ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਣਿਆ ਹੋਇਆ ਹੈ। ਉਹ ਉੱਠਦਾ ਤੇ ਖ਼ਤਾਨ ਵਿਚੋਂ ਇੱਕ ਕੱਚਾ ਡਲਾ ਚੁੱਕ ਕੇ ਕੱਟੀ ਦੇ ਢਿੱਡ 'ਤੇ ਮਾਰਦਾ ਹੈ। ਡਲਾ ਟੁੱਟ ਕੇ ਪਾਣੀ ਵਿਚ ਖੁਰ ਜਾਂਦਾ ਹੈ ਤੇ ਕੱਟੀ ਦੀ ਲਾਸ਼ ਅੱਗੇ ਲੰਘ ਜਾਂਦੀ ਹੈ। ਬਲਦੇਵ ਫਿਰ ਉਥੇ ਹੀ ਹਰੀ ਘਾਹ 'ਤੇ ਬੈਠ ਜਾਂਦਾ ਹੈ ਤੇ ਆਪਣੇ ਜੋੜੇ ਲਾਹ ਕੇ ਪੈਰਾਂ ਕੋਲ ਹੀ ਰੱਖ ਲੈਂਦਾ ਹੈ। ਸੂਰਜ ਰਾਤ ਦੇ ਦਰਵਾਜ਼ੇ 'ਤੇ ਖੜ੍ਹਾ ਸ਼ਾਇਦ ਸੋਚੀਂ ਪਿਆ ਹੋਇਆ ਹੈ ਕਿ ਉਹ ਅੱਜ ਦੀ ਰਾਤ ਘਰ ਜਾਵੇ ਜਾਂ ਕਿਤੇ ਹੋਰ ਹੀ ਚਲਿਆ ਜਾਵੇ। ਬਲਦੇਵ ਹਰੀ ਹਰੀ ਘਾਹ 'ਤੇ ਉਦਾਸ ਬੈਠਾ ਹੈ। ਉਸ ਨੇ ਆਪਣਾ ਸਿਰ ਗੋਡਿਆਂ ਵਿਚਕਾਰ ਦੇ ਕੇ ਨੀਵੀਂ ਪਾਈ ਹੋਈ ਹੈ।

ਸੂਏ ਦੇ ਦੂਜੇ ਪਾਸੇ ਟਾਹਲੀ 'ਤੇ ਬੈਠੀ ਇੱਕ ਕੋਚਰ ਬੋਲਦੀ ਹੈ। ਬਲਦੇਵ ਆਪਣੇ ਗੋਡਿਆਂ ਵਿਚੋਂ ਸਿਰ ਕੱਢਦਾ ਹੈ ਤੇ ਉਤਾਂਹ ਦੇਖਦਾ ਹੈ। ਅਸਮਾਨ ਵਿਚ ਤਾਰੇ ਨਿਕਲ ਆਏ ਹਨ। ਸੂਏ ਦਾ ਪਾਣੀ ਲੱਗਦਾ ਹੈ, ਜਿਵੇਂ ਖੜ੍ਹਾ ਹੋਵੇ। ਉਹ ਕੋਲ ਪਏ ਜੋੜੇ ਪੈਰਾਂ ਵਿਚ ਪਾਉਂਦਾ ਹੈ ਤੇ ਘਰ ਨੂੰ ਤੁਰ ਪੈਂਦਾ ਹੈ।

ਰਾਹ ਵਿਚ ਸੋਚਦਾ ਹੈ ਕਿ ਉਸ ਕੋਲ ਤਾਂ ਇੱਕ ਪੈਸਾ ਵੀ ਨਹੀਂ। ਜਾਵੇ ਤਾਂ ਕਾਹਦੇ ਨਾਲ? ਫਿਰ ਉਹ ਸੋਚਦਾ ਹੈ ਕਿ ਚਾਰ ਦਿਨਾਂ ਨੂੰ ਤਨਖ਼ਾਹ ਮਿਲ ਜਾਣੀ ਹੈ। ਸਾਰੀ ਦੀ ਸਾਰੀ ਤਨਖ਼ਾਹ ਲੈ ਕੇ ਉਹ ਜ਼ਰੂਰ ਘਰੋਂ ਨਿਕਲ ਜਾਏਗਾ। ਸੂਏ ਤੋਂ ਪਿੰਡ ਵੜਨ ਤੀਕ ਉਹ ਵਿਉਂਤਾਂ ਬਣਾ ਰਿਹਾ ਹੈ ਕਿ ਉਹ ਜਦ ਘਰੋਂ ਨਿਕਲੇ ਤਾਂ ਕਿਹੜੀ ਕਿਹੜੀ ਚੀਜ਼ ਨਾਲ ਲੈ ਕੇ ਜਾਵੇ।

ਘਰ ਜਦ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਸ ਦਾ ਛੋਟਾ ਮੁੰਡਾ ਵਿਹੜੇ ਵਿਚ ਪਈ ਬਾਂਸ ਦੀ ਪੌੜੀ 'ਤੇ ਚੜ੍ਹ ਰਿਹਾ ਹੈ ਤੇ ਤਿੰਨ ਟੰਬੇ ਚੜ੍ਹ ਗਿਆ ਹੈ। ਜਦ ਹੀ ਉਹ ਵਿਹੜੇ ਵਿਚ ਪੈਰ ਧਰਦਾ ਹੈ ਤਾਂ ਮੁੰਡਾ ਧਦਕ ਜਾਂਦਾ ਹੈ ਤੇ ਪੌੜੀ ਤੋਂ ਤਿਲ੍ਹਕ ਕੇ ਥੱਲੇ ਡਿੱਗ ਪੈਂਦਾ ਹੈ। ਮੂੰਹ 'ਤੇ ਸੱਟ ਲੱਗਦੀ ਹੈ ਤੇ ਦੰਦ 'ਚੋਂ ਲਹੂ ਨਿਕਲ ਆਉਂਦਾ ਹੈ। ਮੁੰਡਾ ਉੱਚੀ ਉੱਚੀ ਰੋਣ ਲੱਗਦਾ ਹੈ। ਉਹ ਉਸ ਨੂੰ ਝੱਟ ਦੇ ਕੇ ਚੁੱਕਦਾ ਹੈ। ਵਿਹੜੇ ਵਿਚ ਹੋਰ ਕੋਈ ਨਹੀਂ। ਮੁੰਡੇ ਦਾ ਰੋਣਾ ਸੁਣ ਕੇ ਅੰਦਰਲੇ ਕਮਰੇ ਵਿਚ ਆਟਾ ਛਾਣਦੀ ਉਸ ਦੀ ਪਤਨੀ ਭੱਜ ਕੇ ਵਿਹੜੇ 'ਚ ਆਉਂਦੀ ਹੈ। ਉਸ ਦੇ ਮੱਥੇ 'ਤੇ ਪੱਟੀ ਬੰਨ੍ਹੀ ਦੇਖ ਕੇ ਬਲਦੇਵ ਉਸ ਨੂੰ ਪੁੱਛਦਾ ਹੈ, "ਆਹ ਕੀ?" ਉਹ ਮੂੰਹ ਜਿਹਾ ਮਰੋੜ ਕੇ ਜਵਾਬ ਦਿੰਦੀ ਹੈ, "ਸ਼ਰਮ ਕਰ ਕੁਸ਼।" ਬਲਦੇਵ ਦੇ ਕੁਝ ਸਮਝ ਨਹੀਂ ਆਉਂਦਾ। ਉਹ ਫ਼ਿਕਰ ਕਰਦਾ ਹੈ ਕਿ ਸੱਟ ਲੱਗ ਕੇ ਕਿਤੇ ਮੁੰਡੇ ਦੀ ਜੀਭ ਨਾ ਵੱਢੀ ਗਈ ਹੋਵੇ। ਤੀਵੀਂ ਆਦਮੀ ਦੋਵੇਂ ਪਾਣੀ ਨਾਲ ਮੁੰਡੇ ਦਾ ਮੂੰਹ ਧੋਣ ਲੱਗਦੇ ਹਨ। *

22

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ