ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਮੈਂ ਕੀ ਫੂਕਣੇ ਨੇ ਪੱਟ ਦੇ ਲੱਛੇ। ਚੱਜ ਨਾਲ ਬੰਦਾ ਜੇ ਬੁਲਾਵੇ ਚਲਾਵੇ ਈ ਨਾ। ਮੇਰੀ ਤਾਂ ਐੱਫ਼.ਏ, ਖੂਹ 'ਚ ਪੈ 'ਗੀ, ਅੱਠਵੀਂ ਫੇਲ੍ਹ ਦੇ ਮਗਰ ਲੱਗ ਕੇ ਹੁਣ ਭਾਵੇਂ 'ਜੰਤਾ ਬੂਟ ਹਾਊਸ' ਦਾ ਮਾਲਕ ਬਣਿਆ ਫਿਰੇ। ਨੋਟਾਂ ਦੇ ਕੀ ਵਿੱਚ ਮੱਚਣੈ।

'ਨਰਬਦਾ।'

'ਹਾਂ ਜੀ।'

'ਤੂੰ ਗੋਬਿੰਦ ਰਾਮ ਤੋਂ ਖਹਿੜਾ ਛੁਡਾਅ, ਮੈਂ ਲੱਜਿਆ ਦਾ ਫਾਹਾ ਵੱਢ ਦਿੰਨਾਂ। ਆ ਆਪਾਂ ਜਵਾਕ ਸਾਂਝੇ ਕਰ ਲਈਏ।'

'ਪਰ ਅਗਨੀ ਮਿੱਤਰ ਜੀ, ਹੁਣ ਵੀ ਆਪਾਂ ਕੋਈ ਦੋ ਤਾਂ ਨਹੀਂ।'

'ਦੋ ਨਹੀਂ, ਤਾਂ ਹੋਰ ਕੀ ਆਂ? ਤੂੰ ਸੇਠ ਗੋਬਿੰਦ ਰਾਮ ਦੀ ਪਤਨੀ ਐਂ ਤੇ ਮੈਂ ਲੱਜਿਆ ਉਰਫ਼ ਗੀਤਾ ਦਾ ਪਾਠ ਕਰਨ ਵਾਲੀ ਕ੍ਰਿਸ਼ਨ ਭਗਤਣੀ ਦਾ ਪਤੀ। ਦੋ ਤਾਂ ਹਾਂ। ਤੂੰ, ਤੂੰ ਐਂ, ਮੈਂ, ਮੈਂ ਆਂ। ਇੱਕ ਬਣ ਜਾਈਏ, ਨਰਬਦਾ। ਮਾਰ ਹਿੱਕ 'ਤੇ ਹੱਥ।'

ਨਰਬਦਾ ਚੁੱਪ ਰਹਿੰਦੀ ਹੈ।

ਗੋਬਿੰਦ ਰਾਮ ਦਾ ਵੱਡਾ ਸਾਰਾ ਮਕਾਨ ਹੈ। ਚਾਰ ਮਕਾਨਾਂ ਦਾ ਇੱਕ ਮਕਾਨ। ਇੱਕ ਹਿੱਸੇ ਵਿੱਚ ਉਹ ਆਪ ਰਹਿੰਦਾ ਹੈ। ਇੱਕ ਵਿੱਚ ਅਗਨੀ ਮਿੱਤਰ। ਇੱਕ ਵਿਚ ਮਾਸਟਰ ਹਰਦੁਆਰੀ ਲਾਲ, ਜਿਸ ਦੀ ਹਾਥੀ ਵਰਗੀ ਔਰਤ ਸੱਤ ਕੁੜੀਆਂ ਤੇ ਤਿੰਨ ਮੁੰਡੇ ਜੰਮ ਕੇ ਅਜੇ ਵੀ ਬੁੱਢੀ ਨਹੀਂ ਹੋਈ ਚੌਥੇ ਹਿੱਸੇ ਵਿੱਚ ਸਰਦਾਰ ਬੰਤਾ ਸਿੰਘ, ਜੋ ਪੰਜਾਬ ਰੋਡਵੇਜ਼ ਵਿੱਚ ਡਰਾਈਵਰ ਹੈ। ਪਰ ਡਰਾਈਵਰਾਂ ਵਾਲੀ ਉਸ ਵਿੱਚ ਇੱਕ ਵੀ ਗੱਲ ਨਹੀਂ। ਸ਼ਰਾਬ ਨਹੀਂ ਪੀਂਦਾ। ਚੁੱਪ ਰਹਿੰਦਾ ਹੈ। ਪਤਾ ਵੀ ਨਹੀਂ ਲੱਗਦਾ, ਕਦੋਂ ਆਉਂਦਾ ਹੈ ਤੇ ਕਦੋਂ ਜਾਂਦਾ ਹੈ।

ਗੋਬਿੰਦ ਰਾਮ ਦੇ ਆਉਣ ਜਾਣ ਦਾ ਵੀ ਕੋਈ ਪਤਾ ਨਹੀਂ ਲੱਗਦਾ। ਹਰਦੁਆਰੀ ਨਾਲ ਉੱਚੀ-ਉੱਚੀ ਬੋਲਦਾ ਹੈ। ਹਰ ਵੇਲੇ ਲੜਦਾ ਰਹਿੰਦਾ ਹੈ, ਕਦੇ ਜਵਾਕਾਂ ਨਾਲ, ਕਦੇ ਆਪਣੀ ਔਰਤ ਨਾਲ। ਉਸ ਦੇ ਜਵਾਕ ਵੀ ਬੜਾ ਚੀਂਘ-ਚੰਘਿਆੜਾਂ ਪਾਉਂਦੇ ਹਨ।

ਗੋਬਿੰਦ ਰਾਮ ਦਾ ਚੁੱਪ ਰਹਿਣਾ ਅਗਨੀ ਮਿੱਤਰ ਨੂੰ ਚੰਗਾ ਲੱਗਦਾ ਹੈ, ਜਦੋਂ ਕਿ ਬੰਤਾ ਸਿੰਘ ਦੀ ਚੁੱਪ ਖਟਕਦੀ ਹੈ।

ਨਰਬਦਾ ਤਿੰਨੇ ਘਰਾਂ ਵਿੱਚ ਆਉਂਦੀ ਜਾਂਦੀ ਹੈ। ਦਿਨ ਵੇਲੇ ਔਰਤਾਂ ਕੋਲ ਇੱਕ-ਦੋ ਗੇੜੇ ਤਾਂ ਜ਼ਰੂਰ ਮਾਰ ਜਾਂਦੀ ਹੈ। ਲੱਜਿਆ ਕੋਲ ਤਾਂ ਉਹ ਦੋ-ਦੋ ਘੰਟੇ ਬੈਠੀ ਰਹਿੰਦੀ ਹੈ। ਘਰ ਦਾ ਕੰਮ ਵੀ ਉਸ ਨੂੰ ਬਹੁਤਾ ਨਹੀਂ। ਇੱਕ ਮੁੰਡਾ ਹੈ, ਜੋ ਚੌਥੀ ਜਮਾਤ ਵਿੱਚ ਪੜ੍ਹਦਾ ਹੈ। ਮੁੰਡੇ ਤੋਂ ਬਾਅਦ ਇੱਕ ਕੁੜੀ ਸੀ, ਜੋ ਜੰਮਦੀ ਹੀ ਮਰ ਗਈ ਸੀ। ਮੁੜ ਕੇ ਕੋਈ ਜਵਾਕ ਨਹੀਂ ਹੋਇਆ ਰੋਟੀ ਟੁੱਕ ਦਾ ਕੰਮ ਕਰਨ ਲਈ ਬਾਹਮਣਾ ਦੀ ਕੁੜੀ ਨੌਕਰ ਹੈ।

ਨਰਬਦਾ ਦੱਸਦੀ ਹੁੰਦੀ ਹੈ ਕਿ ਉਹ ਕਾਲਜ ਵਿੱਚ ਹਾਕੀ ਦੀ ਪਲੇਅਰ ਸੀ। ਐਥਲੀਟ ਵੀ।ਉਸ ਦਾ ਸਰੀਰ ਹੁਣ ਵੀ ਦੱਸਦਾ ਹੈ ਕਿ ਉਹ ਜ਼ਰੂਰ ਐਥਲੀਟ ਹੁੰਦੀ ਹੋਵੇਗੀ।

204

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ