ। ਘਰ ਦੀ ਕੱਢੀ ਸ਼ਰਾਬ ਦੀ ਬੋਤਲ ਤਾਂ ਉਸ ਕੋਲ ਪਈ ਹੀ ਰਹਿੰਦੀ। ਮੁਫ਼ਤ ਦੀ। ਕਦੇ-ਕੋਈ ਦੇ ਜਾਂਦਾ, ਕਦੇ ਕੋਈ। ਉਸ ਦੀ ਘਰਵਾਲੀ ਤੇ ਜਵਾਕ ਉਸ ਦੇ ਆਪਣੇ ਪਿੰਡ ਰਹਿੰਦੇ ਸਨ। ਆਪਣੇ ਪਿੰਡ ਤਾਂ ਉਹ ਮਹੀਨੇ ਪਿੱਛੋਂ ਗੇੜਾ ਮਾਰਦਾ।

ਪਿਛਲੇ ਇੱਕ ਸਾਲ ਤੋਂ ਸੂਬੇਦਾਰ ਦੇ ਘਰ ਉਹ ਦਾ ਆਉਣ ਜਾਣ ਸੀ। ਕਦੇ ਪਟਵਾਰੀ ਸੂਬੇਦਾਰ ਨੂੰ ਪਟਵਾਰਖ਼ਾਨੇ ਸੱਦ ਲੈਂਦਾ ਤੇ ਕਦੇ ਸੂਬੇਦਾਰ ਪਟਵਾਰੀ ਨੂੰ ਆਪਣੇ ਘਰ। ਬੋਤਲ ਦਾ ਇੰਤਜ਼ਾਮ ਹਮੇਸ਼ਾ ਹੀ ਪਟਵਾਰੀ ਕਰਦਾ।

ਸਬੇਦਾਰ ਖੇਤਾਂ ਵੱਲ ਗੇੜਾ ਮਾਰਨ ਗਿਆ ਹੁੰਦਾ ਕਦੇ ਸ਼ਹਿਰ ਚਲਿਆ ਜਾਂਦਾ ਜਾਂ ਜਿਸ ਦਿਨ ਉਹ ਪੈਨਸ਼ਨ ਲੈਣ ਗਿਆ ਹੁੰਦਾ ਤਾਂ ਪਟਵਾਰੀ ਜ਼ਰੂਰ ਹੀ ਉਸ ਦੇ ਘਰ ਜਾਂਦਾ। ਪਟਵਾਰੀ ਨੇ ਗੇਂਦੇ ਚੌਕੀਦਾਰ ਨੂੰ ਚਾਟ 'ਤੇ ਲਾਇਆ ਹੋਇਆ ਸੀ। ਉਹ ਸੁਬੇਦਾਰ ਦੇ ਘਰੋਂ ਬਾਹਰ ਜਾਣ ਦੀ ਬਿੜਕ ਰੱਖਦਾ। ਚੰਦੇ ਕੁੰਦਨ ਪਟਵਾਰੀ ਨੂੰ ਚਾਹੁੰਦੀ ਵੀ ਸੀ। ਮੱਲਾਂ ਵਾਂਗ ਉਸ ਨੂੰ ਪਾਲਦੀ ਸੀ। ਡੋਲੂ ਘਿਓ ਦਾ ਭਰ ਕੇ ਗੇਂਦੇ ਨੂੰ ਫੜਾ ਦਿੰਦੀ। ਪੰਦਰੀਂ-ਵੀਹੀਂ ਦਿਨੀਂ ਹੀ। ਹਰਨੇਕ ਨਾਲੋਂ ਪਟਵਾਰੀ ਦਾ ਤਿਹੁ ਉਹ ਬਹੁਤ ਕਰਦੀ। ਉਸ ਦਾ ਤਾਂ ਰੰਗ ਹੀ ਹੋਰ ਸੀ। ਉਹ ਤਾਂ ਧਰਤੀ ਹਿਲਾ ਦਿੰਦਾ।

5

ਕਦੇ-ਕਦੇ ਉਹ ਸੋਚਦੀ, ਕਿੰਨੀ ਪਾਪਣ ਹੈ। ਕਿੰਨੀ ਬੇਸ਼ਰਮ। ਉਸ ਨੂੰ ਤਾਂ ਚੜ੍ਹੀ ਲੱਥੀ ਦੀ ਸੁਰਤ ਹੀ ਨਹੀਂ।

ਜਦ ਕਦੇ ਉਹ ਸੱਥ ਵਿੱਚ ਦੀ ਲੰਘਦੀ, ਹਥਾਈ ਦੀ ਚੌਕੜੀ 'ਤੇ ਬੈਠੀ ਲੰਡੋਰ ਢਾਣੀ ਉਸ ਨੂੰ ਬੋਲੀਆਂ ਮਾਰਦੀ, ਖੰਡ ਦੀ ਬੋਰੀ ਐ, ਜੀਹਦੀ ਮਰਜ਼ੀ ਫੱਕਾਂ ਮਾਰ ਲੋ।

ਕਦੇ ਉਹ ਦੇ ਨਾਲ ਕੋਈ ਗਵਾਂਢਣ ਲੜ ਪੈਂਦੀ ਤਾਂ ਕਹਿੰਦੀ, ਨੀ, ਤੂੰ ਕੀ ਬੋਲਣ ਨੂੰ ਮਰਦੀ ਐਂ? ਸਾਰੇ ਪਿੰਡ ਦੀ ਚਗਲ।

ਮੀਂਹ ਵਾਲੀ ਰਾਤ
183