ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/215

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਊ ਜੀ ਦਾ ਸਾਰਾ ਬਕਾਇਆ ਲਿਆ ਤੇ ਆਪਣੀ ਪੈਨਸ਼ਨ ਬੰਨ੍ਹਵਾ ਲਈ। ਨਰਬਦਾ ਨੂੰ ਆਪਣੇ ਭਵਿੱਖ ਲਈ ਅਜ਼ਾਦ ਛੱਡ ਦਿੱਤਾ। ਨਰਬਦਾ ਬੀ.ਏ. ਪੂਰੀ ਕਰ ਗਈ। ਪਰ ਨਾ ਤਾਂ ਉਹ ਨੂੰ ਕੋਈ ਅਫ਼ਸਰ ਮੁੰਡਾ ਮਿਲ ਸਕਿਆ ਤੇ ਨਾ ਹੀ ਕੋਈ ਚੱਜ ਦੀ ਨੌਕਰੀ। ਓਧਰ-ਉਹ ਦੀ ਮਾਂ ਕੋਲ ਬੈਂਕ ਵਿੱਚ ਰੱਖਿਆ ਪੈਸਾ ਦਾਣਾ-ਦਾਣਾ ਕਰਕੇ ਘਰ ਕਬੀਲ ਦਾਰੀ ਦੀਆਂ ਖੱਡਾ ਅੰਦਰ ਚਲਿਆ ਗਿਆ। ਬਸ ਪੈਨਸ਼ਨ ਹੀ ਪੈਨਸ਼ਨ ਰਹਿ ਗਈ। ਮਹਿੰਗਾਈ ਦੇ ਜ਼ਮਾਨੇ ਵਿੱਚ ਪੈਨਸ਼ਨ ਦੇ ਬੱਧੇ-ਰੁੱਧੇ ਰੁਪਈਆਂ ਨਾਲ ਗੁਜ਼ਾਰਾ ਮੁਸ਼ਕਲ ਸੀ।

ਨਰਬਦਾ ਸ਼ਾਮ ਨੂੰ ਹਲਕੇ-ਹਲਕੇ ਹਨੇਰੇ ਵਿੱਚ ਜਦੋਂ ਘਰ ਆਉਂਦੀ ਤਾਂ ਮੁਹੱਲੇ ਦੇ ਨਿੱਕੇ-ਨਿੱਕੇ ਬੱਚੇ ਮੁੰਡੇ-ਕੁੜੀਆਂ ਸਭ ਉਹ ਦੇ ਮਗਰ ਲੱਗ ਲੈਂਦੇ। ਜਿਵੇਂ ਨਰਬਦਾ ਇੱਕ ਤਮਾਸ਼ਾ ਹੋਵੇ। ਉਹ ਬੱਚਿਆਂ ਨੂੰ ਟਾਫ਼ੀਆਂ, ਚਾਕਲੇਟ, ਰਿਊੜੀਆਂ ਤੇ ਗੱਜਕਾਂ ਦੇ ਪੈਕਟ ਵੰਡਦੀ ਤੁਰੀ ਜਾਂਦੀ। ਨਰਬਦਾ ਦੀਦੀ...ਨਰਬਦਾ ਦੀਦੀ....ਸਾਰੇ ਬੱਚੇ ਬੋਲਦੇ। ਉਹ ਦੇ ਨਾਲ-ਨਾਲ ਤੁਰੇ ਜਾਂਦੇ। ਜਿਸ ਨੂੰ ਮਿਲ ਜਾਂਦਾ, ਥਾਂ ਦੀ ਥਾਂ ਖੜ੍ਹ ਕੇ ਖਾਣ ਲੱਗਦਾ। ਬਾਕੀ ਉਹ ਦੇ ਨਾਲ-ਨਾਲ ਤੁਰਦੇ ਤੇ ਕੋਈ ਚੰਗੀ ਚੀਜ਼ ਮਿਲਣ ਦੀ ਆਸ ਰੱਖਦੇ। ਨਰਬਦਾ ਦੀਦੀ.....ਨਰਬਦਾ ਦੀਦੀ......। ਨਰਬਦਾ ਦੀਦੀ ਜਿਵੇਂ ਮਹਾਰਾਣੀ ਹੋਵੇ।....ਸੁਗਾਤਾਂ ਵੰਡਦੀ ਜਾ ਰਹੀ। ਜਿਵੇਂ ਉਹ ਦਾ ਆਪਣਾ ਦੁੱਖ ਕੋਈਂ ਨਾ ਹੋਵੇ।

ਮੁਹੱਲੇ ਦੇ ਨੌਜਵਾਨ ਮੁੰਡੇ-ਕੁੜੀਆਂ ਵਿੱਚ ਵੀ ਉਹ ਹਰਮਨ ਪਿਆਰੀ ਸੀ। ਥੁੜੇ-ਟੁੱਟੇ ਘਰਾਂ ਦੇ ਮੁੰਡਿਆਂ ਦੀਆਂ ਤੇ ਬੇਸਹਾਰਾ ਕੁੜੀਆਂ ਦੀਆਂ ਫ਼ੀਸਾਂ ਭਰਦੀ। ਕਿਸੇ ਮੁੰਡੇ-ਕੁੜੀ ਨੂੰ ਕਿਸੇ ਹੋਰ ਮਾਮਲੇ ਵਿੱਚ ਉਹ ਦੀ ਲੋੜ ਹੁੰਦੀ, ਪੈਸਿਆਂ ਦੀ ਮਦਦ ਜਾਂ ਕੋਈ ਇਖ਼ਲਾਕੀ ਮਦਦ ਤਾਂ ਨਰਬਦਾ ਨੂੰ ਯਾਦ ਕੀਤਾ ਜਾਂਦਾ। ਉਹ ਕਿਸੇ ਪੁਲਿਸ ਅਫ਼ਸਰ ਵਾਂਗ ਜਾਂ ਹੰਢੇ ਵਰਤੇ ਬਦਮਾਸ਼ ਵਾਂਗ ਹਿੱਕ ਕੱਢ ਕੇ ਅਗਲੇ ਦੇ ਅੱਗੇ ਲੱਗ ਤੁਰਦੀ ਤੇ ਹਰ ਮੁਕਾਮ ਤੇ ਪੂਰੀਆਂ ਪਾ ਕੇ ਆਉਂਦੀ। ਮੁਹੱਲਾ ਸਾਰਾ ਜਾਣਦਾ ਸੀ, ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿ ਨਰਬਦਾ ਜੇਬਕਤਰੀ ਹੈ। ਉਹ ਪੁਲਿਸ ਵਾਲਿਆਂ ਨੂੰ 'ਮਹੀਨਾ' ਦਿੰਦੀ ਹੈ। ਹੌਲਦਾਰ-ਸਿਪਾਹੀ ਉਸ ਨੂੰ ਗੁੱਝੀ ਸਲਾਮ ਕਰਦੇ। 'ਮਹੀਨਾ' ਲੈਣ ਵਾਲਾ ਇਲਾਕੇ ਦਾ ਪੁਲਿਸ ਅਧਿਕਾਰੀ ਉਹ ਨੂੰ ਉਡੀਕਦਾ ਰਹਿੰਦਾ।

ਨਰਬਦਾ ਕਦੇ ਸੋਚਦੀ ਤਾਂ ਸੁੰਨ ਹੋ ਕੇ ਰਹਿ ਜਾਂਦੀ ਉਹ ਕਿਹੜੇ ਰਾਹ ਤੁਰ ਪਈ ਹੈ। ਉਹ ਨੇ ਚੰਗੀ ਨੌਕਰੀ 'ਤੇ ਲੱਗਣਾ ਸੀ। ਉਹ ਨੇ ਤਾਂ ਕਿਸੇ ਅਫ਼ਸਰ ਮੁੰਡੇ ਨਾਲ ਵਿਆਹ ਕਰਵਾਉਣਾ ਸੀ। ਪਰ ਉਹ ਖਿਆਲ ਕਿਸੇ ਝਟਕੇ ਵਾਂਗ ਹੀ ਉਹ ਦੇ ਦਿਮਾਗ਼ ਵਿੱਚ ਆਉਂਦਾ ਤੇ ਤੁਰ ਜਾਂਦਾ। ਹੁਣ ਤਾਂ ਇਹੀ ਉਸ ਦੀ ਜ਼ਿੰਦਗੀ ਸੀ। ਇਹੀ ਜ਼ਿੰਦਗੀ ਵਿੱਚ ਉਹਨੂੰ ਲੁਤਫ ਆਉਂਦਾ। ਜਿਵੇਂ ਉਹ ਜ਼ਮਾਨੇ ਦਾ ਮੂੰਹ ਚਿੜਾਅ ਰਹੀ ਹੋਵੇ। ਜਿਵੇਂ ਉਹ ਵਕਤ ਨੂੰ ਠੋਸਾ ਦਿਖਾ ਰਹੀ ਹੋਵੇ। ਉਹ ਦਾ ਆਪਣਾ ਕਸੂਰ ਕੋਈ ਨਹੀਂ ਸੀ। ਇਹ ਤਾਂ ਜ਼ਮਾਨੇ ਨੇ ਉਹ ਨੂੰ ਇਸ ਤਰ੍ਹਾਂ ਬਣਾ ਦਿੱਤਾ ਸੀ। ਜ਼ਮਾਨੇ ਨੇ ਹੀ ਉਹ ਨੂੰ ਇਸ ਰਾਹ ਤੇ ਤੋਰਿਆ ਸੀ।

ਨਰਬਦਾ ਦੇ ਦੋ ਅਸਤਿੱਤਵ ਸਨ। ਇੱਕ ਅਸਤਿਤਵ ਨੀਮ-ਬੇਹੋਸ਼ੀ ਦਾ ਤੇ ਇੱਕ ਅਸਤਿੱਤਵ ਜਾਗਰੂਕਤਾ ਦਾ। ਜੇਬ ਕੱਟਣ ਵੇਲੇ ਉਹ ਦੇ ਹੱਥਾਂ ਦੀਆਂ ਪਹਿਲੀਆਂ ਦੋ

ਨਰਬਦਾ ਦੀਦੀ

215