ਤੁਫ਼ਾਨ ਗੁਜ਼ਰ ਗਿਆ ਤਾਂ ਜੁੰਮਾ ਤੇ ਜੁੰਮੇ ਦੀ ਮਾਂ ਹਵੇਲੀ ਵਾਲਿਆਂ ਦੇ ਘਰੋਂ ਬਾਹਰ ਆ ਗਏ। ਪਿੰਡ ਵਿੱਚ ਹੀ ਨਿੱਕੇ-ਮੋਟੇ ਕੰਮ ਕਰਨ ਲੱਗੇ। ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ ਰਹਿੰਦੇ ਵੀ ਲੋਕਾਂ ਦੇ ਘਰਾਂ ਵਿੱਚ ਹੀ। ਆਪਣੇ ਘਰ ਤੋਂ ਜਿਵੇਂ ਉਨ੍ਹਾਂ ਨੂੰ ਡਰ ਲੱਗਦਾ ਹੋਵੇ। ਜਿਵੇਂ ਹੁਣ ਵੀ ਕੋਈ ਉਨ੍ਹਾਂ ਨੂੰ ਸੁੱਤਿਆਂ ਨੂੰ ਆ ਕੇ ਮਾਰ ਜਾਵੇਗਾ। ਤੇ ਫੇਰ ਉਹ ਆਪਣੇ ਘਰ ਹੀ ਆ ਗਏ। ਘਰ ਵਿੱਚ ਤਾਂ ਕੁਝ ਵੀ ਨਹੀਂ ਸੀ। ਘਰ ਦੀਆਂ ਕੰਧਾਂ ਖੜ੍ਹੀਆਂ ਸਨ। ਘਰ ਦੀ ਛੱਤ ਕਾਇਮ ਸੀ। ਛੱਤਣੇ ਵਿੱਚ ਚੱਕ ਹੈਗਾ ਸੀ। ਇੱਕ ਪਾਸੇ ਡਿੱਗਿਆ ਪਿਆ।
ਜੁੰਮੇ ਨੇ ਚੱਕ ਨੂੰ ਹਿਲਾਇਆ ਨਹੀਂ। ਹੁਣ ਤੱਕ ਵੀ ਉਹ ਚੱਕ ਓਵੇਂ ਦਾ ਓਵੇਂ ਪਿਆ ਹੋਇਆ ਸੀ। ਨਿਰਜਿੰਦ, ਬੇਅਵਾਜ਼ ਤੇ ਛਾਪਲਿਆ ਹੋਇਆ। ਜਿਵੇਂ ਹੁਣੇ ਕੋਈ ਉਹ ਨੂੰ ਗੇੜਾ ਦੇਵੇ ਤਾਂ ਉਹ ਹਰਕਤ ਵਿੱਚ ਆ ਸਕਦਾ ਹੈ।
ਸੰਤਾਲੀ ਦੇ ਸਾਕੇ ਨੂੰ ਅੱਠ-ਦਸ ਵਰ੍ਹੇ ਲੰਘ ਗਏ। ਓਦੋਂ ਤੱਕ ਜੁੰਮੇ ਕੋਲ ਚਾਰ ਗਧੇ ਤੇ ਦੋ ਗਧੀਆਂ ਸਨ। ਭੱਠੇ 'ਤੇ ਜਾ ਕੇ ਉਹ ਇੱਟਾਂ ਢੋਣ ਦਾ ਕੰਮ ਕਰਦਾ। ਮਾਂ ਘਰ ਵਿੱਚ ਰਹਿੰਦੀ। ਸੋਹਣਾ ਗੁਜ਼ਾਰਾ ਚੱਲ ਰਿਹਾ ਸੀ। ਹਵੇਲੀ ਵਾਲਿਆਂ ਦੀ ਸਰਦਾਰੋ ਦਾ ਵਿਆਹ ਸੀ। ਵਿਆਹ ਤੋਂ ਚਾਰ ਦਿਨ ਪਹਿਲਾਂ ਉਹ ਅੱਧੀ ਰਾਤ ਘਰੋਂ ਉੱਠ ਕੇ ਜੁੰਮੇ ਕੋਲ ਆਈ। ਉਹ ਨੂੰ ਬਾਹੋਂ ਫੜ ਕੇ ਮੰਜੇ 'ਤੇ ਬਿਠਾ ਦਿੱਤਾ ਤੇ ਕਿੰਨਾ ਹੀ ਚਿਰ ਉਸ ਦੇ ਨਾਲ ਘੁਸਰ-ਮੁਸਰ ਕਰਦੀ ਰਹੀ। ਮਾਂ ਦੀ ਮੰਜੀ ਦੂਰ ਸੀ। ਜੁੰਮਾ ਮੰਨਿਆ ਨਹੀਂ। ਡਰ ਗਿਆ। ਐਡੀ ਵੱਡੀ ਚੱਟਾਨ ਨਾਲ ਉਹ ਮੰਥਾਂ ਕਿਵੇਂ ਲਾਉਂਦਾ। ਉਹ ਤਾਂ ਇੱਕ ਘੁਮਿਆਰ ਸੀ ਬੱਸ ਹਵੇਲੀ ਵਾਲੇ ਤਾਂ ਜਿਮੀਂਦਾਰ ਸਨ। ਉਹ ਆਥਣ ਨੂੰ ਕਿਹੜਾ ਨਾ ਖਪਾ ਕੇ ਰੱਖ ਦਿੰਦੇ। ਤੇ ਫੇਰ ਜੁੰਮੇ ਤੇ ਜੁੰਮੇ ਦੀ ਮਾਂ ਨੇ ਉਨ੍ਹਾਂ ਦੇ ਘਰ ਦਾ ਲੂਣ ਵੀ ਤਾਂ ਖਾਧਾ ਸੀ। ਸਰਦਾਰੋ ਜਿਵੇਂ ਕੋਈ ਸਰਾਪ ਦੇ ਕੇ ਤੁਰ ਗਈ ਹੋਵੇ।
ਬੱਸ ਉਹ ਦਿਨ ਸੋ ਉਹ ਦਿਨ ਜੁੰਮਾ ਪਿੱਤੇ ਵਾਂਗ ਸੁੱਕਣ ਲੱਗ ਪਿਆ। ਉਸ ਪਿੰਡ ਵਿੱਚ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ ਘੁਮਿਆਰਾਂ ਦਾ ਕੋਈ ਘਰ ਨਹੀਂ ਰਹਿ ਗਿਆ ਸੀ। ਏਧਰ ਹੀ ਖੁਰਦ-ਬੁਰਦ ਹੋ ਗਏ ਜਾਂ ਫੇਰ ਪਾਕਿਸਤਾਨ ਨੂੰ ਚਲੇ ਗਏ। ਪਹਿਲਾਂ-ਪਹਿਲਾਂ ਤਾਂ ਕੋਈ ਆਸ ਵੀ ਨਹੀਂ ਸੀ। ਪਰ ਫੇਰ ਕਈ ਸਾਲਾਂ ਪਿੱਛੋਂ ਦੂਰ-ਦਰਾਜ਼ ਦੇ ਪਿੰਡਾਂ ਵਿੱਚੋਂ ਉਹ ਨੂੰ ਰਿਸ਼ਤੇ ਆਉਣ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਰਿਹਾ। ਜਿਵੇਂ ਔਰਤ ਦੀ ਤਾਂ ਉਹ ਨੂੰ ਲੋੜ ਹੀ ਨਹੀਂ ਸੀ। ਇੱਕ ਸਰਦਾਰੋ ਹੀ ਉਹ ਦੇ ਮਨ ਗੁਡ ਗਈ ਸੀ। ਉਹ ਹੁਣ ਨਹੀਂ ਸੀ ਤਾਂ ਦੁਨੀਆਂ ਵਿੱਚ ਹੋਰ ਔਰਤ ਹੀ ਕਿਹੜੀ ਰਹਿ ਗਈ ਸੀ। ਪਤਾ ਨਹੀਂ ਉਹ ਕਿਹੜੀ ਘੜੀ ਸੀ ਕਿ ਸਰਦਾਰੋ ਸਾਹਮਣੇ ਉਹ ਦੇ ਮੂੰਹੋਂ ਨਾਂਹ ਹੀ ਨਾਂਹ ਨਿਕਲਦੀ ਤੁਰੀ ਗਈ ਸੀ। ਤੇ ਫੇਰ ਕਿਸੇ ਔਰਤ ਦਾ ਤਸੱਵਰ ਤੱਕ ਵੀ ਉਹ ਦੇ ਜ਼ਿਹਨ ਵਿੱਚ ਨਹੀਂ ਆਉਂਦਾ ਸੀ। ਬੱਸ ਇਹੀ ਸਰਦਾਰੋ ਦਾ ਸਰਾਪ ਸੀ।
ਤੇ ਹੁਣ ਜੁੰਮੇ ਦਾ ਇਹ ਹਾਲ ਸੀ, ਭੱਠੇ 'ਤੇ ਇੱਟਾਂ ਢੋਹਣ ਦਾ ਕੰਮ ਉਹ ਇੱਕ ਗਧੇ ਵਾਂਗ ਹੀ ਸਿਰ ਸੁੱਟ ਕੇ ਕਰਦਾ। ਉਹ ਦੇ ਧੁਰ ਅੰਦਰ ਸਰਦਾਰੋ ਦੀ ਮੂਰਤ ਵਸੀ ਹੋਈ ਸੀ। ਇਸ ਮੂਤਰ ਨੂੰ ਮਿੱਟੀ ਵਿੱਚੋਂ ਸਾਕਾਰ ਕਰਨ ਦੀ ਸਿੱਲ੍ਹ ਉਹ ਨੂੰ ਲੱਗ ਗਈ। ਮੁਹੱਬਤ ਦਾ ਪ੍ਰਤੱਖ ਚਿਹਰਾ। ਮੁਸਕਰਾਉਂਦਾ ਵੀ ਤੇ ਇਨਕਾਰ ਕਰਦਾ ਵੀ। ਜਦੋਂ ਕਦੇ ਵੀ ਸਰਦਾਰੋ
ਮੁਹੱਬਤ ਦੀ ਮਿੱਟੀ
211