ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਟੰਗਾਂ ਨੂੰ ਐਨਾ ਲਿਪਟ ਗਿਆ ਹੈ ਕਿ ਉਸ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ।

ਉਸ ਦੀ ਤਨਖਾਹ ਆਉਂਦੀ ਹੈ ਤੇ ਪੰਜ ਚਾਰ ਦਿਨਾਂ ਵਿਚ ਹੀ ਪੰਜ ਪੰਜ, ਦਸ ਦਸ ਕਰਕੇ ਖੱਡੀ ਵੜ ਜਾਂਦੀ ਹੈ। ਘਰ ਦੇ ਜੀਆਂ ਦਾ ਖ਼ਰਚ ਹੈ। ਬੁੜ੍ਹਾ ਤੇ ਬੁੜ੍ਹੀ ਦਾਇਮੀ ਮਰੀਜ਼ ਹਨ। ਮੁੰਡੇ ਕੁੜੀਆਂ ਦੀ ਪੜ੍ਹਾਈ ਦਾ ਖ਼ਰਚ ਵੱਖਰਾ। ਉਸ ਦੀ ਪਤਨੀ ਨੂੰ ਤੀਵੀਂਆਂ ਵਾਲੀ ਬਿਮਾਰੀ ਕੋਈ ਨਾ ਕੋਈ ਚਿੰਬੜੀ ਹੀ ਰਹਿੰਦੀ ਹੈ। ਉਸ ਦਾ ਪਿਓ ਅਜੇ ਵੀ ਸੋਚਦਾ ਹੈ ਕਿ 'ਮੁੰਡਾ' ਤਨਖਾਹ ਦੀ ਬੱਚਤ ਕਰਕੇ ਬੈਂਕ ਵਿਚ ਜਮ੍ਹਾਂ ਕਰਵਾਉਂਦਾ ਹੈ। ਉਸ ਦੀ ਮਾਂ ਵੀ ਏਵੇਂ ਜਿਵੇਂ ਸੋਚਦੀ ਹੈ।

ਹੁਣ ਜਦੋਂ ਕਿ ਉਸ ਨੇ ਚਾਹ ਦਾ ਭਰਿਆ ਗਲਾਸ ਕੰਧ ਨਾਲ ਮਾਰਿਆ ਹੈ, ਇਸ ਤੋਂ ਪਹਿਲਾਂ ਉਸ ਦਾ ਪਿਓ ਉਸ ਨਾਲ ਲੜ ਕੇ ਗਿਆ ਕਿ ਉਹ ਉਸ ਨੂੰ ਪਟਿਆਲੇ ਹਸਪਤਾਲ ਵਿਚ ਕਿਉਂ ਨਹੀਂ ਦਿਖਾ ਕੇ ਲਿਆਉਂਦਾ? ਉਸ ਦਾ ਪਿਓ ਕਈ ਮਹੀਨਿਆਂ ਤੋਂ ਕਈ ਵਾਰੀ ਇਹ ਗੱਲ ਕਹਿ ਚੁੱਕਿਆ ਹੈ, ਪਰ ਕਿਸੇ ਮਹੀਨੇ ਵੀ ਬਲਦੇਵ ਕੋਲ ਪੈਸੇ ਨਹੀਂ ਬਚਦੇ ਤੇ ਉਹ ਆਪਣੇ ਪਿਓ ਨੂੰ ਦਿੰਦਾ ਹੈ ਕਿ ਅਗਲੇ ਮਹੀਨੇ ਜ਼ਰੂਰ ਚੱਲਾਂਗੇ। ਉਸ ਦਾ ਪਿਓ ਦੋਸ਼ ਲਾਉਂਦਾ ਹੈ ਕਿ ਉਹ ਤਾਂ ਉਸ ਨੂੰ ਮਾਰ ਕੇ ਰਾਜੀ ਹੈ ਤੇ ਚਾਹੁੰਦਾ ਹੈ ਕਿ ਉਹ ਪ੍ਰਾਣ ਤਿਆਗ ਦੇਵੇ। ਉਹ ਆਪਣੇ ਪਿਓ ਨੂੰ ਹਰਖ ਕੇ ਦੱਸਦਾ ਹੈ ਕਿ "ਜੇ ਜੇਬ੍ਹ ਵਿਚ ਕੁਝ ਹੋਵੇ ਤਾਂ ਮੈਂ ਤੈਨੂੰ ਲੈ ਕੇ ਚੱਲਾਂ? ਇਕੱਲੀ ਤਨਖਾਹ ਨਾਲ ਐਡੇ ਵੱਡੇ ਟੱਬਰ ਦਾ ਢਿੱਡ ਮਸਾਂ ਭਰਦੈ। ਦਸ ਘੁਮਾਂ ਜ਼ਮੀਨ ਦਾ ਜਿਹੜਾ ਠੇਕਾ ਆਉਂਦੈ ਉਹ ਦਾ ਤਾਂ ਮੈਨੂੰ ਕਦੇ ਪੈਸਾ ਨੀ ਦਿਖਾਇਆ ਤੇ ਮੇਰੇ ਆਪਣੇ ਕੋਲ ਕੀ ਦੋਲੇ ਧਰੇ ਪਏ ਐ? ਸਾਰੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ ਤੇ ਮੈਂ ਹੁਣ ਤੇਰੀਆਂ ਬਿਮਾਰੀਆਂ ਨੂੰ ਕੀ ਕਰਾਂ?" ਬਲਦੇਵ ਦੇ ਦਿਮਾਗ਼ ਵਿਚ ਦੁੱਧ ਦਾ ਉਬਾਲ ਪੈਦਾ ਹੁੰਦਾ ਹੈ ਤੇ ਉਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ "ਖੱਬੀ ਖਾਨ ਘਰ ਅੱਜ ਫੱਤੂ ਮਰਾਸੀ ਦੇ ਘਰ ਨਾਲੋਂ ਵੀ ਨਿੱਘਰਿਆ ਪਿਐ। ਉਸ ਦਾ ਪਿਓ ਅੰਗ ਬਗੋਲਾ ਹੋ ਜਾਂਦਾ ਹੈ ਤੇ ਕਹਿੰਦਾ ਹੈ, "ਫੱਤੂ ਮਰਾਸੀ ਦਾ ਘਰ ਤਾਂ ਬਣਨਾ ਹੀ ਸੀ, ਜਦ ਤੇਰੇ ਵਰਗੇ ਜੰਮ ਪਏ, ਘਰ ਪੱਟੂ।" ਐਨੀ ਗੱਲ ਸੁਣ ਕੇ ਬਲਦੇਵ ਦੇ ਦਿਮਾਗ਼ ਵਿਚ ਦੁੱਧ ਉਬਲ ਕੇ ਕੰਢਿਆਂ ਤੋਂ ਬਾਹਰ ਹੋ ਜਾਂਦਾ ਹੈ। ਉਹ ਪਿਓ ਦੇ ਹੱਥੋਂ ਉਸ ਦੀ ਸਹਾਰਾ ਲੈ ਕੇ ਤੁਰਨ ਵਾਲੀ ਤੂਤ ਦੀ ਖੂੰਡੀ ਖੋਹ ਕੇ ਵਿਹੜੇ ਤੋਂ ਬਾਹਰ ਵਗਾਹ ਮਾਰਦਾ ਹੈ। ਬੁੜ੍ਹਾ ਬੁੜ ਬੁੜ ਕਰਦਾ ਘਰੋਂ ਬਾਹਰ ਹੋ ਜਾਂਦਾ ਹੈ। ਬਲਦੇਵ ਦੀ ਪਤਨੀ ਬਿੰਦ ਝੱਟ ਠਹਿਰ ਕੇ ਚਾਹ ਦਾ ਗਲਾਸ ਲੈ ਕੇ ਆਉਂਦੀ ਹੈ। ਬੁੜ੍ਹੇ 'ਤੇ ਚੜ੍ਹੇ ਗੁੱਸੇ ਨੂੰ ਉਹ ਗਲਾਸ ਕੰਧ ਨਾਲ ਮਾਰ ਕੇ ਉਤਾਰ ਲੈਂਦਾ ਹੈ, ਪਰ ਉਸ ਦਾ ਗੁੱਸਾ ਉਤਰਦਾ ਨਹੀਂ, ਸਗੋਂ ਹੋਰ ਵਧ ਜਾਂਦਾ ਹੈ।

ਦਿਨ ਢਲ ਚੁੱਕਿਆ ਹੈ। ਬੈਠਕ ਦੇ ਖੂੰਜੇ ਵਿਚ ਲੱਗੇ ਮੱਕੜੀ ਦੇ ਜਾਲੇ ਨੂੰ ਉਹ ਉਂਗਲ ਨਾਲ ਖਿੱਚ ਕੇ ਲਾਹ ਦਿੰਦਾ ਹੈ ਤੇ ਮੰਜੇ ਤੋਂ ਉੱਠ ਕੇ ਵੱਡੀ ਸਾਰੀ ਉਬਾਸੀ ਲੈਂਦਾ ਹੈ ਤੇ ਅਗਵਾੜੀ ਭੰਨਦਾ ਹੈ।ਅਪਣੀ ਨਿੱਕਰ ਦੇ ਨੇਫ਼ੇ ਦੇ ਵਲ਼ ਇਕੱਠੇ ਕਰਕੇ ਨਾਲੇ ਦੇ ਬੰਨ੍ਹ ਕੋਲ ਲਿਆਉਂਦਾ ਹੈ। ਕਿੱਲੇ 'ਤੇ ਟੰਗੇ ਪਏ ਬੁਸ਼ਰਟ ਪਜਾਮੇ ਨੂੰ ਲਾਹੁੰਦਾ ਹੈ ਤੇ ਝਾੜ ਕੇ ਪਾ ਲੈਂਦਾ ਹੈ। ਸਿਰ 'ਤੇ ਤੌਲੀਆ ਵਲ੍ਹੇਟਦਾ ਹੈ ਤੇ ਘਰੋਂ ਬਾਹਰ ਹੋ ਜਾਂਦਾ ਹੈ।

ਗੁੱਸੇ ਦਾ ਸਫ਼ਰ

19