ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/187

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗੇਂਦੇ ਨੂੰ ਗੁਰਜੀਤ ਨੇ ਕੁਝ ਨਾ ਪੁੱਛਿਆ। ਬਿੰਦ ਕੁ ਪੈਰ ਮਲ ਕੇ ਉਹ ਵਾਪਸ ਜਾਣ ਲੱਗਿਆ। ਉਸ ਨੇ ਸੁਣਿਆ, ਜਿਵੇਂ ਕੰਦੋ ਦੇ ਤਖ਼ਤੇ ਖੜਕੇ ਹੋਣ। ਉਸ ਨੇ ਧਿਆਨ ਨਾਲ ਸੁਣਿਆ, ਅੰਦਰੋਂ ਕੋਈ ਹੌਲੀ-ਹੌਲੀ ਗੇਂਦੇ ਨੂੰ ਹਾਕਾਂ ਮਾਰ ਰਿਹਾ ਸੀ। ਪਟਵਾਰੀ ਤੇ ਬਾਰ ਮੂਹਰਿਓਂ ਹਿੱਲ ਕੇ ਉਹ ਗੇਂਦੇ ਦੇ ਬਿਲਕੁਲ ਨੇੜੇ ਹੋ ਗਿਆ। ਉਸ ਨੇ ਕਣੱਖਾ ਜਿਹਾ ਦੇਖਿਆ, ਗੇਂਦਾ ਕੰਦੋ ਦੇ ਤਖ਼ਤਿਆਂ ਵੱਲ ਆਪਣੀ ਉਂਗਲ ਨਾਲ ਕੋਈ ਇਸ਼ਾਰਾ ਕਰ ਗਿਆ ਸੀ। ਗੁਰਜੀਤ ਨੇ ਆਪ ਜਾ ਕੇ ਕੰਦੇ ਦੇ ਤਖ਼ਤਿਆਂ ਦਾ ਕੁੰਡਾ ਖੋਲ੍ਹ ਦਿੱਤਾ। ਦੇਖਿਆ, ਪਟਵਾਰੀ ਖੜ੍ਹਾ ਸੀ ਤੇ ਉਸ ਦੇ ਪਿੱਛੇ ਉਹ ਦੀ ਭੂਆ। ਗੁਰਜੀਤ ਨੂੰ ਸਣੇ ਕੱਪੜੀਂ ਅੱਗ ਲੱਗ ਗਈ। ਉਸ ਨੇ ਬਾਰੋਂ ਅੰਦਰ ਹੋ ਕੇ ਪਟਵਾਰੀ ਨੂੰ ਜੱਫ਼ਾ ਪਾ ਲਿਆ ਤੇ ਧਰਤੀ 'ਤੇ ਡੇਗਣ ਦੀ ਕੋਸ਼ਿਸ ਕਰਨ ਲੱਗਿਆ। ਪਟਵਾਰੀ ਵੀ ਤਕੜਾ ਸੀ। ਕੋਈ ਵੀ ਘੱਟ ਨਹੀਂ ਸੀ। ਕਾਫ਼ੀ ਦੇਰ ਉਹ ਜੱਫੋ-ਜੱਫ਼ੀ ਤੇ ਘਸੁੰਨ-ਮੁੱਕੀ ਹੁੰਦੇ ਰਹੇ। ਚੰਦੋ ਕਦੋਂ ਦੀ ਉੱਥੋਂ ਖਿਸਕ ਗਈ ਸੀ। ਇੱਕ ਖੂੰਜੇ ਪਿਆ ਟੁੱਟਿਆ ਜਿਹਾ ਗੰਧਾਲਾ ਗੁਰਜੀਤ ਨੇ ਚੁੱਕ ਲਿਆ। ਪਟਵਾਰੀ ਭੱਜਣ ਦੀ ਕੋਸ਼ਿਸ ਕਰਨ ਲੱਗਿਆ, ਪਰ ਨਹੀਂ। ਗੁਰਜੀਤ ਨੇ ਉਸ ਨੂੰ ਜਾਣ ਨਹੀਂ ਦਿੱਤਾ। ਦੋਵਾਂ ਹੱਥਾਂ ਦੀ ਮਜ਼ਬੂਤ ਪਕੜ ਨਾਲ ਜ਼ੋਰ ਦੀ ਉਸ ਨੇ ਦੋ ਗੰਧਾਲੇ ਪਟਵਾਰੀ ਦੇ ਮੌਰਾਂ 'ਤੇ ਮਾਰੇ। ਥਾਏਂ ਡੇਗ ਲਿਆ। ਦੋ-ਤਿੰਨ ਹੋਰ ਵਾਰ ਉਸ ਨੇ ਉਸ ਦੇ ਗਿੱਟਿਆਂ 'ਤੇ ਜੜ ਦਿੱਤੇ। ਉੱਠਣ ਜੋਗਾ ਨਾ ਛੱਡਿਆ। ਉਹ ਬੇਸੁਰਤ ਜਿਹਾ ਹੋ ਗਿਆ। ਗੁਰਜੀਤ ਨੇ ਗੰਧਾਲਾ ਹੱਥੋਂ ਪਰ੍ਹੇ ਵਗਾਹ ਮਾਰਿਆ। ਉਹ ਛੇਤੀ-ਛੇਤੀ ਆਪਣੇ ਘਰ ਵੱਲ ਤੁਰ ਪਿਆ। ਬਾਰ ਮੂਹਰੇ ਆ ਕੇ ਤਖ਼ਤੇ ਉਸ ਨੇ ਭਿੜੇ ਹੋਏ ਦੇਖੇ। ਧੱਕਾ ਮਾਰਿਆ, ਅੰਦਰਲਾ ਕੁੰਡਾ ਲੱਗਿਆ ਹੋਇਆ ਸੀ। ਭੂਆ, ਕਹਿ ਕੇ ਉਸ ਨੇ ਹਾਕਾਂ ਮਾਰੀਆਂ। ਅੰਦਰੋਂ ਕੋਈ ਨਾ ਬੋਲਿਆ। ਇੱਕ ਗਵਾਂਢਣ ਨੇ ਦੱਸਿਆ, ਚੰਦੋ ਤਾਂ ਭਾਈ ਅੰਦਰ ਈ ਐ। ਹੁਣੈ ਆਈ ਐ।

ਗੁਰਜੀਤ ਨੇ ਜ਼ੋਰ-ਜ਼ੋਰ ਦੀ ਕੁੰਡਾ ਖੜਕਾਇਆ। ਉੱਚੀ-ਉੱਚੀ ਹਾਕਾਂ ਮਾਰੀਆਂ। ਚੰਦੋ ਫਿਰ ਵੀ ਨਹੀਂ ਬੋਲੀ। ਗੁਰਜੀਤ ਦੇ ਚਿੱਤ ਵਿੱਚ ਪਤਾ ਨਹੀਂ ਕੀ ਆਈ, ਉਹ ਪਿੱਛੋਂ ਨਿਕਲਿਆ ਤੇ ਤੁਰਦਾ-ਤੁਰਦਾ ਸ਼ਹਿਰ ਪਹੁੰਚ ਗਿਆ। ਕਿਸੇ ਤੋਂ ਕੁਝ ਪੈਸੇ ਫੜੇ ਤੇ ਬੱਸ ਚੜ੍ਹ ਕੇ ਆਪਣੇ ਪਿੰਡ ਪਹੁੰਚ ਗਿਆ। ਮੁੜ ਕੇ ਭੂਆ ਦੇ ਪਿੰਡ ਨਹੀਂ ਆਇਆ।

ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਸੀ। ਗੇਂਦੇ ਚੌਕੀਦਾਰ ਨੂੰ ਜੇ ਕੋਈ ਕੁਝ ਪੁੱਛਦਾ, ਚੌਕੀਦਾਰਾ, ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੋਣੈ?

ਨਾ, ਨਾ ਭਾਈ ਮੈਨੂੰ ਕੋਈ ਇਲਮ ਨੀ। ਗੇਂਦਾ ਜਵਾਬ ਦਿੰਦਾ।

ਕੰਦੋ ਦੇ ਘਰੋਂ ਪਟਵਾਰੀ ਨੂੰ ਧਰਮੂ ਪੰਚ ਤੇ ਰੌਣਕੀ ਬਾਣੀਏ ਨੇ ਚੁੱਕਿਆ ਸੀ। ਉਸ ਦੇ ਮਕਾਨ ਵਿੱਚ ਲਿਆ ਕੇ ਮੰਜੇ 'ਤੇ ਪਾਇਆ ਸੀ। ਪਟਵਾਰੀ ਨੇ ਭੋਰਾ ਵੀ ਗੱਲ ਪੁਲਿਸ ਕੋਲ ਨਹੀਂ ਸੀ ਪਹੁੰਚਣ ਦਿੱਤੀ, ਪਰ ਉਹ ਨਮੋਸ਼ੀ ਬਹੁਤ ਮੰਨ ਗਿਆ ਸੀ। ਪੰਜ-ਸੱਤ ਦਿਨਾਂ ਵਿੱਚ ਹੀ ਉਹ ਆਪਣਾ ਸਮਾਨ ਚੁੱਕ ਕੇ ਮਕਾਨ ਖਾਲੀ ਕਰ ਗਿਆ। ਮੁੜ ਕੇ ਪਿੰਡ ਨਹੀਂ ਸੀ ਵੜਿਆ। ਦੂਜੇ ਪਟਵਾਰੀ ਦੇ ਆਉਣ 'ਤੇ ਹੀ ਪਤਾ ਲੱਗਿਆ ਕਿ ਕੁੰਦਨ ਪਾਟਵਾਰੀ ਨੇ ਤਾਂ ਬਦਲੀ ਕਰਵਾ ਲਈ ਸੀ।

ਮੀਂਹ ਵਾਲੀ ਰਾਤ
187