ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/201

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਸਾਅਬ ਖੁਸ਼ ਐ ਨਾ ਆਪਣੇ 'ਤੇ। ਟੀ.ਏ., ਡੀ.ਏ. ਬਣਦੈ। ਸੈਰ ਮੁਫ਼ਤ ਦੀ। ਆਪਣਾ ਕੀ ਘਸਦੈ?' ਉਹ ਮੂੰਹ ਭੰਵਾ ਕੇ ਹੱਸਿਆ ਹੈ।

'ਟੱਕਰੇ ਨਾ ਮੈਨੂੰ, ਮੁੰਨਾਂ ਦਾੜ੍ਹੀ ਬੇਇੱਜ਼ਤੇ ਦੀ। ਸਾਅਬ, ਸਾਅਬ। ਧੀ ਨੂੰ ਵੀ ਸੈਰਾਂ ਈ ਕਰੌਂਦੈ ਉਹ ਤਾਂ। ਮਾਲ ਰੋਡ 'ਤੇ ਕਦੇ ਕਿਸੇ ਦੇ ਸਕੂਟਰ ਮਗਰ,ਕਦੇ ਕਿਸੇ ਦੀ ਕਾਰ 'ਚ। ਸਿਰ ਦੇ ਵਾਲ ਦੇਖੇ ਨੇ? ਕੰਜਰੀ ਦੇ। ਕੈਂਚੀ ਨਾਲ ਕੱਟੀ ਸਣ ਦੀ ਜੂੜੀ। ਦਾੜ੍ਹੀ ਮੂਤ ਨਾਲ ਮੁਨਾ ਦੇ, ਕੰਜਰ ਥੋਡਾ ਸਾਅਬ।' ਉਹ ਕਹਿੰਦੀ ਹੈ।

'ਗੁੱਸੇ ਨਾ ਹੋਵੇ ਲੱਜਿਆ ਦੇਵੀ ਜੀ ਮਹਾਰਾਜ। ਨਹੀਂ ਤਾਂ ਅੱਜ ਦਾ ਪਾਠ ਪਰਵਾਨ ਨੀ ਹੋਣਾ।' ਉਹ ਮੁਸਕਰਾਉਂਦਾ ਹੈ।

'ਚੰਗਾ ਉਜੜੋ ਪਰ੍ਹਾਂ।' ਉਹ ਗੀਤਾ ਦੇ ਵਰਕੇ ਉਥੱਲਦੀ ਹੈ।

ਕੁੜੀ ਨੇ ਗਲਾਸ ਵਿੱਚ ਚਾਹ ਪਾ ਕੇ ਤਿਪਾਈ 'ਤੇ ਰੱਖ ਦਿੱਤੀ ਹੈ। ਇੱਕ ਪਲੇਟ ਵਿੱਚ ਦੋ ਨਮਕੀਨ ਬਿਸਕੁੱਟ ਵੀ ਧਰ ਦਿੱਤੇ ਹਨ।

ਟਾਈ ਦੀ ਨਾਟ ਠੀਕ ਕਰਦਾ ਉਹ ਪੌੜੀਆਂ ਚੜ੍ਹ ਗਿਆ ਹੈ। ਕੋਠੇ 'ਤੇ ਲੈਟਰੀਨ ਦੀ ਪੰਜ ਇੰਚੀ ਕੰਧ ਕੋਲ ਖੜ੍ਹ ਕੇ ਗੋਬਿੰਦ ਰਾਮ ਦੇ ਵਿਹੜੇ ਵਿੱਚ ਝਾਕਦਾ ਹੈ। ਨਰਬਦਾ ਵਰਾਂਢੇ ਵਿੱਚ ਖੜ੍ਹੀ ਕੇਸ ਵਾਹ ਰਹੀ ਹੈ। ਉਹ ਖੰਘੂਰ ਮਾਰਦਾ ਹੈ। ਨਰਬਦਾ ਉਤਾਂਹ ਪਲਕਾਂ ਚੁੱਕਦੀ ਹੈ ਤੇ ਅੱਖ ਮਾਰ ਕੇਗੱਲ ਸਮਝਾਉਂਦੀ ਹੈ। ਜੋ ਕੁਝ ਉਸਨੇ ਕਿਹਾ ਹੈ, ਉਹ ਸਮਝ ਗਿਆ ਹੈ। ਜੇ ਉਹ ਅੱਖ ਨਾ ਮਾਰਦੀ ਤਾਂ ਸਮਝ ਉਸ ਨੇ ਫਿਰ ਵੀ ਜਾਣਾ ਸੀ। ਐਨਾ ਦੇਖ ਲੈਣਾ ਹੀ ਕਾਫ਼ੀ ਹੈ ਕਿ ਉਸਨੇ ਧੋਤੀ ਹੋਈ ਸਲਵਾਰ-ਕਮੀਜ਼ ਪਹਿਨੀ ਹੋਈ ਹੈ। ਉੱਤੋਂ ਦੀ ਗਰਮ ਕੋਟੀ ਹੈ। ਕੇਸ ਵਾਹ ਰਹੀ ਹੈ ਤੇ ਛੇਤੀ-ਛੇਤੀ ਵਾਹ ਰਹੀ ਹੈ। ਐਨਾ ਸਵੇਰੇ ਤਿਆਰ ਹੋ ਰਹੀ ਹੈ। ਨਹੀਂ ਤਾਂ ਉਹ ਧੁਪਾਂ ਚੜ੍ਹੀਆਂ ਤੋਂ ਮੰਜਾ ਛੱਡਦੀ ਹੈ। ਸਾਫ਼ ਹੈ ਕਿ ਉਸ ਨੇ ਅੱਜ ਕਿਤੇ ਜਾਣਾ ਹੈ। ਜਾਣਾ ਹੈ ਤਾਂ ਓਥੇ ਹੀ ਜਿੱਥੇ ਅਗਨੀ ਮਿੱਤਰ ਨੇ। ਭਾਵ ਉਸਨੇ ਉਸਦੇ ਨਾਲ ਹੀ ਜਾਣਾ ਹੈ। ਪੌੜੀਆਂ ਉਤਰ ਕੇ ਉਹ ਟੂਟੀ 'ਤੇ ਹੱਥ ਧੋਦਾ ਹੈ। ਬਹਾਨਾ ਹੈ ਕਿ ਉਹ ਕੋਠੇ 'ਤੇ ਪਿਸ਼ਾਬ ਕਰਕੇ ਆਇਆ ਹੈ।

ਬੱਸ ਸਟੈਂਡ 'ਤੇ ਆ ਕੇ 'ਪ੍ਰਿੰਸ ਹੋਟਲ' ਵਾਲਿਆਂ ਨੂੰ ਉਹ ਕਹਿੰਦਾ ਹੈ, 'ਇੱਕ ਪਿਆਲਾ ਚਾਹ। ਤਿੱਖੀ ਜ੍ਹੀ। ਪੱਤੀ ਤੇਜ਼, ਪਾਣੀ ਘੱਟ। ਫਟਾ ਫਟ।'

ਉਹ ਹੋਟਲ ਦੇ ਮੂਹਰੇ ਖੜ੍ਹਾ ਹੈ। ਬੱਸ ਸਟੈਂਡ ਦੇ ਚੱਪੇ-ਚੱਪੇ 'ਤੇ ਉਸ ਦੀ ਨਜ਼ਰ ਦੌੜ ਰਹੀ ਹੈ। ਨਰਬਦਾ ਕਿਤੇ ਨਹੀਂ ਦਿੱਸ ਰਹੀ।

'ਚਾਏ ਟੇਬੂਲ ਪਰ ਰਖ਼ ਦੀਆਂ, ਸਾਅਬ ਫਟਾ ਫੱਟ। ਪੀ ਲੋ, ਫਟਾ ਫੱਟ। ਕਹਿ ਕੇ ਪੂਰਬੀਆ ਨੌਕਰ ਮੁਸਕਰਾਇਆ ਹੈ।'

'ਫਟਾ ਫੱਟ, ਐਥੇ ਈ ਲਿਆ, ਬ੍ਹਈਆ।' ਹੋਟਲ ਦੇ ਚੌਤਰੇ 'ਤੇ ਖੜ੍ਹਾ ਉਹ ਉੱਚੀ ਉੱਚੀ ਹੱਸਿਆ ਹੈ।

ਦੋ ਘੁੱਟਾਂ ਭਰੀਆਂ ਹਨ। ਨਰਬਦਾ ਪਲਾਸਟਿਕ ਦੀ ਹਰੀ ਟੋਕਰੀ ਹੱਥ ਵਿੱਚ ਲਟਕਾਈਂ ਹੋਟਲ ਦੇ ਸਾਹਮਣੇ ਦੀ ਲੰਘ ਗਈ ਹੈ। ਅਗਨੀ ਮਿੱਤਰ ਵੱਲ ਝਾਕ ਵੀ ਗਈ ਹੈ।

ਦੋ ਘੁੱਟਾਂ ਹੋਰ ਸੜ੍ਹਾਕ ਕੇ ਚਾਹ ਦਾ ਪਿਆਲਾ ਓਵੇਂ ਜਿਵੇਂ ਉਹ ਅੱਗ ਦੀ ਭੱਠੀ ਕੋਲ ਧਰ ਦਿੰਦਾ ਹੈ। ਹੋਟਲ ਦੇ ਮਾਲਕ ਬਹਾਵਲਪੁਰੀ ਸਰਦਾਰ ਨੂੰ ਪੱਚੀ ਪੈਸੇ ਦਿੰਦਾ ਹੈ। ਤੇ ਤੇਜ਼ੀ ਨਾਲ ਬੱਸ ਸਟੈਂਡ ਦੀ ਭੀੜ ਵਿੱਚ ਖੋ ਜਾਂਦਾ ਹੈ।

ਕੰਧ ਵਿੱਚ ਉੱਗਿਆ ਦਰਖ਼ਤ

201