ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/189

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬਾਟੀ ਵਿੱਚ ਦਾਲ ਪਵਾ ਕੇ ਤੇ ਹੱਥ 'ਤੇ ਦੋ ਰੋਟੀਆਂ ਖਾ ਕੇ ਉਹ ਰਸੋਈ ਵਿੱਚ ਹੀ ਇੱਕ ਪਾਸੇ ਬਹਿ ਗਿਆ। ਚੰਦੋ ਮੁੜ-ਮੁੜ ਉਸ ਦੇ ਮੂੰਹ ਵੱਲ ਦੇਖੀ ਜਾਂਦੀ ਸੀ ਤੇ ਚਿੱਤ ਵਿੱਚ ਕਹੀ ਜਾਂਦੀ ਸੀ, ਢਹਿ ਜਾਣੇ ਦਾ ਮਾਸ ਕਿੰਨਾ ਕਰੜੈ।

ਕਪਾਹ-ਛਟੀ ਤੋੜ ਕੇ ਚੁੱਲ੍ਹੇ ਵਿੱਚ ਡਾਹੁੰਦੀ ਨੇ ਪੁੱਛਿਆ, ਕੈਲਿਆ, ਵਿਆਹ ਤੇਰਾ ਫੇਰ ਹੁਣ ਕਦੋਂ ਦਾ ਦੇਣਗੇ?

ਕੀ ਪਤੈ, ਬਾਪੂ ਇਹ ਸਾਕ ਛੱਡ ਈ ਦੇਵੇ, ਚਾਚੀ। ਉਹ ਹੁਣ ਤੋਂ ਚਾਚੀ ਕਹਿਣ ਲੱਗ ਪਿਆ ਸੀ।

ਕਿਉਂ, ਛੱਡੂਗਾ ਕਿਉਂ?

ਕੈਲਾ ਬੋਲਿਆ ਨਹੀਂ। ਚੁੱਪ-ਚਾਪ ਰੋਟੀ ਖਾਂਦਾ ਰਿਹਾ।

ਥੋੜ੍ਹਾ ਚਿਰ ਠਹਿਰ ਕੇ ਉਹ ਫਿਰ ਪੁੱਛਣ ਲੱਗੀ, ਛੱਡੂ ਗਾ ਕਾਹਤੋਂ ਵੇ?

ਕੁੜੀ ਤਾਂ, ਚਾਚੀ ਕਹਿੰਦੇ ਪਿੰਡ ਦੇ ਕਿਸੇ ਮੁੰਡੇ ਨਾਲ ਨਿਕਲ 'ਗੀ ਸੀ। ਚਹੁੰ ਦਿਨਾਂ ਪਿੱਛੋਂ ਮੋੜ ਕੇ ਲਿਆਂਦੀ। ਅਜੇ ਤਾਂ ਗੱਲ ਨੀ ਉਡੀ, ਲੋਕਾਂ 'ਚ, ਨਹੀਂ ਤਾਂ ਪੱਟੀ ਮੇਸ ਹੋ ਜਾਣੀ ਸੀ ਚਮਿਆਰ ਦੀ। ਚੁੱਪ-ਗੜੁੱਪ 'ਚ ਈ ਮੋੜ ਲਿਆਂਦੀ। ਸਾਕ ਨੂੰ ਜਵਾਬ ਦਿਊ ਜ਼ਰੂਰ ਬਾਪੂ। ਦੀਂਹਦੀ ਐ। ਤੀਜੀ ਰੋਟੀ ਫੜਦਿਆਂ ਕੈਲਾ ਕਹਿ ਰਿਹਾ ਸੀ।

ਕਿਉਂ ਵੇ ਜਵਾਬ ਕਿਉਂ ਦੇਣੈ? ਚਾਰ ਦਿਨਾਂ 'ਚ ਬਗਾਨੇ ਮੁੰਡੇ ਨੇ ਤੋੜ ਤਾਂ ਨੀ ਲਿਆ ਕੁਸ ਉਹ ਦਾ?

ਲੈ, ਚਾਚੀ, ਬਦਨਾਮੀ ਜਿਹੜੀ ਹੋ 'ਗੀ, ਓਹੋ?

ਨਹੀਂ ਵੇ ਨਹੀਂ, ਕੋਹੜੀਆ। ਅੱਜ ਤਾਂ ਚਾਚੀ, ਤੂੰ ਜਮ੍ਹਾ ਮੱਛਰੀ ਫਿਰਦੀ ਐਂ। ਕਹਿ ਕੇ ਕੈਲੇ ਨੇ ਇਕ ਰੋਟੀ ਫੜੀ ਤੇ ਥੋੜ੍ਹੀ ਜਿਹੀ ਦਾਲ ਹੋਰ ਪਵਾ ਕੇ ਰਸੋਈ ਤੋਂ ਬਾਹਰ ਜਾ ਬੈਠਾ।

ਹੈਥੇ, ਨ੍ਹੇਰੇ 'ਚ ਤੈਨੂੰ ਕੀ ਦਿੱਸੂ ਵੇ ਢਾਂਡਿਆ? ਜਾਂ ਤਾਂ ਵਿਹੜੇ ਵਾਲੀ 'ਸੁੱਚ' ਦੱਬ ਲੈ।

ਰੋਟੀ ਈ ਖਾਣੀ ਐ। ਨਾਸਾਂ 'ਚ ਤਾਂ ਨੀ ਪੈਜੂ ਬੁਰਕੀ?

ਪੰਪ ਤੋਂ ਕੈਲੇ ਨੇ ਬਾਟੀ ਧੋਤੀ, ਪਾਣੀ ਪੀਤਾ ਤੇ ਬਾਟੀ ਨੂੰ ਆਲੇ ਵਿੱਚ ਖੜ੍ਹੀ ਕਰਕੇ ਉਹ ਘਰ ਨੂੰ ਜਾਣ ਲੱਗਿਆ। ਦਰਵਾਜ਼ੇ ਵਿੱਚ ਜਾ ਕੇ ਉਹ ਮੁੜ ਆਇਆ। ਕਹਿੰਦਾ, ਚਾਚੀ, ਧਾਰ ਤਾਂ ਤੂੰ ਕੱਢ ਲੇਂਗੀ ਆਪੇ? ਮੈਂ ਜਾਵਾਂ?

ਵੇ ਖੜ੍ਹ ਜਾ। ਧਾਰ ਹੁਣ ਕਢਾ ਕੇ ਈ ਜਾਈਂ। ਨਾਲੇ ਦੁੱਧ ਲੈ ਜੀ ਗੜਵੀ ਕੁ। ਥੋਡੀ ਬੁੜ੍ਹੀ ਕਹਿ ਗਈ ਅਖੇ ਛੋਟੀ ਕੁੜੀ ਦਾ ਪ੍ਰਾਹੁਣਾ ਆਇਆ ਹੋਇਆ।

ਉਸ ਦੇ ਮਨ ਵਿੱਚ ਪਾਲਾ ਜਾਗਿਆ, ਇਹ ਦੁੱਧ ਦੀ ਗੜਵੀ ਕਿਹੜਾ ਦਿੰਦੀ ਐ-ਕਿਤੇ....

9

ਕਦੇ-ਕਦੇ ਤਾਂ ਘਰ ਚੰਦੋ ਨੂੰ ਖਾਣ ਨੂੰ ਆਉਂਦਾ। ਕੀ ਕਰਨਾ ਸੀ ਉਸ ਨੇ ਐਡਾ ਘਰ? ਉਸ ਨੂੰ ਤਾਂ ਇੱਕ ਕੋਠੜੀ ਨਾਲ ਸਰ ਸਕਦਾ ਸੀ। ਮੱਝ ਉਸ ਨੇ ਕੀਹਦੇ ਵਾਸਤੇ ਬੰਨ੍ਹ ਰੱਖੀ ਸੀ। ਤੜਕੇ ਸਦੇਹਾਂ ਉੱਠ ਕੇ ਉਹ ਆਹਰ ਜਿਹਾ ਕਿਸ ਵਾਸਤੇ ਕਰਦੀ ਸੀ? ਰਾਤ ਨੂੰ ਇਕੱਲੀ ਪਈ ਉਹ ਹਉਕੇ ਲੈਂਦੀ।

ਮੀਂਹ ਵਾਲੀ ਰਾਤ
189