ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾਂ ਜਦ ਉਹ ਆਥਣ ਦੀ ਸੈਰ ਨੂੰ ਜਾਂਦਾ ਹੈ ਤਾਂ ਮਜ੍ਹਬੀਆਂ ਦੇ ਘਰਾਂ ਕੋਲ ਦੀ ਵੱਡੇ ਟੋਭੇ ਦੇ ਉੱਤੋਂ ਦੀ ਸੜਕ ਪੈ ਕੇ ਸਏ ਦੇ ਪਲ 'ਤੇ ਪਹੁੰਚ ਜਾਂਦਾ ਹੈ ਤੇ ਫਿਰ ਸੂਏ ਦੀ ਪਟੜੀ ਪੈ ਕੇ ਦੂਰ ਤੱਕ ਸੈਰ ਕਰਕੇ ਆਉਂਦਾ ਹੈ। ਅੱਜ ਉਹ ਇਸ ਰਾਹ ਨਹੀਂ ਜਾਂਦਾ। ਅੱਜ ਉਸ ਦਾ ਮੂੰਹ ਹੋਰ ਪਾਸੇ ਹੀ ਮੁੜ ਜਾਂਦਾ ਹੈ। ਸੁਲੇਮਾਨ ਗਾਜ਼ੀ ਦੀ ਕਬਰ ਕੋਲ ਦੀ ਲੰਘ ਕੇ ਤੇ ਚਿੱਪੀ ਵਾਲੇ ਸਾਧ ਦੇ ਡੇਰੇ ਦੇ ਉੱਤੋਂ ਦੀ ਹੋ ਕੇ ਉਹ ਇੱਕ ਪਹੇ ਪੈ ਜਾਂਦਾ ਹੈ। ਪਹਾ ਜਿਹੜਾ ਕਿ ਵਿੰਗ ਵਲੇਵੇ ਖਾਂਦਾ ਸਿੱਧਾ ਸੂਏ 'ਤੇ ਪਹੁੰਚਦਾ ਹੈ, ਉਸ ਦੇ ਦਿਮਾਗ਼ ਦਾ ਗੁੱਸਾ ਸਫ਼ਰ ਕਰਦਾ ਹੈ।

ਉਹ ਸੋਚਦਾ ਹੈ ਕਿ ਏਦੂੰ ਤਾਂ ਉਹ ਇਸ ਘਰ ਨੂੰ ਤਿਆਗ ਕੇ ਕਿਤੇ ਦੂਰ ਚਲਿਆ ਜਾਵੇ। ਇਹ ਮਾਂ, ਬਾਪ, ਪਤਨੀ, ਮੁੰਡੇ, ਕੁੜੀਆਂ ਤੇ ਘਰ ਦਾ ਸਾਰਾ ਜੰਜਾਲ ਇੱਕ ਮਾਇਆ ਜਿਹੀ ਤਾਂ ਹੈ। ਮਹਾਤਮਾ ਬੁੱਧ ਐਵੇਂ ਤਾਂ ਨਹੀਂ ਰਾਜ ਮਹਿਲਾਂ ਨੂੰ ਤਿਆਗ ਕੇ ਤੁਰ ਗਿਆ ਸੀ। ਢਾਈ ਹਜ਼ਾਰ ਸਾਲ ਬਾਅਦ ਅੱਜ ਵੀ ਹਰ ਦੁਖੀ ਮਨੁੱਖ ਵਿਚ ਬੁੱਧ ਆ ਕੇ ਬੋਲਦਾ ਹੈ ਤੇ ਕਹਿੰਦਾ ਹੈ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ। ਹਰ ਮਨੁੱਖ ਦਾ ਹਿਰਦਾ ਨਿਰਵਾਣ ਲਈ ਭਟਕਦਾ ਹੈ।

ਉਹ ਸੋਚਦਾ ਹੈ ਕਿ ਉਹ ਚੁੱਪ ਕਰਕੇ ਇੱਕ ਦਿਨ ਘਰੋਂ ਤੁਰ ਜਾਵੇ ਤੇ ਰਾਤ ਵਾਲੀ ਗੱਡੀ ਕਿਸੇ ਸਟੇਸ਼ਨ ਤੋਂ ਚੜ੍ਹ ਕੇ ਐਨੀ ਦੂਰ ਕਿਤੇ ਚਲਿਆ ਜਾਵੇ, ਜਿੱਥੋਂ ਉਸ ਨੂੰ ਕੋਈ ਨਾ ਸਿਆਣੇ, ਕੋਈ ਨਾ ਪੁੱਛੇ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਹੈਂ।

ਪਹੇ ਵਿਚ ਤੁਰਿਆ ਜਾਂਦਾ ਉਹ ਡੂੰਘੀਆਂ ਸੋਚਾਂ ਵਿਚ ਗੁੰਮ ਗਿਆ ਹੈ। ਉਸ ਦੇ ਸੱਜੇ ਪਾਸਿਓਂ ਅਚਾਨਕ ਇੱਕ ਆਵਾਜ਼ ਉੱਠਦੀ ਹੈ, "ਡਾਕਟਰ ਸਾਅਬ।" ਉਸ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਤੇ ਉਹ ਸੱਜੇ ਪਾਸੇ ਮੂੰਹ ਚੁੱਕ ਕੇ ਦੇਖਦਾ ਹੈ। ਪਹੇ ਦੇ ਨਾਲ ਹੀ ਤਿੰਨ ਚਾਰ ਕਿਆਰੇ ਛੱਡ ਕੇ ਚਾਰ ਬੰਦੇ ਕਸੀਆਂ ਨਾਲ ਕਪਾਹ ਗੁੱਡ ਰਹੇ ਹਨ। ਉਨ੍ਹਾਂ ਵਿਚੋਂ ਇੱਕ ਬੰਦਾ ਢਾਕ ਨਾਲ ਕਸੀਏ ਦੀ ਗੂੰਜ ਲਾ ਕੇ ਖੜ੍ਹ ਜਾਂਦਾ ਹੈ ਤੇ ਫਿਰ ਆਵਾਜ਼ ਦਿੰਦਾ ਹੈ, "ਡਾਕਟਰ ਸਾਅਬ, ਤੂੰ ਮੁੰਡੇ ਦੇ ਸੂਆ ਲਾ ਦਿੱਤਾ ਸੀ?" ਬਲਦੇਵ ਦੀ ਸਮਝ ਵਿਚ ਕੁਝ ਨਹੀਂ ਆਉਂਦਾ। ਉਹ ਕਪਾਹ ਗੁੱਡਦੇ ਉਸ ਬੰਦੇ ਨੂੰ ਪੁੱਛਦਾ ਹੈ ਕਿ ਤੂੰ ਮੈਨੂੰ ਕੌਣ ਸਿਆਣਿਆ ਹੈ? ਕਪਾਹ ਗੁੱਡਣ ਵਾਲਾ ਬੰਦਾ ਕੱਚਾ ਜਿਹਾ ਹੋ ਕੇ ਹੱਸ ਪੈਂਦਾ ਹੈ ਤੇ ਕਹਿੰਦਾ ਹੈ, "ਮੈਂ ਤਾਂ ਸਮਝਿਆ ਸੀ ਕਿ ਚਿੱਟੇ ਜਿਹੇ ਕੱਪੜਿਆਂ ਵਾਲਾ ਤੂੰ ਡਾਕਟਰ ਐਂ।" ਬਲਦੇਵ ਦੇ ਚਿਹਰੇ 'ਤੇ ਇੱਕ ਬਿੰਦ ਮੁਸਕਰਾਹਟ ਦਾ ਰੰਗ ਖਿੜ ਪੈਂਦਾ ਹੈ, ਪਰ ਦੂਜੇ ਬਿੰਦ ਹੀ ਉਹ ਸੋਚਾਂ ਦੀਆਂ ਤਹਿਆਂ ਵਿਚ ਗੁਆਚ ਜਾਂਦਾ ਹੈ। ਬੁੜ੍ਹੇ ਤੇ ਬੁੜ੍ਹੀ ਨੇ ਤਾਂ ਸ਼ੱਕ ਕਰਨਾ ਹੀ ਸੀ, ਪਰ ਉਸ ਦੀ ਪਤਨੀ ਕਿਹੜਾ ਉਸ ਨੂੰ ਖੰਡ ਪਾਉਂਦੀ ਹੈ। ਗੱਲ ਗੱਲ ਵਿਚ ਉਹ ਕਹਿੰਦੀ ਹੈ ਕਿ "ਤੂੰ ਸਾਰਾ ਦਿਨ ਘਾਊਂ ਮਾਊਂ ਜਿਹਾ ਬਣਿਆ ਰਹਿੰਦਾ ਹੈਂ। ਕੁੜੀ ਮੁਟਿਆਰ ਹੋ ਰਹੀ ਹੈ। ਕੋਈ ਪੈਸਾ ਧੇਲਾ ਵੀ ਜੋੜ। ਉਹ ਖਿਝਦਾ ਹੈ ਕਿ ਉਸ ਦੀ ਪਤਨੀ ਨੂੰ ਆਪ ਸਾਰਾ ਪਤਾ ਹੈ। ਜਦੋਂ ਕਿ ਸਾਰੀ ਤਨਖ਼ਾਹ ਮੈਂ ਉਸੇ ਨੂੰ ਹਰ ਮਹੀਨੇ ਲਿਆ ਕੇ ਫੜਾ ਦਿੰਦਾ ਤਾਂ ਬਾਕੀ ਜੋੜਨ ਵਾਸਤੇ ਮੈਨੂੰ ਕੋਈ ਵੱਖਰੀ ਤਨਖ਼ਾਹ ਮਿਲਦੀ ਹੈ? ਉਸ ਭਲਾਮਾਣਸ ਨੂੰ ਕੀ ਪਤਾ ਨਹੀਂ ਕਿ ਸਾਰੀ ਦੀ ਸਾਰੀ ਤਨਖ਼ਾਹ ਨਾਲ ਐਡੇ ਟੱਬਰ ਦਾ ਮਹੀਨਾ ਮਸਾਂ ਪੂਰਾ ਹੁੰਦਾ ਹੈ। ਅਜਿਹਾ ਕਿਹੜਾ ਜਾਦੂ ਹੈ, ਜਿਸ ਕਰਕੇ ਮੈਂ ਕੁੜੀ ਨੂੰ ਮੁਟਿਆਰ ਹੋਣ ਤੋਂ ਰੋਕ ਦੇਵਾਂ?"

20

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ