ਹਰਨੇਕ ਉਸ ਦੇ ਮੂੰਹ ਵੱਲ ਝਾਕਿਆ ਹੀ।
'ਪਰਸੋਂ ਨੂੰ ਮੇਰੀ ਬਰਾਤ ਔਣੀ ਐ। ਅੱਜ ਰਾਤ ਈ ਮੈਨੂੰ ਲੈ ਚੱਲ। ਭਾਵੇਂ ਕਿਤੇ ਲੈ ਚੱਲ। ਮੈਂ ਟੋਕਰੀ ਢੋਹ ਕੇ ਵੀ ਗੁਜ਼ਾਰਾ ਕਰ ਲੂੰਗੀ। ਜੋ ਵੀ ਹੋਇਆ, ਕਰੂੰਗੀ।'
'ਤੇ ਮੈਂ ਕੀ ਕਰੂੰਗਾ?'
'ਤੂੰ ਕੀ ਨੀ ਕਰ ਸਕਦਾ? ਤੇਰੇ ਹੱਥ ਹੈਗੇ ਐ, ਦਿਮਾਗ਼ ਹੈਗੇ, ਦਿਮਾਗ਼ 'ਚ ਚਾਰ ਅੱਖਰ ਵੀ ਨੇ।'
'ਜਾਇਦਾਦ ਦਾ ਮਾਲਕ ਹੋ ਕੇ ਸ਼ਰਮ ਨੀ ਆਉ ਮੈਨੂੰ?'
'ਮੈਨੂੰ ਪੁੱਟ ਕੇ ਰੱਖ 'ਤਾ, ਇਹ ਸ਼ਰਮ ਨਾ ਆਈ ਤੈਨੂੰ?'
'ਕੀ ਪੱਟ 'ਤਾ ਤੈਨੂੰ?'
'ਮੇਰਾ ਰਿਹਾ ਦੱਸ ਕੀ ਐ, ਮੇਰੇ ਕੋਲ?'
'ਵਿਆਹ ਕਰਵਾ, ਜਾਹ, ਮੌਜਾਂ ਕਰ। ਕੀ ਹੋਇਐ ਤੈਨੂੰ?'
ਅਸਲ 'ਚ ਹਰਨੇਕ, ਮੈਂ ਤਾਂ ਤੇਰੇ ਨਾਲ ਈ ਸਾਰੀ ਜ਼ਿੰਦਗੀ ਕੱਢਣੀ ਐ। ਤੂੰ ਮੈਨੂੰ ਲੈ ਜਾ ਅੱਜ ਈ ਕਿਧਰੇ। ਤੇਰੀ ਜਾਇਦਾਦ ਕਿਤੇ ਨੀ ਜਾਂਦੀ। ਪੰਜ-ਸੱਤ ਸਾਲਾਂ ਬਾਅਦ ਐਥੇ ਈ ਮੁੜਕੇ ਆ ਜਾਂਗੇ?'
'ਏਥੇ ਈ ਆ ਜਾਂਗੇ?'
'ਹਾਂ, ਕੀ ਕਹਿ ਦੂ ਕੋਈ ਆਪਾਂ ਨੂੰ?'
ਹਰਨੇਕ ਹੱਸਿਆ, 'ਇਹ ਗੱਲ ਤਾਂ ਬਿਲਕੁਲ ਈ ਨੀ ਹੋ ਸਕਦੀ, ਨਿੰਦੀ।'
'ਹੋ ਕਿਉਂ ਨੀ ਸਕਦੀ?'
ਨਰਿੰਦਰ ਨੇ ਹਰਨੇਕ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਫੜਕੇ ਹਿੱਕ ਨਾਲ ਘੁੱਟ ਲਏ। ਹਰਨੇਕ ਦੇ ਹੱਥ ਉਸ ਨੂੰ ਠੰਡੇ ਠੰਡੇ ਲੱਗੇ। ਨਰਿੰਦਰ ਨੇ ਆਪਣੇ ਹੱਥਾਂ ਦੀ ਪਕੜ ਥੋੜ੍ਹੀ ਜਿਹੀ ਢਿੱਲੀ ਕੀਤੀ ਤਾਂ ਹਰਨੇਕ ਨੇ ਆਪਣੇ ਹੱਥ ਹੌਲੀ ਹੌਲੀ ਉਸ ਦੇ ਹੱਥਾਂ ਵਿਚੋਂ ਖਿਸਕਾ ਲਏ।
'ਨਹੀਂ' ਕਹਿ ਕੇ ਉਹ ਮੰਜੇ ਤੋਂ ਉੱਠਿਆ। ਅਗਵਾੜੀ ਲਈ। ਬਾਹੀ 'ਤੇ ਬੈਠੀ ਨਰਿੰਦਰ ਨੂੰ ਉਸ ਨੇ ਮੋਢਿਆਂ ਤੋਂ ਫੜ ਕੇ ਮੰਜੇ 'ਤੇ ਸੁੱਟਣਾ ਚਾਹਿਆ, ਪਰ ਨਰਿੰਦਰ ਤਾਂ ਜਿਵੇਂ ਲੋਹੇ ਦੀ ਬਣੀ ਬੈਠੀ ਹੋਵੇ। ਕਹਿਣ ਲੱਗੀ, "ਏਸ ਕੰਮ ਦੀ ਕੋਈ ਲੋੜ ਨੀ ਬੱਸ। ਮੇਰੇ ਨਾਲ ਤੇਰਾ ਕੋਈ ਸਬੰਧ ਨੀ।'
'ਤੂੰ ਸਿੱਧੀ ਹੋ?' ਹਰਨੇਕ ਨੇ ਜ਼ਬਰਦਸਤੀ ਕੀਤੀ।
ਉਹ ਮੰਜੇ ਤੋਂ ਖੜ੍ਹੀ ਹੋ ਗਈ। ਦੋਵੇਂ ਗੁੱਥਮ ਗੁੱਥਾ ਹੋਣ ਲੱਗੇ। ਦੋਵਾਂ ਦੇ ਸਾਹ ਚੜ੍ਹੇ ਹੋਏ ਸਨ।
ਤਰੀੜ ਕੇ ਨਰਿੰਦਰ ਨੇ ਆਪਣੇ ਆਪ ਨੂੰ ਹਰਨੇਕ ਦੀਆਂ ਬਾਹਾਂ 'ਚੋਂ ਛੁਡਾਇਆ ਤੇ ਪਰ੍ਹਾਂ ਜਾ ਖੜ੍ਹੀ। ਉਹ ਫਿਰ ਉਸ ਵੱਲ ਅਹੁਲਿਆ। ਕਾੜ ਕਰਦੀ ਚਪੇੜ ਨਰਿੰਦਰ ਨੇ ਹਰਨੇਕ ਦੇ ਮੂੰਹ 'ਤੇ ਮਾਰੀ। ਸ਼ੀਹਣੀਂ ਵਾਂਗ ਉਹ ਗੱਜੀ, 'ਹਰਾਮਜ਼ਾਦਾ, ਕਮੀਨਾ ਨਾ ਹੋਵੇ ਤਾਂ।'
ਹਰਨੇਕ ਠਠੰਬਰ ਕੇ ਖੜ੍ਹੋ ਗਿਆ। ਨਾ ਉਹ ਨਰਿੰਦਰ ਵੱਲ ਵਧਿਆ ਤੇ ਨਾ ਹੀ ਮੂੰਹੋ ਕੋਈ ਬੋਲ ਕੱਢਿਆ। ਨਰਿੰਦਰ ਨੇ ਜਿਵੇਂ ਉਸ ਦੀ ਸੁਰਤ ਟਿਕਾਣੇ ਲਿਆ ਦਿੱਤੀ ਹੋਵੇ।
ਸ਼ੀਹਣੀਂ
41