ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਜ਼ ਭੁੱਜ ਜਾਣ 'ਤੇ ਉਹ ਅੰਡਿਆਂ ਦਾ ਪਾਣੀ ਪਾ ਦੇਵੇ। ਉਹ ਆਪ ਡਬਲ ਰੋਟੀ ਦੇ ਪੀਸ ਲੈਣ ਲਈ ਸਾਹਮਣੇ ਵਾਲੀ ਦੁਕਾਨ ਵੱਲ ਦੌੜ ਗਿਆ। ਮੁੜਦੇਨੂੰ ਚਾਹ ਪਾਣੀ ਕਮਲਾ ਨੇ ਸਟੋਵ 'ਤੇ ਧਰ ਰੱਖਿਆ ਸੀ ਤੇ ਉਹ ਆਮਲੇਟ ਦੇ ਟੁਕੜੇ ਕੱਟ ਰਹੀ ਸੀ।

"ਚੰਗਾ ਹੁਣ ਪੱਤੀ, ਖੰਡ ਤੇ ਦੁੱਧ ਵੀ ਤੂੰ ਹੀ ਪਾ ਦੇ। ਮੈਂ ਕੱਪੜੇ ਪਾ ਲਵਾਂ," ਕਹਿ ਕੇ ਰਾਜੇਸ਼ ਨੇ ਕੁੜਤਾ ਪਜਾਮਾ ਲਾਹਿਆ ਤੇ ਅਟੈਚੀ ਵਿਚੋਂ ਕੱਢ ਕੇ ਨਵਾਂ ਨਕੋਰ ਚਿੱਟਾ ਕਮੀਜ਼ ਪਹਿਨ ਲਿਆ। ਟਾਈ ਲਾ ਕੇ ਉਸ ਨੇ ਟਰੰਕ ਖੋਲਿਆ ਤੇ ਸਵੈਟਰ ਪਾ ਲਿਆ। ਘਿਓ ਕਪੂਰੀ ਸਵੈਟਰ, ਜਿਸ ਦੇ ਬਾਰਡਰ, ਮੋਢੇ ਤੇ ਗਲਮੇ ਵਿਚ ਇੱਕ ਇੱਕ ਸਿਲਾਈ ਜਾਮਨੀ ਰੰਗ ਦੀ ਕੱਢੀ ਹੋਈ ਸੀ। ਕਮਲਾ ਕਾਫ਼ੀ ਦੇਰ ਉਸ ਸਵੈਟਰ ਵੱਲ ਦੇਖਦੀ ਰਹੀ। ਉਬਲਦੀ ਚਾਹ ਵਿਚ ਦੁੱਧ ਪਾ ਕੇ ਉਹ ਖੜ੍ਹੀ ਹੋਈ ਤੇ ਰਾਜੇਸ਼ ਕੋਲ ਜਾ ਕੇ ਸਵੈਟਰ ਨੂੰ ਉਂਗਲਾਂ ਨਾਲ ਟੋਹ ਟੋਹ ਕੇ ਦੇਖਣ ਲੱਗੀ।

"ਇਹ ਸਵੈਟਰ ਤੈਂ ਪਹਿਲਾਂ ਤਾਂ ਕਦੇ ਪਾਇਆ ਨੀ, ਰਾਜੇਸ਼?"

"ਹਾਂ, ਇਹ ਸਵੈਟਰ ਕਦੇ ਕਦੇ ਈ ਪੌਣ ਵਾਲੈ, ਕਮਲਾ।"

"ਮਤਲਬ?"

"ਮੈਂ ਚਾਹੁੰਨਾ, ਇਸ ਨੂੰ ਕਦੇ ਕਦੇ ਈ ਪਾਇਆ ਕਰਾਂ, ਨਹੀਂ ਤਾਂ ਇਹ ਛੇਤੀ ਹੀ ਘਸ ਜਾਣੈ।ਮੈਂ ਏਸ ਨੂੰ ਕਾਫ਼ੀ ਦੇਰ ਆਪਣੇ ਕੋਲ ਰੱਖਣਾ ਚਾਹੁੰਨਾ ਮੇਰੇ ਇੱਕ ਦੋਸਤ ਦੀ ਨਿਸ਼ਾਨੀ ਐ। ਜਾਣੀ, ਮੇਰੇ ਇੱਕ ਦੋਸਤ ਨੂੰ ਇਹ ਕਿਸੇ ਕੁੜੀ ਨੇ ਬੁਣ ਕੇ ਦਿੱਤਾ ਸੀ।"

"ਕੌਣ ਐ ਤੇਰਾ ਉਹ ਦੋਸਤ?"

"ਉਹ ਵੀ ਹੈਗਾ ਇੱਕ। ਵਚਾਰਾ, ਇਸ਼ਕ ਦਾ ਫੱਟਿਆ ਹੋਇਆ।" ਰਾਜੇਸ਼ ਹੱਸਿਆ। ਕਮਲਾ ਨੇ ਭੱਜ ਕੇ ਸਟੋਵ ਬੰਦ ਕੀਤਾ। ਨਹੀਂ ਤਾਂ ਸਾਰੀ ਚਾਹ ਉੱਬਲ ਕੇ ਫ਼ਰਸ਼ ਤੇ ਵਹਿ ਜਾਣੀ ਸੀ।

ਹੁਣ ਪੁਣ ਵੀ ਲੈ, ਕਮਲਾ ਤੇ ਗਲਾਸਾਂ 'ਚ ਵੀ ਪਾ ਲੈ। ਐਥੇ ਮੇਜ਼ ਤੇ ਚੱਕ ਲਿਆ। ਆਮਲੇਟ ਤੇ ਪੀਸ ਵੀ।

ਪੈਂਟ ਤੇ ਬੂਟ ਪਾ ਕੇ ਉਹ ਮੰਜੇ ਤੇ ਬੈਠ ਗਿਆ। ਕਮਲਾ ਅਰਾਮ ਕੁਰਸੀ 'ਤੇ।

"ਚੱਲ, ਸ਼ੁਰੂ ਕਰ। ਰਾਜੇਸ਼ ਨੇ ਦੋ ਪੀਸਾਂ ਵਿਚਾਲੇ ਆਮਲੇਟ ਦਾ ਟੁਕੜਾ ਰੱਖਦਿਆਂ ਆਖਿਆ। ਕਮਲਾ ਨੇ ਚਾਹ ਦੀ ਘੁੱਟ ਭਰੀ। ਖਾਧਾ ਕੁਝ ਨਹੀਂ।

"ਤੇਰਾ ਉਹ ਦੋਸਤ ਹੁਣ ਕਿੱਥੇ ਐ?"

"ਮਾਨਸਾ ਤੋਂ ਅੱਗੇ ਸੜਕ ਜਾਈਏ ਨਾ। ਝੁਨੀਰ ਵੱਲ ਤਾਂ ਇੱਕ ਪਿੰਡ ਐ, ਲਾਲਿਆਂ ਵਾਲੀ।ਓਥੇ ਮਿਡਲ ਸਕੂਲ ਦਾ ਹੈੱਡਮਾਸਟਰ ਐ ਹੁਣ ਉਹ। ਮੈਨੂੰ ਤਾਂ ਕਦੇ ਮਿਲਿਆ ਨੀ, ਦੋ ਤਿੰਨ ਸਾਲ ਹੋ 'ਗੇ। ਨਾ ਈ ਕਦੇ ਚਿੱਠੀ ਆਈ ਐ। ਕੱਲ੍ਹ ਇੱਕ ਬੰਦਾ ਮਿਲਿਆ ਸੀ, ਮਾਨਸਾ ਕੰਨੀ ਦਾ। ਉਹ ਦੱਸਦਾ ਸੀ ਬਈ ਉਹ ਓਥੇ ਐ।"

"ਕੁੜੀ ਕੌਣ ਸੀ ਉਹ?"

"ਉਹ ਦਾ ਨਾਂ ਵੀ ਕਮਲਾ ਈ ਸੀ। ਬੀ. ਐਡ. 'ਚ ਪੜ੍ਹਦੀ ਸੀ, ਓਹਦੇ ਨਾਲ। ਉਨ੍ਹਾਂ ਦਿਨਾਂ 'ਚ ਈ ਉਨ੍ਹਾਂ ਦਾ ਪਿਆਰ ਪੈ ਗਿਆ ਸੀ। ਬਹੁਤ ਗੂੜ੍ਹਾ ਪਿਆਰ, ਪਰ ਵਿਆਹ ਦੀ ਗੱਲ ਕਦੇ ਨੀ ਸੀ ਹੋਈ। ਇੱਕ ਦਿਨ ਉਹ ਉਸ ਨਾਲ ਉਨ੍ਹਾਂ ਦੇ ਪਿੰਡ

ਜੇ ਕਿਤੇ...

31