ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਦਰ ਦੇ ਮਨ ਗੁਡ ਗਿਆ ਸੀ। ਸੰਤੋਖ ਵੀ ਉਸ ਨੂੰ ਚਾਹੁੰਦਾ ਸੀ। ਦੋਵੇਂ ਜਣੇ ਹਾਕੀ ਗਰਾਉਂਡ ਦੀ ਬਾਊਂਡਰੀ ਲਾਈਨ 'ਤੇ ਖੜ੍ਹੇ ਇੱਕ ਤੂਤ ਦੀਆਂ ਨੀਵੀਆਂ ਨੀਵੀਆਂ ਡਾਹਣੀਆਂ ਨੂੰ ਇੱਕ ਇੱਕ ਹੱਥ ਪਾਈ ਘੰਟਾ ਘੰਟਾ ਦੋ ਦੋ ਘੰਟੇ ਗੱਲਾਂ ਕਰਦੇ ਰਹਿੰਦੇ। ਕੋਈ ਨਾ ਉਨ੍ਹਾਂ ਨੂੰ ਟੋਕਦਾ, ਕੋਈ ਨਾ ਉਨ੍ਹਾਂ ਨੂੰ ਝਿੜਕਦਾ, ਰੋਕਦਾ। ਮੁੰਡਾ ਸੀ ਭਾਵੇਂ ਜੱਟਾਂ ਦਾ ਹੀ, ਪਰ ਗ਼ਰੀਬ ਘਰ ਦਾ ਸੀ। ਗ਼ਰੀਬੀ ਅਮੀਰੀ ਦੋਵਾਂ ਵਿਚਕਾਰ ਕੋਈ ਮਸਲਾ ਨਹੀਂ ਸੀ। ਉਹ ਤਾਂ ਇਕ ਦੂਜੇ 'ਤੇ ਜਾਨ ਦਿੰਦੇ ਸਨ। ਕੁੜੀ ਜ਼ੋਰ ਦੇ ਰਹੀ ਸੀ, ਉਨ੍ਹਾਂ ਦੀ ਮੰਗਣੀ ਹੋ ਜਾਵੇ। ਵਿਆਹ ਦੀ ਅਜੇ ਕੋਈ ਕਾਹਲ ਨਹੀਂ ਭਾਵੇਂ ਆਪਾਂ ਕਿੰਨਾਂ ਪੜ੍ਹ ਲਈਏ। ਕੁੜੀ ਨੇ ਮਾਂ ਕੋਲ ਗੱਲ ਕੀਤੀ। ਮਾਂ ਨੇ ਪਿਓ ਨੂੰ ਪੁੱਛਿਆ "ਹੌਲਦਾਰ ਸੰਤਾ ਸਿੰਘ? ਓਹੀ ਸੰਤਾ ਜਿਹੜਾ ਉੱਧਰੋਂ ਈ ਕਿਤੋਂ ਮੁੱਲ ਦੀ ਤੀਮੀਂ ਲੈ ਕੇ ਆਇਆ ਸੀ? ਓਸੇ ਤੀਮੀਂ ਦਾ ਮੁੰਡਾ ਹੋਣੈ, ਇਹ ਸੰਤੋਖ? ਸੰਤੇ ਦੇ ਮੁੰਡੇ ਨੂੰ ਸਾਕ ਕਰਨ ਦੀ ਥਾਂ ਕੁੜੀ ਦਾ ਗਲ ਨਾ ਘੁੱਟ ਦਿਆਂ?"

ਸਿੰਦਰ ਕਾਲਜ ਜਾਂਦੀ ਰਹੀ-ਨਿਰਾਸ਼ੀ, ਨਿਰਾਸ਼ੀ। ਸੰਤੋਖ ਨੂੰ ਉਸ ਨੇ ਆਖਿਆ, "ਵਿਆਹ ਤਾਂ ਆਪਣਾ ਹੋਣਾ ਨਹੀਂ। ਚੱਲ ਮੈਨੂੰ ਲੈ ਚੱਲ ਕਿਧਰੇ। ਨਹੀਂ ਤਾਂ ਇਨ੍ਹਾਂ ਚੰਡਾਲਾਂ ਨੇ ਮੈਨੂੰ ਕਿਸੇ ਹੋਰ ਥਾਂ ਮੰਗ ਵਿਆਹ ਦੇਣੈ। ਬਾਪੂ ਤਾਂ ਕੌੜਾ ਕੌੜਾ ਝਾਕਦਾ ਰਹਿੰਦੈ। ਕਈ ਵਾਰ ਮਾਂ ਨੂੰ ਆਖ ਚੁੱਕਿਐ-ਹਟਾ ਲੈ ਕੁੜੀ ਨੂੰ ਕਾਲਜੋ।"

ਸੰਤੋਖ ਵਿਚ ਐਨੀ ਹਿੰਮਤ ਨਹੀਂ ਸੀ।

ਸਿੰਦਰ ਦੇ ਬਾਪੂ ਨੇ ਉਸ ਸਾਲ ਇਕ ਪਿੰਡ ਵਿਚ ਆਪਣੇ ਤੋਂ ਉੱਚੇ ਘਰ ਉਸ ਨੂੰ ਮੰਗ ਦਿੱਤਾ ਤੇ ਉਸ ਨੂੰ ਕਾਲਜ ਜਾਣੋਂ ਵੀ ਹਟਾ ਲਿਆ। ਉਸ ਦਾ ਮੰਗੇਤਰ ਦਸਵੀਂ ਵਿਚੋਂ ਤਿੰਨ ਵਾਰੀ ਫੇਲ੍ਹ ਹੋ ਕੇ ਘਰ ਦੇ ਕੰਮ ਵਿਚ ਹੀ ਪੈ ਗਿਆ ਸੀ। ਮੂੰਹ 'ਤੇ ਮਾਤਾ ਦੇ ਦਾਗ਼ ਸਨ। ਇੱਕ ਅੱਖੋਂ ਥੋੜ੍ਹਾ ਜਿਹਾ ਚਿੱਟਾ ਚਿੱਟਾ ਝਾਕਦਾ ਸੀ। ਉਸ ਦੇ ਹਿੱਸੇ ਦੀ ਚਾਲੀ ਕਿੱਲੇ ਜ਼ਮੀਨ ਦੇਖ ਕੇ ਸੋਨੇ ਦੀ ਡਲੀ ਸਿੰਦਰ ਵਾਸਤੇ ਮਾਤਾ ਦੇ ਦਾਗ਼ ਤੇ ਅੱਖ ਦਾ ਚਿੱਟਾ ਉਸ ਦੇ ਬਾਪੂ ਲਈ 'ਕੋਈ ਗੱਲ ਨਹੀਂ' ਹੋ ਗਏ ਸਨ।

ਸਿੰਦਰ ਉਦਾਸ ਉਦਾਸ ਘਰ ਬੈਠੀ ਰਹਿੰਦੀ। ਉਸ ਦੀ ਮਾਂ ਉਸ ਨੂੰ ਕੋਈ ਵੀ ਕੰਮ ਕਰਨ ਲਈ ਨਹੀਂ ਸੀ ਕਹਿੰਦੀ। ਪਿਓ ਬਾਹਰੋਂ ਆਉਂਦਾ ਤਾਂ ਉਸਦੀ ਮਾਂ ਨੂੰ ਝਿੜਕਦਾ। ਵੱਢੂ-ਖਾਊਂ ਕਰਦਾ। "ਸੱਥਰ ਵਿਛਾ ਛੱਡਿਐ ਏਹਨੇ। ਏਦੂ ਤਾਂ ਫੀਮ ਘੋਲ ਕੇ ਪੀ ਲਵੇ, ਕੰਜਰੀ। ਸੰਤੇ ਦਾ ਮੁੰਡਾ ਕਿਧਰੋਂ ਪੋਲੀਆਂ ਖਵਾ ਦਿੰਦਾ ਏਹਨੂੰ। ਰਾਜਿਆਂ ਵਰਗਾ ਘਰ ਟੋਲ ਤੈ, ਹੋਰ ਏਹਨੇ ਦੱਸ ਕੀ ਲੈਣੈ?"

ਦੀਪ, ਉਹ ਦਾ ਵੱਡਾ ਭਾਈ ਮਾਂ ਨੂੰ ਕੁੱਦ ਕੁੱਦ ਪੈਂਦਾ। "ਅਕੇ ਕਾਲਜ 'ਚ ਲਾ ਦਿਓ ਸਿੰਦਰ ਨੂੰ। ਚਾੜ੍ਹ 'ਤਾ ਚੰਦ। ਮਾਂ, ਤੈਂ ਕੀਤੀਆਂ ਸਾਰੀਆਂ। ਐਹੀ ਜ੍ਹੀ ਕੁੜੀ ਤਾਂ ਜੰਮਦੀ ਨੂੰ ਟੋਆ ਪੁੱਟ ਕੇ ਦੱਬ ਦੇਵੇ। ਵਿਆਹ ਤੋਂ ਪਿੱਛੋਂ ਮੁਸਕ ਵੀ ਏਹਦਾ ਪਿੰਡ 'ਚ ਆ ਗਿਆ ਤਾਂ ਕਹਿੰਦੀ।"

ਮਾਂ ਚੁੱਪ ਕੀਤੀ ਸਭ ਕੁਝ ਸੁਣਦੀ ਰਹਿੰਦੀ। ਸਿੰਦਰ ਬੈਠਕ ਵਿਚ ਡੁਸਕਦੀ ਰਹਿੰਦੀ। ਮਾਂ ਉਸ ਨੂੰ ਦਿਲਾਸਾ ਦਿੰਦੀ। ਸਮਝਾਉਂਦੀ। ਕਦੇ ਪਿਆਰ ਨਾਲ, ਕਦੇ ਮਿੱਠਾ ਮਿੱਠਾ ਝਿੜਕ ਕੇ। ਹੌਲੀ ਹੌਲੀ ਸਿੰਦਰ ਕੰਮ ਨੂੰ ਹੱਥ ਪਾਉਣ ਲੱਗ ਪਈ।

36

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ