ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/209

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਹੱਬਤ ਦੀ ਮਿੱਟੀ

ਜੁੰਮਾ ਘੁਮਿਆਰ ਸੂਰਜ ਦੇ ਉਭਾਰ ਤੋਂ ਪਹਿਲਾਂ ਜਾਗ ਪੈਂਦਾ। ਉੱਠਣ ਸਾਰ ਉਹ ਚੱਕ ਵਾਲੇ ਛਤਣੇ ਵਿੱਚ ਜਾਂਦਾ ਤੇ ਡੱਬੀ ਦੀ ਸੀਖ਼ ਬਾਲ ਕੇ ਆਪਣੀ ਸਰਦਾਰੋ ਨੂੰ ਦੇਖਣ ਲੱਗਦਾ। ਦੇਖਦਾ ਰਹਿੰਦਾ ਤੇ ਹੁਸਨ ਦੀਆਂ ਸਿਫ਼ਤਾਂ ਕਰਦਾ। ਇੱਕ ਸੀਖ਼ ਬੁਝਦੀ ਤਾਂ ਦੂਜੀ ਬਾਲ ਲੈਂਦਾ। ਉਹ ਨੂੰ ਲੱਗਦਾ ਸਰਦਾਰੋ ਦੇ ਚਿਹਰੇ ਤੇ ਉਹ ਪ੍ਰਭਾਵ ਨਹੀਂ ਆਇਆ। ਮੁਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ। ਮਿੱਟੀ ਦਾ ਬੁੱਤ ਉਹ ਨੂੰ ਅਧੂਰਾ-ਅਧੂਰਾ ਜਾਪਦਾ। ਉਹ ਦਾ ਦਿਲ ਗਵਾਹੀ ਭਰਦਾ, ਇੱਕ ਦਿਨ ਇਹ ਮਿੱਟੀ ਦਾ ਬੁੱਤ ਮੁਕੰਮਲ ਕਰਾਂਗਾ। ਮੁਕੰਮਲ ਤੇ ਸੰਪੂਰਨ। ਉਸ ਦਿਨ ਹੀ ਇਹ ਦੇ ਵਿਚੋਂ ਅਸਲੀ ਸਰਦਾਰੋ ਪੈਦਾ ਹੋਵੇਗੀ। ਸਰਦਾਰੋ, ਜੋ ਕਦੇ ਉਹ ਦਾ ਸੁਪਨਾ ਸੀ ਤੇ ਸੁਪਨਾ ਜਿਸ ਨੂੰ ਕਦੇ ਉਸ ਨੇ ਖੁਦ ਹੀ ਤੋੜ ਦਿੱਤਾ ਸੀ।

ਕਿਸੇ ਕਾਹਲ ਜਿਹੀ ਵਿੱਚ ਜੁੰਮਾ ਘਰੋਂ ਨਿਕਲਦਾ ਤੇ ਖੁੱਲ੍ਹੇ ਖੇਤਾਂ ਵਿੱਚ ਜੰਗਲ-ਪਾਣੀ ਹੋ ਆਉਂਦਾ। ਖੇਤਾਂ ਵਿੱਚ ਹੀ ਉਹ ਨੂੰ ਆਪਣੇ ਗਧਿਆਂ ਦੇ ਹੀਂਗਣ ਦੀਆਂ ਅਵਾਜ਼ਾਂ ਸੁਣਦੀਆਂ। ਗਧਿਆਂ ਦੀਆਂ ਅਵਾਜ਼ਾਂ ਸੁਣ ਕੇ ਉਹ ਨੂੰ ਭੱਠੇ ਤੇ ਜਾਣ ਦੀ ਕਾਹਲ ਵੀ ਤੰਗ ਕਰਨ ਲੱਗਦੀ। ਭੱਠੇ ਦੀ ਕਾਹਲ ਵਿੱਚ ਸਰਦਾਰੋ ਦਾ ਖ਼ਿਆਲ ਕਿਧਰੇ ਗੁਆਚ-ਗੁਆਚ ਜਾਂਦਾ। ਘਰ ਆ ਕੇ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਤੇ ਚੁੱਲ੍ਹੇ ਤੇ ਚਾਹ ਧਰਨ ਲਈ ਆਖਦਾ। ਮਾਂ ਚਾਹ ਬਣਾਉਣ ਲੱਗਦੀ ਤਾਂ ਉਹ ਚੱਕ ਵਾਲੇ ਛਤਣੇ ਵਿੱਚ ਆ ਬੈਠਦਾ। ਓਦੋਂ ਤੱਕ ਸੂਰਜ ਦੀ ਲੋਅ ਉਹ ਦੇ ਵਿਹੜੇ ਤੱਕ ਪਹੁੰਚ ਚੁੱਕੀ ਹੁੰਦੀ। ਕਿਰਨਾਂ ਲੱਗਣ ਤੋਂ ਪਹਿਲਾਂ ਦਾ ਸੁਰਮਈ ਚਾਨਣ। ਛਤਣੇ ਦਾ ਬੂਹਾ ਚੜ੍ਹਦੇ ਵੱਲ ਸੀ। ਲੋਅ ਚਾਰੇ ਖੂੰਜਿਆਂ ਵਿੱਚ ਪਹੁੰਚਦੀ। ਸਰਦਾਰੋ ਦੇ ਮੂੰਹ ਨੂੰ ਉਹ ਟਿਕਟਿਕੀ ਬੰਨ੍ਹ ਕੇ ਤੱਕਣ ਲੱਗਦਾ। ਤੱਕਦਾ ਰਹਿੰਦਾ ਤੇ ਫੇਰ ਪਾਣੀ ਦੀ ਗੜਵੀ ਲਿਆ ਕੇ ਮਿੱਟੀ ਗਿੱਲੀ ਕਰਦਾ। ਲੋਹੇ ਦੇ ਹੇਰਨੇ ਨਾਲ ਬੁੱਤ ਦੀਆਂ ਅੱਖਾਂ, ਉਹ ਦੀ ਠੋਡੀ, ਉਹ ਦੀਆਂ ਗੱਲਾਂ ਤੇ ਬੁੱਲਾਂ 'ਤੋਂ ਮਿੱਟੀ ਖੁਰਚ ਦਿੰਦਾ। ਚਿਹਰੇ 'ਤੇ ਪਾਣੀ ਤੁੱਕਦਾ। ਚਿਹਰੇ 'ਤੇ ਉਂਗਲਾਂ ਦੇ ਪੋਟੇ ਫੇਰਦਾ। ਖ਼ਾਸ-ਖ਼ਾਸ ਥਾਵਾਂ 'ਤੇ ਉਂਗਲਾਂ ਦੇ ਗਿੱਲੇ ਫੁੱਲ ਛੁਹਾਉਂਦਾ। ਤੇ ਫੇਰ ਗਿੱਲੀ ਮਿੱਟੀ ਗੁੰਨ੍ਹ ਰਿਹਾ ਉਹ ਸੋਚਾਂ ਦੇ ਸਮੁੰਦਰ ਵਿੱਚ ਉਤਰ ਜਾਂਦਾ। ਹੁੱਕਾ ਤਾਜ਼ਾ ਕਰਕੇ ਉਹ ਚਿਲਮ ਵੀ ਭਰ ਲਿਆਇਆ ਹੁੰਦਾ। ਮੱਠੀ-ਮੱਠੀ ਹੁੱਕੇ ਦੀ ਘੁੱਟ ਲੈਂਦਾ ਤੇ ਅੱਧ ਖੁੱਲ੍ਹੀਆਂ ਅੱਖਾਂ ਵਿੱਚ ਵਿਉਂਤਾਂ ਬਣਾਉਂਦਾ। ਗੁੰਨੀ ਮਿੱਟੀ ਨੂੰ ਹੇਰਨੇ ਦੀ ਚੁੰਝ 'ਤੇ ਚੜ੍ਹਾ ਕੇ ਉਹ ਬੁੱਤ ਦੇ ਚਿਹਰੇ ਤੇ ਲਾਉਂਦਾ ਤੇ ਫਿਰ ਚੁੰਝ

ਮੁਹੱਬਤ ਦੀ ਮਿੱਟੀ

209