ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫੇਰ ਉਸ ਨੇ ਦੇਖਿਆ, ਕਿਤੇ ਵਿਹੜੇ ਵਾਲੇ ਵਹੀਣ ਦਾ ਪਾਣੀ ਤਾਂ ਨਹੀਂ ਬੰਦ ਹੋ ਗਿਆ? ਪਰ ਨਹੀਂ। ਪਾਣੀ ਨਿਕਲ ਰਿਹਾ ਸੀ, ਪਰ ਕੰਧ ਦਾ ਕੀ ਕਰੇ ਹੁਣ ਉਹ? ਉਸ ਦੇ ਸਿਰ 'ਤੇ ਲਈ ਬੋਰੀ ਵੀ ਚੋਣ ਲੱਗ ਪਈ ਸੀ। ਪਿੰਜਣੀਆਂ ਕੋਲ ਸਲਵਾਰ ਉੱਤੇ ਕਣੀਆਂ ਵੱਜ ਰਹੀਆਂ ਸਨ। ਵਿਹੜੇ ਵਾਲੀ ਬੱਤੀ ਬੁਝਾ ਕੇ ਉਹ ਸਬ੍ਹਾਤ ਵਿੱਚ ਆ ਗਈ, ਸਿਰ ਤੋਂ ਬੋਰੀ ਲਾਹ ਕੇ ਕਿੱਲੀ 'ਤੇ ਟੰਗ ਦਿੱਤੀ। ਇੱਕ ਪੁਰਾਣੇ ਦੋੜੇ ਨਾਲ ਰਗੜ ਕੇ ਪੈਰ ਪੂੰਝੇ। ਬਿਸਤਰੇ ਵਿੱਚ ਵੜ ਕੇ ਰਜਾਈ ਨੂੰ ਆਪਣੇ ਪਿੰਡੇ ਨਾਲ ਸਵਾਰ ਕੇ ਘੁੱਟ ਲਿਆ। ਬੱਤੀ ਉਵੇਂ, ਜਿਵੇਂ ਬਲਦੀ ਰਹੀ। ਉਹ ਆਪਣੇ ਸੁਪਨੇ ਨੂੰ ਲੱਭ ਰਹੀ ਸੀ।

ਦਿਨ ਚੜ੍ਹਿਆ। ਉਸ ਨੇ ਚਾਹ ਬਣਾਈ। ਕੈਲਾ ਵੀ ਆ ਗਿਆ।

ਚਾਚੀ, ਆਹ ਕੀ?

ਕਿੱਦਣ ਦੀ ਡਿਗੂੰ-ਡਿਗੂੰ ਕਰਦੀ ਸੀ। ਡਿੱਗ ਪੀ ਬੱਸ।

ਹੁਣ ਫੇਰ? ਬਾਟੀ ਵਿੱਚ ਚਾਹ ਪਵਾਉਂਦੇ ਕੈਲੇ ਨੇ ਪੁੱਛਿਆ।

ਹੁਣ ਨਵੀਂ ਕੱਢਾਂਗੇ ਏਹ ਨੂੰ, ਹੋਰ ਕੀ? ਸੁਬੇਦਾਰ ਸਲਾਹਾਂ ਕਰਦਾ ਈ ਰਹਿ ਗਿਆ। ਨਾ ਈ ਕੱਢੀ ਗਈ। ਪਿੱਲੀਆਂ ਇੱਟਾਂ ਦੀ ਕਿੰਨੀ ਕੁ ਮੁਨਿਆਦ ਹੁੰਦੀ ਐ, ਡਿੱਗ ਪੀ ਆਖ਼ਰ ਨੂੰ।

ਬਦਲ ਚੁੱਕੇ ਗਏ ਸਨ। ਹਵਾ ਵੀ ਨਹੀਂ ਸੀ ਵਗ ਰਹੀ। ਸੂਰਜ ਭੱਠੀ ਵਿੱਚੋਂ ਕੱਢੇ ਫਾਲੇ ਵਾਂਗ ਦਗ ਰਿਹਾ ਸੀ। ਸੱਚਮੁਚ ਈ ਅੱਗ ਦਾ ਗੋਲਾ। ਸਰਦੀ ਵਿੱਚ ਮਠਿਆਸ ਘੁਲ ਰਹੀ ਸੀ।

ਕੈਲਿਆ, ਅੱਜ ਨਾ ਛੱਡੀਂ ਮ੍ਹੈਸ ਵੇ। ਭਾਗੂ ਤਖਾਣ ਨੂੰ ਲਿਆ ਸੱਦ ਕੇ। ਚਰਨ ਜੇ ਘਰ ਹੋਇਆ, ਦੇਖੀਂ ਭਲਾ, ਭੇਜੀਂ ਮੇਰੇ ਕੋਲ। ਚੰਦੋ ਨੇ ਕਿਹਾ।

ਬਾਟੀ ਮਾਂਜ ਕੇ ਕੈਲੇ ਨੇ ਰਸੋਈ ਵਾਲੇ ਆਲੇ ਵਿੱਚ ਰੱਖ ਦਿੱਤੀ। ਭਾਗੂ ਦੇ ਘਰ ਜਾਣ ਤੋਂ ਪਹਿਲਾਂ ਉਹ ਚਰਨ ਕੇ ਘਰ ਹੀ ਚਲਿਆ ਗਿਆ। ਉਹ ਘਰ ਹੀ ਸੀ।

ਭਾਗੂ ਤੇਸੀ ਕਰੰਡੀ ਲੈ ਕੇ ਜਦੋਂ ਪਹੁੰਚਿਆ ਤਾਂ ਚੰਦੋ ਤੇ ਚਰਨ ਕੋਈ ਗੱਲ ਕਰਕੇ ਉੱਚੀ-ਉੱਚੀ ਹੱਸ ਰਹੇ ਸਨ।

ਚੰਦ ਕੁਰੇ, ਜਾਣਾ ਤਾਂ ਅੱਜ ਭੱਦੂ ਕੇ ਹਰਨਾਮੇ ਦੇ ਸੀ, ਕੈਲਾ ਕਹਿੰਦਾ, ਸਰਦਾ ਨੀ, ਜ਼ਰੂਰ ਚੱਲ, ਸੂਬੇਦਾਰਨੀ ਨੇ ਕਿਹੈ। ਮੈਂ ਕਿਹਾ-ਹਰਨਾਮੇ ਦਾ ਕੰਮ ਤਾਂ ਕੱਲ੍ਹ ਨੂੰ ਕਰ ਦਿਆਂਗੇ, ਸੂਬੇਦਾਰਨੀ ਦਾ ਆਖਿਆ ਕਾਹਨੂੰ ਮੋੜਨੈ। ਲੋਹੇ ਦੀ ਕੁਰਸੀ ਨੂੰ ਮੋਢੇ ਵਾਲੇ ਸਮੋਸੇ ਨਾਲ ਝਾੜਦਾ ਹੋਇਆ ਭਾਗੁ ਬੋਲਿਆ।

ਇਹ ਤਾਂ ਅੱਜ ਈ ਜ਼ਰੂਰੀ ਐ, ਮਿਸਤਰੀਆ। ਨਾ ਕੱਢੀ ਕੰਧ ਤਾਂ ਕੁੱਤੇ ਵੜ-ਵੜ ਨਿਕਲਣਗੇ। ਬਿਗਾਨਾ ਡੰਗਰ-ਪਸ਼ੂ ਕੋਈ ਆ ਵੜਿਆ ਤਾਂ ਊਂ ਵਿਹੜੇ ਦੀ ਖੁਰਗੋ ਕਰ ਜਿਆ ਕਰੂ। ਚੋਰੀ ਚਕਾਰੀ ਦਾ ਵੀ ਡਰ ਈ ਐ। ਦਰਵਾਜ਼ੇ ਦੀ ਦੇਹਲੀ 'ਤੇ ਪੈਰਾਂ ਭਾਰ ਬੈਠਾ ਚਰਨ ਕਹਿ ਰਿਹਾ ਸੀ।

ਚੰਗਾ ਫੇਰ, ਚੱਕ ਕਹੀ, ਕਰ ਗਾਰਾ। ਭਾਗੂ ਨੇ ਚਰਨ ਨੂੰ ਕਿਹਾ। ਚਰਨ ਦੰਦੀਆਂ ਕੱਢਣ ਲੱਗ ਪਿਆ।

ਵੇ ਚਰਨ, ਔਖਾ ਸੁਖਾਲਾ ਲਵਾ ਅੱਜ ਦਾ ਦਿਨ ਤਾਂ। ਬਾਹਾਂ ਦੀ ਬੁੱਕਲ ਨਾਲ ਹਿੱਕ ਘੁੱਟਦਿਆਂ ਚੰਦੋ ਨੇ ਆਖਿਆ।

192

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ