"ਕਮਲਾ, ਮੁੜ ਆ। ਤੈਨੂੰ ਮੇਰੀ ਕਸਮ।"
ਉਹ ਨਹੀਂ ਮੁੜੀ।
ਰਾਜੇਸ਼ ਬਹੁਤ ਹੈਰਾਨ ਤੇ ਪ੍ਰੇਸ਼ਾਨ ਹੋਇਆ, ਬੂਹੇ ਵਿਚ ਖੜ੍ਹਾ ਉਸ ਨੂੰ ਜਾਂਦੀ ਨੂੰ ਦੇਖਦਾ ਰਿਹਾ। ਜਦ ਉਸ ਨੇ ਗਲੀ ਦਾ ਮੋੜ ਕੱਟਿਆ, ਉਹ ਕਮਰੇ ਦੇ ਅੰਦਰ ਹੋਇਆ ਤੇ ਧੜੱਮ ਦੇ ਕੇ ਮੰਜੇ 'ਤੇ ਡਿੱਗ ਪਿਆ।
ਸਾਰਾ ਦਿਨ ਕਮਲਾ ਆਪਣੇ ਕਮਰੇ ਵਿਚ ਪਈ ਰਹੀ। ਬਹੁਤ ਸੋਚਦੀ ਰਹੀ। ਕਈ ਵਾਰੀ ਤਾਂ ਉਹ ਕੁਝ ਵੀ ਨਹੀਂ ਸੀ ਸੋਚ ਰਹੀ। ਉਸ ਦੀ ਸੋਚ ਖੜ੍ਹ ਜਾਂਦੀ ਸੀ, ਪਰ ਉਹ ਫਿਰ ਸੋਚਦੀ ਸੀ ਕਿ ਭੱਜ ਕੇ ਲਾਲਿਆਂ ਵਾਲੀ ਜਾ ਵੜੇ। ਉਸ ਦੇ ਪੈਰਾਂ ਵਿਚ ਚੁੰਨੀ ਸੁੱਟ ਕੇ ਕਹੇ, "ਗੁਲਵੰਤ, ਮੇਰੀ ਭੁੱਲ ਬਖ਼ਸ਼ਦੇ। ਮੇਰੀ ਬਾਹ ਫੜ ਲੈ। ਮੈਨੂੰ ਡਿੱਗੀ ਨੂੰ ਉਠਾ ਲੈ।"
ਉਸ ਨੂੰ ਸਾਰਾ ਦਿਨ ਡਰ ਰਿਹਾ, ਕਿਤੇ ਰਾਜੇਸ਼ ਉਸ ਦੇ ਕਮਰੇ ਵਿਚ ਨਾ ਆ ਜਾਵੇ। ਦੋ ਵਾਰੀ ਤਖ਼ਤੇ ਖੜਕੇ ਸਨ। ਉਸ ਨੂੰ ਭੁਲੇਖਾ ਲੱਗਿਆ ਸੀ, ਜਿਵੇਂ ਕੋਈ ਆਇਆ ਹੋਵੇ। ਉਸ ਨੇ ਉੱਠ ਕੇ ਕੁੰਡਾ ਖੋਲ੍ਹਿਆ ਸੀ, ਪਰ ਕੋਈ ਨਹੀਂ ਸੀ। ਹਵਾ ਤਖ਼ਤੇ ਖੜਕਾ ਗਈ ਸੀ। ਜਾਂ ਕਮਲਾ ਦੇ ਅੰਦਰਲਾ ਹੀ ਕੋਈ ਖ਼ਿਆਲ ਤਖ਼ਤੇ ਖੜਕਾ ਗਿਆ ਸੀ।
ਇੱਕ ਵਾਰੀ ਉਸ ਨੇ ਇਹ ਵੀ ਸੋਚਿਆ ਕਿ ਕੋਈ ਆਵੇ ਤੇ ਉਸ ਨੂੰ ਸਮਝਾ ਦੇਵੇ। ਲਾਲਿਆਂ ਵਾਲੀ ਜਾਣ ਤੋਂ ਰੋਕ ਦੇਵੇ। ਭਾਵੇਂ ਰਾਜੇਸ਼ ਹੀ ਆ ਜਾਵੇ, ਪਰ ਰਾਜੇਸ਼ ਦਾ ਨਾਂ ਸਾਹਮਣੇ ਆਉਂਦਿਆਂ ਹੀ ਉਸ ਦੀ ਦੇਹ ਕੰਬ ਜਾਂਦੀ ਸੀ। ਉਹ ਇਕੱਠੀ ਜਿਹੀ ਹੋ ਜਾਂਦੀ ਸੀ। ਉਸ ਦਾ ਇੱਕੋ ਫ਼ੈਸਲਾ ਹੁੰਦਾ ਕਿ ਉਹ ਲਾਲਿਆਂ ਵਾਲੀ ਜਾਵੇ।
ਉਸ ਦਿਨ ਐਤਵਾਰ ਸੀ। ਕੀ ਪਤਾ ਹੈ, ਗੁਲਵੰਤ ਕਿੱਥੇ ਰਹਿੰਦਾ ਹੋਵੇ? ਲਾਲਿਆਂ ਵਾਲੀ ਸ਼ਾਇਦ ਨਾ ਹੀ ਰਹਿੰਦਾ ਹੋਵੇ?
ਬੜੀ ਬੇਚੈਨੀ ਨਾਲ ਉਸ ਨੇ ਰਾਤ ਗੁਜ਼ਾਰੀ। ਸੋਮਵਾਰ ਸਵੇਰੇ ਹੀ ਤਿਆਰ ਹੋ ਕੇ ਉਹ ਬੱਸ ਸਟੈਂਡ ਤੇ ਆਈ। ਦੋ ਰੁਪਏ ਪੈਂਤੀ ਪੈਸੇ ਦਾ ਟਿਕਟ ਲੈ ਕੇ ਬਰਨਾਲੇ ਪੁੱਜੀ। ਬਰਨਾਲੇ ਤੋਂ ਸਿੱਧੀ ਬੱਸ ਸਰਸੇ ਨੂੰ ਲਾਲਿਆਂ ਵਾਲੀ ਦੇ ਵਿਚ ਦੀ ਜਾਂਦੀ ਸੀ। ਦੋ ਘੰਟਿਆਂ ਦਾ ਰਾਹ।
ਲਾਲਿਆਂ ਵਾਲੀ ਦੇ ਅੱਡੇ 'ਤੇ ਪਹੁੰਚ ਕੇ ਸਕੂਲ ਦਾ ਰਾਹ ਪੁੱਛਿਆ।
ਸਾਰੀਆਂ ਜਮਾਤਾਂ ਲੱਗੀਆਂ ਹੋਈਆਂ ਸਨ। ਗੁਲਵੰਤ ਇਕੱਲਾ ਹੀ ਦਫ਼ਤਰ ਵਿਚ ਬੈਠਾ ਮਹਿਕਮੇ ਦੇ ਸਰਕੁਲਰ ਪੜ੍ਹ ਰਿਹਾ ਸੀ। ਅਜਨਬੀ ਔਰਤ ਦੇਖ ਕੇ ਉਹ ਖੜ੍ਹਾ ਹੋ ਗਿਆ। ਕੁਰਸੀ 'ਤੇ ਬੈਠਣ ਲਈ ਉਸ ਨੂੰ ਇਸ਼ਾਰਾ ਕੀਤਾ, ਪਰ ਉਹ ਨਹੀਂ ਬੈਠੀ। ਇੱਕ ਟੱਕ ਗੁਲਵੰਤ ਵੱਲ ਦੇਖਦੀ ਰਹੀ।ਗੁਲਵੰਤ ਵੀ ਥਾਂ ਦੀ ਥਾਂ ਬੁੱਤ ਬਣ ਗਿਆ। ਦੋਵਾਂ ਨੇ ਇੱਕ ਦੂਜੇ ਨੂੰ ਪਹਿਚਾਣ ਲਿਆ ਸੀ। ਕਮਲਾ ਦੇ ਬੁੱਲ੍ਹ ਫਰਕੇ। ਬੋਲ ਕੋਈ ਨਾ ਨਿਕਲਿਆ। ਅੱਖਾਂ ਵਿਚੋਂ ਪਾਣੀ ਸਿੰਮਣ ਲੱਗਿਆ। ਗੁਲਵੰਤ ਨੇ ਬਾਹੋਂ ਫੜਕੇ ਉਸ ਨੂੰ ਕਰਸੀ 'ਤੇ ਬਿਠਾ ਦਿੱਤਾ। ਉਸ ਦੀਆਂ ਆਪਣੀਆਂ ਅੱਖਾਂ ਵੀ ਗਿੱਲੀਆਂ ਸਨ।
"ਕਿੱਥੇ ਹੁੰਦੇ ਓ ਹੁਣ?" ਗੁਲਵੰਤ ਨੇ ਬੋਲ ਕੱਢਿਆ।
ਕਮਲਾ ਬੋਲੀ ਨਹੀਂ, ਰੋਂਦੀ ਰਹੀ।