ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/217

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਕਹਿਣ 'ਤੇ ਉਹ ਉਹਦੇ ਸ਼ਹਿਰ ਗਿਆ। ਚਾਰ ਘੰਟਿਆਂ ਦਾ ਰੇਲ ਸਫ਼ਰ ਸੀ। ਉਹ ਨਿਸ਼ਚਤ ਥਾਂ 'ਤੇ ਮਿਲੇ। ਗੱਲਾਂ ਹੋਈਆਂ। ਉਹ ਚਿੱਠੀਆਂ ਦੇ ਸੰਸਾਰ ਨਾਲੋਂ ਵੱਧ ਨਵਾਂ-ਨਵਾਂ ਮਹਿਸੂਸ ਕਰ ਰਹੇ ਸਨ। ਸੋਨਾ ਬਾਗ ਦੀਆਂ ਖ਼ੁਸ਼ਬੂਆਂ ਲੱਦੀ ਹਵਾ ਕੋਈ ਨਸ਼ੇ ਜਿਹੇ ਦਾ ਸੰਚਾਰ ਕਰਦੀ ਜਾ ਰਹੀ ਸੀ, ਉਨ੍ਹਾਂ ਦੇ ਅਲਸਾਏ-ਅਲਸਾਏ ਪਿੰਡਿਆਂ ਵਿੱਚ।

'ਤੂੰ ਉਸ ਦਿਨ ਏਥੇ ਸਾਡੇ ਸ਼ਹਿਰ ਕੀ ਕਰਨ ਆਇਆ ਸੀ?' ਕੁੜੀ ਨੇ ਪੁੱਛਿਆ।

'ਕਿਸ ਦਿਨ?' ਮੁੰਡੇ ਨੂੰ ਸ਼ਾਇਦ ਯਾਦ ਨਹੀਂ ਰਹਿ ਗਿਆ ਸੀ। ਜਾਂ ਉਂਝ ਹੀ ਉਹ ਦੇ ਮੂੰਹੋਂ ਨਿਕਲਿਆ।

'ਜਿਸ ਦਿਨ ਤੇਰਾ ਪਰਸ..' ਨਰਬਦਾ ਦੇ ਚਿਹਰੇ 'ਤੇ ਨਿਰਛਲ ਹਾਸੀ ਸੀ।

ਉਹ ਵੀ ਮੁਸਕਰਾਉਣ ਲੱਗਿਆ, ਕਹਿੰਦਾ, 'ਏਥੇ ਮੇਰਾ ਚਾਚਾ ਰਹਿੰਦਾ ਹੈ। ਉਸ ਦਿਨ ਉਹ ਘਰ ਨਹੀਂ ਸੀ। ਨਾ ਚਾਚੀ ਤੇ ਨਾ ਕੋਈ ਹੋਰ। ਉਹ ਚਿੱਠੀ ਮੈਂ ਇਸ ਲਈ ਲਿਖੀ ਸੀ ਕਿ ਪੋਸਟ ਕਰ ਦਿਆਂਗਾ, ਪਰ ਉਹ ਤੇਰੇ ਹੱਥ ਲੱਗ ਗਈ।'

'ਉਹ ਚਿੱਠੀ ਤਾਂ ਤੂੰ ਮੇਰੇ ਲਈ ਹੀ ਲਿਖੀ ਸੀ। ਲਿਖੀ ਸੀ ਨਾ?' ਨਰਬਦਾ ਸ਼ਰਮਾ ਰਹੀ ਸੀ।

'ਹਾਂ ਫੇਰ ਤਾਂ ਉਹ ਤੇਰੀ ਹੋ ਗਈ।'

'ਤੂੰ ਵੀ ਮੇਰਾ ਹੋ ਗਿਆ। ਨਹੀਂ?'

'ਇਹ ਤਾਂ ਹੈ।' ਮੁੰਡੇ ਨੇ ਸਾਰਾ ਵਜੂਦ ਇਕੱਠਾ ਕਰਕੇ ਜਵਾਬ ਦਿੱਤਾ।

ਉਹ ਦਿਨ ਸੋ ਉਹ ਦਿਨ, ਮੁੜ ਕੇ ਮੁਹੱਲੇ ਵਾਲਿਆਂ ਨੇ ਨਰਬਦਾ ਨੂੰ ਨਹੀਂ ਦੇਖਿਆ। ਉਹ ਦੀ ਮਾਂ ਉਹ ਨੂੰ ਉਡੀਕਦੀ ਰਹਿੰਦੀ। ਸੋਚਦਿਆਂ-ਸੋਚਦਿਆਂ ਉਹ ਦੇ ਮੱਥੇ ਦੀ ਠੀਕਰੀ ਕਿਚਰ-ਕਿਚਰ ਕਰਨ ਲੱਗਦੀ, 'ਇਹ ਕੀ ਕੀਤਾ, ਨਰਬਦਾ ਨੇ? ਉਹ ਨੇ ਤਾਂ ਕਦੇ ਇੱਕ ਰਾਤ ਵੀ ਘਰੋਂ ਬਾਹਰ ਨਹੀਂ ਕਿਧਰੇ ਕੱਟੀ ਸੀ। ਉਹ ਕਿਧਰੇ ਤੁਰ-ਫਿਰ ਆਉਂਦੀ, ਕੁਝ ਵੀ ਕਰ ਆਉਂਦੀ, ਆਖ਼ਰ ਰਾਤ ਨੂੰ ਘਰ ਆ ਕੇ ਸੌਂਦੀ।'

ਮੁਹੱਲੇ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਹੈਰਾਨ ਤੇ ਪ੍ਰੇਸ਼ਾਨ ਸਨ, 'ਨਰਬਦਾ ਦੀਦੀ ਕਿੱਧਰ ਚਲੀ ਗਈ?' ਮੁਹੱਲੇ ਦੇ ਨਿੱਕੇ ਬੱਚਿਆਂ ਦੀ ਜਿਵੇਂ ਮਾਂ ਮਰ ਗਈ ਹੋਵੇ। ਜਿਵੇਂ ਕਿਸੇ ਨੇ ਉਨ੍ਹਾਂ ਦੇ ਮੂੰਹਾਂ ਦਾ ਦੁੱਧ ਖੋਹ ਲਿਆ ਹੋਵੇ। ਬੱਚਿਆਂ ਦੀਆਂ ਭੁੱਖਾਂ ਮਰ ਗਈਆਂ। ਉਹ ਟਾਫ਼ੀਆਂ ਨਹੀਂ ਉਡੀਕਦੇ ਸਨ, ਨਰਬਦਾ ਨੂੰ ਉਡੀਕਦੇ ਤੇ ਔਖੇ ਸਾਹ ਭਰਦੇ। ♦

ਨਰਬਦਾ ਦੀਦੀ

217