ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/194

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚੰਗਾ, ਪਾ ਆਪ ਨੂੰ। ਕਹਿ ਕੇ ਕੈਲਾ ਗੰਢੇ ਨੂੰ ਗੋਡੇ ਦੀ ਚੱਪਣੀ 'ਤੇ ਰੱਖ ਕੇ ਮੁੱਕੇ ਕਾਰ-ਮਾਰ ਭੰਨ੍ਹਣ ਲੱਗਿਆ।

ਗੰਢੇ ਨਾਲ ਕਿਉਂ ਮੱਥਾ ਮਰਵੋਨੈਂ? ਕੰਜਰ ਦਿਆ ਚਮਿਆਰਾ। ਅਚਾਰ ਦੀ ਫਾੜੀ ਪੁੱਛਗਾਂ ਕੋਈ। ਦਾਲ ਦੂਲ ਹੋਣੀ ਐ? ਚਰਨ ਦੀ ਗੱਲ ਰਸੋਈ ਅੰਦਰ ਚੰਦੋ ਨੂੰ ਸੁਣ ਰਹੀ ਸੀ। ਕਾਂਸੀ ਦੇ ਕੌਲ ਵਿੱਚ ਉਸ ਨੇ ਚੁੱਲ੍ਹੇ ਮੂਹਰੇ ਗੋਹਿਆਂ ਦੀ ਮੁੱਠੀ-ਮੁੱਠੀ ਅੱਗ 'ਤੇ ਧਰੇ ਤਪਲੇ 'ਚ ਭਾਫਾਂ ਛੱਡਦਾ ਤੱਤਾ-ਤੱਤਾ ਸਾਗ ਪਾਇਆ। ਸਾਗ ਵਿੱਚ ਮੱਖਣੀ ਪਾ ਕੇ ਤੇ ਕੌਲ ਵਿੱਚ ਚਮਚਾ ਧਰ ਕੇ ਚੰਦੋ ਦਰਵਾਜ਼ੇ ਵਿੱਚ ਆਈ ਤੇ ਕਹਿਣ ਲੱਗੀ, ਜਾਹ ਵੇ ਕੈਲਿਆ, ਮੈਸ ਦੀ ਖੁਰਲੀ 'ਚ ਹੱਥ ਮਾਰ ਕੇ ਆ। ਕੈਲਾ ਉੱਠਿਆ ਤਾਂ ਚੰਦੋ ਨੇ ਸਾਗ ਵਾਲਾ ਕੌਲ ਚਰਨ ਮੂਹਰੇ ਰੱਖਕੇ ਉਹ ਦੀ ਗੱਲ੍ਹ 'ਤੇ ਚੂੰਢੀ ਵੱਢ ਲਈ। ਕਹਿਣ ਲੱਗੀ, ਦਾਰੂ ਹੋਰ ਲਿਆਵਾਂ?

ਬੱਸ, ਸਭ ਕੁਸ ਵਿੱਚੇ ਆ ਗਿਆ। ਆਪਣੀ ਗੱਲ੍ਹ 'ਤੇ ਹੱਥ ਫੇਰ ਕੇ ਚਰਨ ਨੇ ਆਖਿਆ ਤੇ ਫੇਰ ਆਪਣੇ ਵਾਲਾ ਪੈੱਗ ਉਸ ਨੇ ਚੰਦੋ ਮੂਹਰੇ ਕਰ ਦਿੱਤਾ। ਪਾਸਾ ਜਿਹਾ ਵੱਟ ਕੇ ਉਹ ਸਾਰਾ ਪੈੱਗ ਚਰੜ-ਚਰੜ ਪੀ ਗਈ। ਰੋਟੀ ਖਾ ਕੇ ਜਾਈਂ ਨਾ। ਉਸ ਨੇ ਹੌਲੀ ਦੇ ਕੇ ਚਰਨ ਦੇ ਕੰਨ ਵਿੱਚ ਆਖਿਆ। ਕੈਲਾ ਦਰਵਾਜ਼ੇ ਵਿੱਚ ਆ ਕੇ ਬੈਠਿਆ ਤਾਂ ਚੰਦੋ ਰਸੋਈ ਵਿੱਚ ਮੁੜ ਆਈ। ਦਰਵਾਜ਼ੇ ਦਾ ਬਾਹਰਲਾ ਕੁੰਡਾ ਖੜਕਿਆ। ਕੈਲੇ ਨੇ ਅੰਦਰਲਾ ਕੁੰਡਾ ਖੋਲ੍ਹਿਆ। ਚਰਨ ਦੀ ਮਾਸੀ ਖੜ੍ਹੀ ਸੀ। ਉਹ ਅੰਦਰ ਆ ਗਈ। ਲੋਹੜਾ ਮਾਰਿਆ ਵੇ ਮੁੰਡਿਆ, ਘਰੇ ਨੀ ਔਣਾ?

ਤੂੰ ਚੱਲ ਬੇਬੇ, ਮੈਂ ਔਨਾਂ ਰੋਟੀ ਖਾ ਕੇ ਈ ਆਊਂਗਾ। ਤੂੰ ਚੱਲ। ਉਸ ਨੇ ਇਸ ਢੰਗ ਨਾਲ ਆਖਿਆ ਜਿਵੇਂ ਉਹ ਚਾਹੁੰਦਾ ਹੋਵੇ ਕਿ ਉਸ ਦੀ ਮਾਸੀ ਉੱਥੋਂ ਛੇਤੀ ਹੀ ਤੁਰ ਜਾਵੇ। ਚੰਦੋ ਉਸ ਦਾ ਬੋਲ ਸੁਣ ਕੇ ਉਸ ਨੂੰ ਹਾਕਾਂ ਮਾਰਦੀ ਹੀ ਰਹਿ ਗਈ, ਪਰ ਉਹ ਤਾਂ ਜਾ ਚੁੱਕੀ ਸੀ। ਇੱਕ-ਇੱਕ ਭਰਵਾਂ ਜਿਹਾ ਪੈੱਗ ਪਾ ਕੇ ਉਨ੍ਹਾਂ ਨੇ ਬੋਤਲ ਖ਼ਾਲੀ ਕਰ ਦਿੱਤੀ।

ਬਾਟੀ ਧੋ ਕੇ ਕੈਲੇ ਨੇ ਉਸ ਵਿੱਚ ਸਾਗ ਦੀਆਂ ਦੌ ਕੜਛੀਆਂ ਪਵਾਈਆਂ ਤੇ ਮੱਕੀ ਦੀਆਂ ਚਾਰ ਰੋਟੀਆਂ ਬਾਟੀ ਤੇ ਰੱਖ ਕੇ ਉਹ ਆਪਣੇ ਘਰ ਨੂੰ ਚਲਿਆ ਗਿਆ। ਚੰਦੋ ਨੇ ਬਥੇਰਾ ਆਖਿਆ ਸੀ ਕਿ ਉਹ ਇੱਥੇ ਬਹਿ ਕੇ ਹੀ ਰੋਟੀ ਖਾ ਲਵੇ, ਪਰ ਉਹ ਮੰਨਿਆ ਨਹੀਂ ਸੀ। ਕਹੀ ਹੀ ਗਿਆ ਸੀ ਕਿ ਉਹ ਤਾਂ ਘਰ ਜਾ ਕੇ ਤੱਤੇ ਪਾਣੀ ਨਾਲ ਹੱਥ-ਪੈਰ ਧੋ ਕੇ ਹੀ ਰੋਟੀ ਖਾਵੇਗਾ।

ਥੋੜ੍ਹੀ ਜ੍ਹੀ ਹੋਰ ਪੀ ਲੈ, ਚਰਨ। ਇੱਕ ਖੁੱਲ੍ਹਾ ਅਧੀਆ, ਜਿਸ ਵਿੱਚ ਦੋ ਕੁ ਉਂਗਲ ਸ਼ਰਾਬ ਊਣੀ ਸੀ, ਉਹ ਪਤਾ ਨਹੀਂ ਕਿੱਥੋਂ ਕੱਢ ਲਿਆਈ। ਇੱਕ ਤਕੜਾ ਸਾਰਾ ਪੈੱਗ ਚਰਨ ਨੇ ਪਾਇਆ। ਚੂਲੀ ਕੁ ਪਾਣੀ ਪਾ ਕੇ ਗਲਾਸ ਉਸ ਨੇ ਚੰਦੋ ਵੱਲ ਵਧਾਇਆ ਤੇ ਕਿਹਾ, ਲੈ ਪੀ ਜਾ ਸਾਰੀ। ਚੰਦੋ ਨੇ ਦੋ ਘੁੱਟਾਂ ਭਰੀਆਂ। ਧੁੜਧੜੀ ਲਈ। ਮੇਰਾ ਮਾਜਨਾ ਤਾਂ ਥੋੜ੍ਹਾ ਈ ਐ। ਤੂੰ ਪੀ ਲੈ। ਚੰਦੋ ਨੇ ਮੋੜ ਕੇ ਗਲਾਸ ਚਰਨ ਨੂੰ ਹੀ ਫੜਾ ਦਿੱਤਾ। ਚਰਨ ਨੇ ਗਲਾਸ ਖ਼ਾਲੀ ਕਰ ਦਿੱਤਾ।

ਰੋਟੀ ਫੇਰਾ 'ਲੀ ਕਹਿ ਕੇ ਚੰਦੋ ਨੇ ਚਰਨ ਦਾ ਡੋਲਾ ਫੜਿਆ। ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਕੇ ਉਸ ਨੇ ਬੈਠਕ ਦਾ ਬਲ੍ਹਬ ਜਗਾਇਆ। ਚਰਨ ਛਾਂ ਵਾਂਗ ਉਸ ਦੇ ਨਾਲ ਹੀ ਅੰਦਰ ਬੈਠਕ ਵਿੱਚ ਆ ਗਿਆ ਸੀ।

194
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ