ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਲੇ ਨਾਲ ਬੰਨ੍ਹਿਆ ਆਦਮੀ

ਮਾਂ ਦੱਸਦੀ ਹੁੰਦੀ ਸੀ-ਜਦ ਮੈਂ ਛੋਟਾ ਜਿਹਾ ਸਾਂ, ਉਹ ਇੱਕ ਲੰਬੀ ਸਾਰੀ ਰੱਸੀ ਲੈ ਕੇ ਉਸ ਦਾ ਇੱਕ ਸਿਰਾ ਕਿੱਲੇ ਨਾਲ ਬੰਨ੍ਹ ਦਿੰਦੀ ਸੀ ਤੇ ਇੱਕ ਸਿਰਾ ਮੇਰੀ ਲੱਤ ਨਾਲ। ਗੋਡਣੀਏਂ ਰੁੜ੍ਹਦਾ ਸਾਂ। ਟਿਕ ਕੇ ਨਹੀਂ ਸੀ ਬੈਠਦਾ ਹੁੰਦਾ। ਬੜਾ ਸ਼ਰਾਰਤੀ ਸਾਂ। ਘਰ ਵਿਚ ਹੋਰ ਕੋਈ ਮੁੰਡਾ ਕੁੜੀ ਨਹੀਂ ਸੀ, ਜੋ ਮੈਨੂੰ ਸੰਭਾਲਦਾ। ਬਾਪੂ ਵੀ ਸਾਰਾ ਦਿਨ ਖੇਤ ਰਹਿੰਦਾ ਸੀ। ਉਹ ਘਰ ਦੇ ਕੰਮ ਵਿਚ ਰੁੱਝੀ ਰਹਿੰਦੀ ਸੀ। ਰਾਹ ਜਿੱਥੋਂ ਦੀ ਉੱਠ, ਬਲ੍ਹਦ, ਗਊਆਂ, ਮੱਝਾਂ, ਗਧੇ ਤੇ ਗੱਡੇ ਲੰਘਦੇ ਰਹਿੰਦੇ ਸਨ। ਮਾਂ ਨੂੰ ਡਰ ਸੀ ਕਿਤੇ ਮੈਂ ਥੱਲੇ ਆ ਕੇ ਮਿੱਧਿਆ ਨਾ ਜਾਵਾਂ। ਓਦੋਂ ਸਾਡੇ ਬਾਰ ਨੂੰ ਤਖ਼ਤੇ ਕੋਈ ਨਹੀਂ ਸੀ ਲੱਗੇ ਹੁੰਦੇ। ਇੱਕ ਖਿੜਕ ਜਿਹਾ ਹੁੰਦਾ ਸੀ। ਲੱਕੜ ਦੇ ਚੌਖ਼ਟੇ ਵਿਚ ਕਾਫ਼ੀ ਕਾਫ਼ੀ ਵਿੱਥ ਛੱਡ ਕੇ ਬੇਰੀ ਦੀਆਂ ਸੋਟੀਆਂ ਦਾ ਚਾਰਖਾਨਾ। ਕੁੱਤੇ ਬਿੱਲੇ ਖਿੜਕ ਦੇ ਵਿਚ ਦੀ ਲੰਘ ਜਾਂਦੇ ਸਨ। ਖਿੜਕ ਲੱਗਿਆ ਹੁੰਦਾ, ਮੈਂ ਵੀ ਖਿੜਕ ਦੇ ਵਿਚ ਦੀ ਲੰਘ ਕੇ ਰਾਹ ਤੇ ਜਾ ਬੈਠਦਾ। ਮਾਂ ਕੋਲ ਬੱਸ ਇੱਕੋ ਤਰੀਕਾ ਸੀ। ਕਿੱਲੇ ਨਾਲ ਰੱਸੀ ਪਾਓ ਤੇ ਓਧਰ ਮੇਰੀ ਲੱਤ ਨਾਲ। ਛਣਕਣਾ, ਰਬੜ ਦਾ ਤੋਤਾ, ਹਾਥੀ ਤੇ ਬਸ ਮੇਰੇ ਮੁਹਰੇ ਰੱਖ ਕੇ ਮਾਂ ਆਪਣੇ ਕੰਮ ਲੱਗ ਜਾਂਦੀ ਸੀ। ਮੇਰੇ ਵੱਲੋਂ ਨਿਸ਼ਚਿਤ। ਖਿਡੌਣਿਆਂ ਨਾਲ ਮੇਰਾ ਜੀਅ ਨਹੀਂ ਸੀ ਪਰਚਦਾ। ਵਗਦੇ ਰਾਹ 'ਤੇ ਜਾਣ ਲਈ ਮੈਂ ਧੁਰਲੀਆਂ ਮਾਰਦਾ। ਆਪਣੀ ਲੱਤ ਨਾਲੋਂ ਰੱਸੀ ਦੀ ਗੰਢ ਖੋਲ੍ਹਦਾ। ਗੰਢ ਖੁੱਲ੍ਹਦੀ ਨਹੀਂ ਸੀ। ਗੰਢ ਖੋਲ੍ਹਣੀ ਮੈਂ ਜਾਣਦਾ ਹੀ ਨਹੀਂ ਸੀ। ਰੋਂਦਾ ਸਾਂ, ਚੀਕਾਂ ਛੱਡਦਾ ਸਾਂ ਤੇ ਹਾਰ ਕੇ ਖਿਡੌਣਿਆਂ ਨੂੰ ਚਲਾ ਚਲਾ ਮਾਰਦਾ ਸਾਂ। ਕਿੱਲੇ ਨਾਲ ਬੰਨ੍ਹਿਆ ਰਹਿੰਦਾ ਸਾਂ ਜਿੰਨੀ ਲੰਬੀ ਮੇਰੀ ਰੱਸੀ, ਓਡਾ ਕੁ ਹੀ ਮੇਰਾ ਸੰਸਾਰ ਸੀ। ਕਿੱਲੇ ਨਾਲ ਬਣਿਆ ਹੋਇਆ ਸੰਸਾਰ।

ਤੇ ਫਿਰ ਜਦ ਮੈਂ ਕੁਝ ਉਡਾਰ ਹੋ ਗਿਆ ਸਾਂ, ਮਾਂ ਨੂੰ ਮੇਰੇ ਵਿਆਹ ਦਾ ਫ਼ਿਕਰ ਪੈ ਗਿਆ ਸੀ। ਉਹ ਵੀ ਚਾਹੁੰਦੀ ਸੀ, ਛੇਤੀ ਨੂੰਹ ਘਰ ਆਵੇ। ਸੱਤਵੀਂ ਜਾਂ ਸ਼ਾਇਦ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂ ਕਿ ਮਾਂ ਨੇ ਰਿਸ਼ਤਾ ਲੈ ਲਿਆ। ਆਪਣੇ ਜਾਣੇ ਬਹੁਤ ਚੰਗੇ ਖਾਨਦਾਨੀ ਘਰ ਦਾ ਰਿਸ਼ਤਾ। ਦਸਵੀਂ ਜਮਾਤ ਪਾਸ ਕੀਤੀ ਤਾਂ ਵਿਆਹ ਵੀ ਲੈ ਲਿਆ। ਮੈਂ ਕਾਲਜ ਵਿਚ ਪੜ੍ਹਦਾ ਤੇ ਕੁਸ਼ੱਲਿਆ ਮਾਂ ਕੋਲ ਰਹਿੰਦੀ। ਮੈਂ ਬੀ. ਏ. ਕੀਤੀ ਤੇ ਕੁਸ਼ੱਲਿਆ ਨੇ ਦੋ ਬੱਚੇ ਜੰਮ ਕੇ ਰੱਖ ਦਿੱਤੇ। ਮਾਂ ਖੁਸ਼ ਸੀ ਕਿ ਉਹ ਆਰ ਪਰਿਵਾਰ ਵਾਲੀ ਹੈ। ਉਸ ਦੇ ਘਰ ਸਾਰੇ ਰੰਗ ਭਾਗ ਲੱਗੇ ਹੋਏ ਹਨ।

ਕੁਸ਼ੱਲਿਆ ਸਾਰੀ ਉਮਰ ਮਾਂ ਕੋਲ ਹੀ ਰਹੀ। ਭਾਵ ਜਦ ਤੋਂ ਉਹ ਵਿਆਹੀ ਹੈ, ਮੇਰੀ ਕੋਲ ਹੀ ਹੈ। ਮੈਂ ਦੂਰ ਦੂਰ ਥਾਵਾਂ 'ਤੇ ਰਿਹਾ ਹਾਂ, ਪਰ ਉਸ ਨੂੰ ਨਾਲ ਕਦੇ ਨਹੀਂ ਲੈ

ਕਿੱਲ੍ਹੇ ਨਾਲ ਬੰਨ੍ਹਿਆ ਆਦਮੀ

23