ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/205

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੁਣ ਤਾਂ ਬੱਸ ਉਹ ਨਾਵਲ-ਕਹਾਣੀਆਂ ਪੜ੍ਹਦੀ ਹੈ। ਪਬਲਿਕ ਲਾਇਬ੍ਰੇਰੀ ਵਿੱਚੋਂ ਆਪ ਹੀ ਕਿਤਾਬਾਂ ਲੈ ਆਉਂਦੀ ਹੈ। ਅਗਨੀ ਮਿੱਤਰ ਦੀ ਕੁੜੀ, ਜੋ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ, ਸਕੂਲੋਂ ਕਿਤਾਬਾਂ ਲਿਆ ਕੇ ਨਰਬਦਾ ਨੂੰ ਦਿੰਦੀ ਹੈ।

ਲੱਜਿਆ ਦੀ ਭਜਨ-ਬੰਦਗੀ ਅਗਨੀ ਮਿੱਤਰ ਨੂੰ ਬਿਲਕੁਲ ਪਸੰਦ ਨਹੀਂ। ਉਹ ਖਿਝਦਾ ਰਹਿੰਦਾ ਹੈ, ਜਦ ਕਦੇ ਉਹ ਅਗਨੀ ਮਿੱਤਰ ਨਾਲ ਸੌਂਦੀ ਹੈ ਤਾਂ ਉਸ ਦੇ ਗਲ ਵਿੱਚ ਪਾਈ ਮਾਲਾ ਤੋਂ ਅਗਨੀ ਮਿੱਤਰ ਨੂੰ ਕਚਿਆਣ ਆਉਂਦੀ ਹੈ। ਜਿਵੇਂ ਉਹ ਕੋਈ ਦੇਵੀ-ਮਾਤਾ ਹੋਵੇ। ਮਾਤਾ ਨਾਲ ਕੋਈ ਕਿਵੇਂ ਸੌਂ ਸਕਦਾ ਹੈ?

ਦੋ ਬੱਚੇ ਪਤਾ ਨਹੀਂ ਕਿਹੜੇ ਵੇਲੇ ਹੋ ਗਏ। ਜਦ ਕਦੇ ਉਹ ਉਸ ਨਾਲ ਸੁੱਤੀ ਹੈ, ਉਹ ਠੰਡਾ ਜਿਹਾ ਹੀ ਰਿਹਾ ਹੈ ਨਰਬਦਾ ਵੇਲੇ ਕੋਈ ਵੇਖੇ ਉਸ ਨੂੰ।

ਲੱਜਿਆ ਦੀਆਂ ਆਦਤਾਂ ਵੀ ਅਜੀਬ ਹਨ। ਅਗਨੀ ਮਿੱਤਰ ਨਾਲ ਜਦ ਕਦੇ ਉਹ ਸੌਂਦੀ ਹੈ, ਅੱਧਾ ਘੰਟਾ ਜਾਂ ਦੋ ਘੰਟੇ। ਉਸ ਤੋਂ ਬਾਅਦ ਉਹ ਇਸ਼ਨਾਨ ਕਰਦੀ ਹੈ ਤੇ ਨਵੇਂ ਕੱਪੜੇ ਪਾਉਂਦੀ ਹੈ। ਆਪਣੇ ਮੰਜੇ 'ਤੇ ਪੈ ਜਾਂਦੀ ਹੈ। ਅਗਨੀ ਮਿੱਤਰ ਨਾਲ ਸੌਂ ਕੇ ਜਿਵੇਂ ਭਰਿਸਟੀ ਗਈ ਹੋਵੇ। ਅਜਿਹੇ ਸਮੇਂ ਅਗਨੀ ਮਿੱਤਰ ਨੂੰ ਆਪਣੇ ਵਿੱਚੋਂ ਸੂਗ ਆਉਂਦੀ ਹੈ।

ਉਸ ਨੂੰ ਲਗਦਾ ਹੈ, ਜਿਵੇਂ ਨਰਬਦਾ ਹੀ ਉਸ ਦੀ ਅਸਲੀ ਔਰਤ ਹੋਵੇ।

ਪਰ ਕਦੇ-ਕਦੇ ਨਰਬਦਾ ਵੀ ਅਗਨੀ ਮਿੱਤਰ ਨੂੰ ਬੁਰੀ ਲਗਦੀ ਹੈ। ਜਦ ਕਦੇ ਉਹ ਬਾਹਰ ਜਾਂਦੇ ਹਨ, ਉਹ ਉਸ ਦੀ ਜੇਬ ਵਿੱਚ ਮੱਲੋ-ਮੱਲੀ ਰੁਪਏ ਪਾ ਦਿੰਦੀ ਹੈ, ਕਦੇ ਸੌ, ਕਦੇ ਪੰਜਾਹ। ਉਸ ਨੂੰ ਇਸ ਤਰ੍ਹਾਂ ਦਿੱਤੇ ਰੁਪਿਆਂ ਵਿੱਚੋਂ ਹਉਂਕ ਆਉਂਦੀ ਹੈ।

ਗੋਬਿੰਦ ਰਾਮ ਦੀ ਘਾਟ ਉਹ ਉਸ ਵਿੱਚੋਂ ਪੂਰੀ ਕਰਦੀ ਹੈ। ਇਸ ਤੋਂ ਵੱਧ ਅਗਨੀ ਮਿੱਤਰ ਕੀ ਹੈ?

ਉਸ ਨੂੰ ਆਪਣਾ ਆਪ ਵੀ ਬੁਰਾ ਲੱਗਦਾ ਹੈ। ਲੱਜਿਆ ਵਿੱਚ ਜੋ ਕੁਝ ਨਹੀਂ, ਉਹ ਨਰਬਦਾ ਤੋਂ ਲੈਂਦਾ ਹੈ। ਇਸ ਤੋਂ ਵੱਧ ਨਰਬਦਾ ਕੀ ਹੈ?

ਉਹ ਨਰਬਦਾ ਨੂੰ ਕਿੰਨੀ ਵਾਰ ਕਹਿ ਚੁੱਕਿਆ ਹੈ, "ਭਰੇ ਬਜ਼ਾਰ ਵਿੱਚ ਮੇਰੀ ਬਾਂਹ ਫੜ ਲੈ", ਪਰ ਉਹ ਤਾਂ ਹੱਸ ਕੇ ਟਾਲ ਦਿੰਦੀ ਹੈ।

ਨਬਰਦਾ ਤੋਂ ਪਹਿਲਾਂ ਕਿਸੇ ਪਰਾਈ ਔਰਤ ਨਾਲ ਉਸ ਦਾ ਕੋਈ ਸਬੰਧ ਨਹੀਂ ਰਿਹਾ। ਪਰਾਈ ਔਰਤ ਦਾ ਅਹਿਸਾਸ ਕਿੰਨਾ ਮਿੱਠਾ ਹੈ, ਪਰ ਕਿੰਨਾ ਕੌੜਾ।

ਔਰਤ ਜਾਂ ਮਰਦ ਜੇ ਸਰੀਰਕ ਸੁਆਦ ਤੋਂ ਵੱਧ ਕੁਝ ਨਹੀਂ ਤਾਂ ਪਸ਼ੂ ਤੇ ਮਨੁੱਖ ਵਿੱਚ ਫ਼ਰਕ ਕੀ ਹੋਇਆ?

ਪਰ ਉਹ ਤਾਂ ਚਾਹੁੰਦਾ ਹੈ ਕਿ ਰੜੇ ਮੈਦਾਨ ਰੁੱਖ ਲਾਵੇ। ਜੋ ਉੱਚਾ ਵਧ ਸਕੇ, ਜਿਸ ਦੀ ਯਾਰੀ ਅਸਮਾਨ ਨਾਲ ਹੋਵੇ। ਕੰਧ ਵਿੱਚ ਉੱਗੇ ਦਰੱਖ਼ਤ ਦਾ ਜੀਵਨ ਹੈ ਕੋਈ?

ਨਰਬਦਾ ਨਾਲ ਸਾਰੇ ਸਬੰਧ ਮਕਾ ਕੇ ਉਹ ਮਕਾਨ ਬਦਲ ਲੈਂਦਾ ਹੈ। ਗੋਬਿੰਦ ਰਾਮ ਦੇ ਮਕਾਨ ਤੇ ਬਹੁਤ ਦੂਰ।

ਕੰਧ ਵਿੱਚ ਉੱਗਿਆ ਦਰੱਖ਼ਤ

205