ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/202

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿੜਕੀ ਅੱਗੇ ਜਾ ਕੇ ਟਿਕਟ ਮੰਗਦਾ ਹੈ। 'ਸੀਟ ਲੈ ਲੋ, ਬਾਦਸ਼ਾਓ। ਟਿਕਟ ਦਾ ਫ਼ਿਕਰ ਨਾ ਕਰੋ। ਵਿੱਚੇ ਮਿਲ ਜਾਏਗਾ।' ਰਾਤ ਦੀ ਸ਼ਰਾਬ ਦਾ ਭੰਨ੍ਹਿ ਆ ਕੰਟਕਟਰ ਅਲਸਾਈ ਜ਼ਬਾਨ ਵਿੱਚ ਕਹਿੰਦਾ ਹੈ।

ਬੱਸ ਦੀ ਅਗਲੀ ਬਾਰੀ ਕੋਲ ਖੜ੍ਹ ਕੇ ਅਗਨੀ ਮਿੱਤਰ ਪਿੱਛੇ ਨੂੰ ਝਾਕਦਾ ਹੈ। ਨਰਬਦਾ ਪਿਛਲੀ ਬਾਰੀ ਵੱਲ ਵਧੀ ਆ ਰਹੀ ਹੈ। ਇੱਕ ਸੀਟ ਸੈਂਟਰ ਵਿੱਚ ਅਗਨੀ ਮਿੱਤਰ ਨੇ ਮੱਲ ਲਈ ਹੈ। ਉਸ ਦੇ ਨਾਲ ਲੱਗਦੀ ਸੀਟ ਖਾਲੀ ਪਈ ਹੈ। ਉਸ 'ਤੇ ਨਰਬਦਾ ਨਹੀਂ ਬੈਠੀ। ਪਿਛਲੀਆਂ ਸੀਟਾਂ ਵਿੱਚ ਹੀ ਇੱਕ 'ਤੇ ਬੈਠ ਗਈ ਹੈ।

ਬੱਸ ਚੱਲਣ ਵਿੱਚ ਪੰਜ ਮਿੰਟ ਰਹਿੰਦੇ ਹਨ। ਕੰਡਕਟਰ ਆ ਗਿਆ ਹੈ ਤੇ ਟਿਕਟ ਕੱਟਣ ਲੱਗ ਪਿਆ ਹੈ। ਇੱਕ-ਇੱਕ ਰੁਪਏ ਦੇ ਉਹ ਦੋ ਟਿਕਟਾਂ ਲੈ ਲੈਂਦਾ ਹੈ।

'ਦੂਜੀ ਸਵਾਰੀ?' ਕੰਡਕਟਰ ਨੇ ਪੁੱਛਿਆ ਹੈ। ਉਸ ਨੇ ਨਰਬਦਾ ਵੱਲ ਅੱਖਾਂ ਦਾ ਇਸ਼ਾਰਾ ਕਰ ਦਿੱਤਾ ਹੈ। ਉਸ ਦੇ ਨਾਲ ਵਾਲੀ ਖਾਲੀ ਸੀਟ ਵੱਲ ਕੰਡਕਟਰ ਝਾਕਿਆ ਹੈ ਤੇ ਮੁਸਕਰਾ ਪਿਆ ਹੈ। ਸ਼ਾਇਦ ਕੁਝ ਤਾੜ ਗਿਆ ਹੈ।

ਨਰਬਦਾ ਤੋਂ ਅਗਲੀ ਸੀਟ 'ਤੇ ਉਨ੍ਹਾਂ ਦਾ ਗਵਾਂਢੀ ਰੁਲਦੂ ਹਲਵਾਈ ਬੈਠਾ ਹੈ। ਤੜਕੇ ਹੀ ਪਤਾ ਨਹੀਂ ਕਿੱਥੋਂ ਆ ਗਿਆ ਹੈ? ਉਹ ਪੰਜਾਹ ਪੈਸੇ ਦਾ ਟਿਕਟ ਲੈਂਦਾ ਹੈ।

ਅਗਨੀ ਮਿੱਤਰ ਦੇ ਨਾਲ ਵਾਲੀ ਸੀਟ ਅਜੇ ਵੀ ਖਾਲੀ ਪਈ ਹੈ। ਰੁਲਦੂ ਉਤਰਦਾ ਹੈ। ਨਰਬਦਾ, ਅਗਨੀ ਮਿੱਤਰ ਨਾਲ ਆ ਬੈਠਦੀ ਹੈ। ਚੱਲ, ਸਿਆਪਾ ਮੁੱਕਿਆ ਟੁੱਟ ਜਾਣੇ ਦਾ। ਹੌਲੀ ਦੇ ਕੇ ਕਹਿੰਦੀ ਉਹ ਸਾਰੀ ਬੱਸ ਵਿੱਚ ਨਿਗਾਹ ਘੁਮਾਉਂਦੀ ਹੈ। ਕੋਈ ਨਹੀਂ, ਜੋ ਉਸ ਨੂੰ ਜਾਣਦਾ ਹੋਵੇ।ਉਸ ਨੇ ਅਗਨੀ ਮਿੱਤਰ ਦੇ ਪੱਟ ਤੇ ਚੂੰਢੀ ਵੱਢੀ ਹੈ, ਜਿਵੇਂ ਅੱਗ ਦਾ ਕੋਲਾ ਧਰ ਦਿੱਤਾ ਹੋਵੇ। ਨੀਵੀਂ ਪਾ ਕੇ ਉਹ ਹੇਠਲਾ ਬੁੱਲ੍ਹ ਦੰਦਾਂ ਵਿੱਚ ਘੁੱਟਦਾ ਹੈ। ਨਰਬਦਾ ਦਾ ਹੱਥ ਆਪਣੇ ਹੱਥ ਵਿੱਚ ਲੈਂਦਾ ਹੈ। ਜਿਸ ਅੱਡੇ ਤੇ ਪਝਤਰ ਪੈਸੇ ਦਾ ਸਫ਼ਰ ਮੁੱਕਦਾ ਹੈ, ਉਹ ਉਤਰ ਜਾਂਦੇ ਹਨ। ਕੰਡਕਟਰ ਫਿਰ ਮੁਸਕਰਾਇਆ ਹੈ।

ਅੱਡੇ ਤੋਂ ਇੱਕ ਫਰਲਾਂਗ ਤੁਰ ਕੇ ਨਹਿਰ ਦਾ ਪੁਲ ਆਉਂਦਾ ਹੈ। ਉਹ ਨਹਿਰ ਦੀ ਪਟੜੀ ਫੜਦੇ ਹਨ। ਤੁਰੇ ਜਾਂਦੇ ਹਨ। ਦੋ ਫਰਲਾਂਗ ਤੁਰੇ ਜਾਂਦੇ ਹਨ। ਉਹ ਗੱਲ ਕਰਦੀ ਹੈ ਤੇ ਵੱਡਾ ਸਾਰਾ ਹਉਂਕਾ ਲੈਂਦੀ ਹੈ। ਉਹ ਗੱਲ ਕਰਦਾ ਹੈ ਤਾਂ ਵੱਡਾ ਸਾਰਾ ਹਉਂਕਾ ਲੈਂਦਾ ਹੈ।

ਨਹਿਰ ਦੀ ਪਟੜੀ ਦੇ ਨਾਲ-ਨਾਲ ਦੂਰ ਤੱਕ ਇੱਕ ਸੰਘਣਾ ਜੰਗਲ ਹੈ। ਇਸ ਜੰਗਲ ਵਿੱਚ ਉਹ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ।

ਦੁਪਹਿਰ ਹੋ ਰਹੀ ਹੈ। ਦਸੰਬਰ ਦੀ ਨਿੱਘੀ-ਨਿੱਘੀ ਧੁੱਪ ਹੈ। ਪਰ ਇਹ ਧੁੱਪ ਉਨ੍ਹਾਂ ਦੇ ਪਿੰਡਿਆਂ 'ਤੇ ਕੀੜੀਆਂ ਵਾਂਗ ਸਰਲਾ ਰਹੀ ਹੈ। ਉਹ ਟਾਈ ਦੀ ਨਾਟ ਢਿੱਲੀ ਕਰਦਾ ਹੈ ਤੇ ਕਮੀਜ਼ ਦਾ ਉਤਲਾ ਬਟਨ ਖੋਲ੍ਹ ਦਿੰਦਾ ਹੈ। ਨਰਬਦਾ ਦਾ ਮੁੱਕੀ ਵੰਨਾ ਚਿਹਰਾ ਹੋਰ ਭਖ਼ ਉੱਠਿਆ ਹੈ। ਚੁੰਨੀ ਦੇ ਲੜ ਨਾਲ ਉਹ ਗੱਲਾਂ ਤੇ ਮੱਥਾ ਰਗੜਦੀ ਹੈ। ਲੱਗਦਾ ਹੈ, ਚਿੱਟੀ ਚੁਨੀ ਦਾ ਲੜ ਵੀ ਜਿਵੇਂ ਬਦਾਮੀ ਹੋ ਗਿਆ ਹੋਵੇ।

ਇੱਕ ਵੱਡੀ ਸਾਰੀ ਕਿੱਕਰ ਦੀ ਛਾਂ ਵਿੱਚ ਉਹ ਹੌਲੇ ਫੁੱਲ ਹੋਏ ਬੈਠੇ ਹਨ।

202

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ