ਬਹੁਤਾ ਦੁੱਧ ਦੇਣ ਵਾਲੀ ਮੱਝ ਚੰਦੋ ਨੇ ਵੇਚ ਦਿੱਤੀ। ਇੱਕ ਜਿਹੜੀ ਰਹਿ ਗਈ, ਉਸ ਦਾ ਇੱਕ ਥਣ ਚੋਅ ਕੇ ਦੂਜੇ ਥਣ ਨੂੰ ਭਾਵੇਂ ਕੋਈ ਹੋਰ ਚੋਣ ਬੈਠ ਜਾਵੇ। ਤੀਜੇ ਨੂੰ ਹੋਰ, ਚੌਥੇ ਨੂੰ ਹੋਰ। ਭੋਰਾ ਵੀ ਨਾ ਹਿੱਲਦੀ। ਪੈਰ ਗੱਡ ਕੇ ਖੜ੍ਹੀ ਰਹਿੰਦੀ, ਪਰ ਉਸ ਥੱਲੇ ਦੁੱਧ ਥੋੜ੍ਹਾ ਸੀ, ਮਗਰ ਵੀ ਕੱਟਾ ਸੀ। ਸੀਲ ਹੋਣ ਕਰਕੇ ਚੰਦੋ ਉਸ ਨੂੰ ਵੇਚਣਾ ਨਹੀਂ ਸੀ ਚਾਹੁੰਦੀ। ਉਹ ਤਾਂ ਉਨ੍ਹਾਂ ਦੇ ਘਰ ਚਾਰ-ਪੰਜ ਸੂਏ ਦੇ ਚੁੱਕੀ ਸੀ। ਉਨ੍ਹਾਂ ਦੇ ਘਰ ਵਿੱਚ ਤਾਂ ਜਿਵੇਂ ਉਸ ਦਾ ਸਦੀਵੀਂ ਮੋਹ ਪੈ ਗਿਆ ਹੋਵੇ ਤੇ ਨਾਲੇ ਉਹ ਖਰੀਦੀ ਹੋਈ ਵੀ ਸੂਬੇਦਾਰ ਦੇ ਆਪਣੇ ਹੱਥਾਂ ਦੀ ਸੀ।
ਪਾਲੀ ਚਮਿਆਰਾਂ ਦਾ ਮੁੰਡਾ ਸੀ। ਉਮਰ ਪੰਦਰਾਂ-ਸੋਲਾਂ ਸਾਲ। ਰੰਗ ਤਾਂ ਭਾਵੇਂ ਗੁੜ ਦੇ ਕੜਾਹ ਵਰਗਾ ਸੀ, ਪਰ ਨੈਣ-ਨਕਸ਼ ਵਾਹਵਾ ਸਨ। ਹੱਡਾਂ-ਪੈਰਾਂ ਦਾ ਵੀ ਖੁੱਲ੍ਹਾ ਸੀ। ਜਾਂਘੀਆ ਪਾਕੇ ਰੱਖਦਾ। ਚਾਦਰਾ ਉਸਨੇ ਕਦੇ ਵੀ ਨਹੀਂ ਸੀ ਪਾਇਆ। ਚੰਦੋ ਕਈ ਵਾਰ ਉਸਨੂੰ ਟੋਕਦੀ- ਮੂਲ੍ਹਿਆਂ ਵਰਗੇ ਪੱਟ ਨੰਗੇ ਰੱਖਦੈਂ, ਕੋਈ ਨਿਆਣੈ, ਅਜੇ ਵੀ ਤੂੰ?
ਉਹ ਮੁਸਕਰਾ ਛੱਡਦਾ।
ਉਹ ਉਸ ਦੇ ਪੱਟਾਂ 'ਤੇ ਮੋੜਵੀ ਨਜ਼ਰ ਸੁੱਟਦੀ। ਉਹ ਕੁੜਤੇ ਦੇ ਪੱਲੇ ਨਾਲ ਪੱਟਾਂ ਨੂੰ ਢਕ ਲੈਣ ਦੀ ਕੋਸ਼ਿਸ਼ ਕਰਨ ਲੱਗਦਾ।
ਇੱਕ ਦਿਨ ਕੁਤਰੇ ਕਰਨ ਵਾਲੀ ਮਸ਼ੀਨ ਮੂਹਰੇ ਚਰ੍ਹੀ ਦਾ ਟੋਕਾ ਬਚਿਆ ਪਿਆ ਸੀ। ਆਥਣ ਦਾ ਵੇਲਾ ਸੀ। ਚੰਦੋ ਰੋਟੀਆਂ ਪਕਾ ਰਹੀ ਸੀ। ਉਹ ਬਾਹਰੋਂ ਆਇਆ। ਚੰਦੋ ਨੇ ਉਸ ਨੂੰ ਕਿਹਾ ਕਿ ਉਹ ਮਸ਼ੀਨ ਮੂਹਰਿਓਂ ਟੋਕਾ ਚੁੱਕ ਕੇ ਸਬਾਤ ਵਿੱਚ ਧਰ ਦੇਵੇ। ਬੱਦਲ ਹੋ ਗਏ ਹਨ। ਮੀਂਹ-ਕਣੀ ਦਾ ਮੌਸਮ ਹੈ। ਰਾਤ ਨੂੰ ਮੀਂਹ ਪੈ ਗਿਆ ਤਾਂ ਟੋਕਾ ਭਿੱਜ ਕੇ ਮੁਸ਼ਕ ਜਾਵੇਗਾ।
ਇੱਕ ਵੱਡੇ ਸਾਰੇ ਟੋਕਰੇ ਵਿੱਚ ਸਾਰਾ ਟੋਕਾ ਪਾ ਕੇ ਉੱਤੋਂ ਉਸ ਨੇ ਉਸ ਨੂੰ ਸੰਵਾਰ ਕੇ ਥਾਪੜ ਲਿਆ। ਇਕੱਲਾ ਚੁੱਕੇ ਤਾਂ ਚੁਕਿਆ ਨਾ ਜਾਵੇ। ਟੋਕਰਾ ਸੀ ਵੀ ਭਾਰੀ ਤੇ ਇਕੱਲੇ ਦਾ ਬਲ ਵੀ ਨਹੀਂ ਸੀ ਪੈਂਦਾ। ਉਹ ਨੇ ਚੰਦੋ ਨੂੰ ਹਾਕ ਮਾਰੀ, ਤਾਈ, ਲਵਾਈ ਹੱਥ।
ਸੌ ਵਾਰੀ ਆਖਿਆ ਕੇ ਤੈਨੂੰ, ਤਾਈ ਨਾ ਕਿਹਾ ਕਰ। ਤਾਈ, ਤਾਈ। ਪਿਓ ਨੂੰ ਤਾਂ ਪੁੱਛੀ, ਸੂਬੇਦਾਰ ਉਹ ਤੋਂ ਵੱਡਾ ਸੀ ਕਿ ਛੋਟਾ? ਚਾਚੀ ਆਖਿਆ ਕਰ। ਅਹੀ ਤੀ ਕਰੌਣਾ ਨਾ ਹੋਵੇ ਤਾਂ।
ਚੰਗਾ ਤਾਈ, ਚਾਚੀ ਕਹਿ ਦਿਆ ਕਰੂੰਗਾ।
ਫੇਰ ਤਾਈ? ਚੰਦੋ ਨੇ ਟੋਕਰਾ ਚੁੱਕ ਕੇ ਉਸ ਦੇ ਡੌਲੇ 'ਤੇ ਚੂੰਢੀ ਵੱਢ ਦਿੱਤੀ।
ਤਾਈ....ਊਈ ......ਟੋਕਰਾ ਡਿੱਗ ਪੂ। ਉਸ ਨੇ ਚੰਦੋ ਦਾ ਹੱਥ ਫੜ ਕੇ ਪਰ੍ਹਾਂ ਝੰਜਕ ਦਿੱਤਾ। ਸਬ੍ਹਾਤ ਵੱਲ ਟੋਕਰਾ ਚੁੱਕੀ ਜਾਂਦੇ ਦੇ ਮੌਰਾਂ 'ਤੇ ਚੰਦੋ ਨੇ ਇੱਕ ਧੱਫ਼ਾ ਮਾਰ ਦਿੱਤਾ-ਕਮੂਤ, ਅਜੇ ਕਿਹੜਾ ਹਟਦੈ ਕਹਿਣੋਂ।
ਚੱਕਲੇ 'ਤੇ ਰੋਟੀ ਵੇਲਦੀ ਚੰਦੋ ਦੇ ਦਿਮਾਗ ਵਿੱਚ ਮੁੜ-ਮੁੜ ਇਹ ਅਹਿਸਾਸ ਟਪਕਦਾ ਕਿ ਉਸ ਦੇ ਡੌਲੇ ਦਾ ਮਾਸ ਕਿੰਨਾ ਕਰਡਾ ਸੀ। ਚੂੰਢੀ ਵੱਢ ਕੇ ਉਸ ਦਾ 'ਗੂਠਾ ਤੇ ਉਂਗਲ ਅਜੇ ਵੀ ਚਿਲੂੰ-ਚਿਲੂੰ ਕਰੀ ਜਾਂਦੇ ਸਨ।
188
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ