ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਤੜਫ਼ ਉੱਠੀ ਹੈ, 'ਕਿਉਂ ਧੌਲੇ ਠਰਕ 'ਗੇ, ਪੁੱਤ ਖਾਣੇ ਦੇ। ਇਉਂ ਚੂੰਢੀ ਨਾ ਵੱਢਿਆ ਕਰੋ ਮੇਰੇ। ਬੱਸ ਕੋਈ ਜ਼ਰੂਰਤ ਨੀ। ਐ-ਹਾਏ, ਅੱਗ ਦੀ ਅੰਗਿਆਰੀ ਧਰ 'ਤੀ। ਚੂੰਢੀ ਵੱਢਣ ਦਾ ਕੋਈ ਕੰਮ ਨੀ ਬੱਸ।' ਡੌਲੇ ਨੂੰ ਦੂਜੇ ਹੱਥ ਨਾਲ ਫੜੀ ਉਹ ਰਸੋਈ ਵਿਚ ਜਾ ਪਹੁੰਚੀ ਹੈ। ਸਟੋਵ ਵਿਚ ਹਵਾ ਭਰਨੀ ਸ਼ੁਰੂ ਕਰ ਦਿੱਤੀ ਹੈ।

ਮੈਂ ਆਰਾਮ ਕੁਰਸੀ 'ਤੇ ਬੈਠਾ ਬੂਟ ਜੁਰਾਬਾਂ ਲਾਹ ਰਿਹਾ ਹਾਂ। ਸੋਚ ਰਿਹਾ ਹਾਂ, ਰੰਜਨਾ ਤਿੜਕਦੀ ਕਿਉਂ ਹੈ ਹੁਣ ਐਨੀ? ਨਿੱਕੀ ਜਿਹੀ, ਪੋਲੀ ਜਿਹੀ ਚੂੰਢੀ ਵੀ ਹੁਣ ਇਸ ਨੂੰ ਅੱਗ ਦੀ ਅੰਗਿਆਰੀ ਲੱਗਦੀ ਹੈ। ਕਦੇ ਸਮਾਂ ਸੀ, ਇਸ ਦੇ ਮਾਸ ਦੀ ਬੋਟੀ ਕੱਢ ਕੇ ਵੀ ਮੈਂ ਰੱਖ ਦਿੰਦਾ ਤਾਂ ਵੀ ਇਹ ਸੀਅ ਨਹੀਂ ਸੀ ਕਰਦੀ।

'ਕਤੂਬਰ ਘਰ ਨਹੀਂ ਹੈ। ਇਹ ਲਫ਼ਜ਼ ਅਕਤੂਬਰ ਹੈ। ਇਸ ਮਹੀਨੇ ਰੰਜਨਾ ਮੇਰੇ ਨਾਲ ਪਹਿਲੀ ਮੁਲਾਕਾਤ ਹੋਈ ਸੀ। ਸੋ, ਅਸੀਂ ਆਪਣੇ ਪਹਿਲੇ ਬੱਚੇ ਦਾ ਨਾਂ ਲਾਡ ਨਾਲ ਅਕਤੁਬਰ ਹੀ ਰੱਖ ਲਿਆ ਸੀ। ਅਸਲੀ ਨਾਂ ਤਾਂ ਉਸ ਦਾ 'ਅਰੁਣ' ਨੂੰ ਵੀ ਪਤਾ ਨਹੀਂ ਕਿ ਉਸ ਦਾ ਘਰੇਲੂ ਨਾਂ 'ਕਤੂਬਰ' ਕਿਉਂ ਹੈ।

ਕੰਦਲਾ ਵੀ ਕਿਤਾਬਾਂ ਕਾਪੀਆਂ ਦਾ ਬੋਝ ਮੰਜੇ 'ਤੇ ਹੀ ਸੁੱਟ ਕੇ ਕਿਸੇ ਸਹੇਲੀ ਦੇ ਘਰ ਜਾ ਪਹੁੰਚੀ ਹੈ। ਘਰ ਵਿਚ ਹੋਰ ਕੋਈ ਨਹੀਂ ਹੈ। ਘਰ ਵਿਚ ਹੋਰ ਕਿਸੇ ਦੇ ਨਾ ਹੋਣ ਦਾ ਅਹਿਸਾਸ ਮੇਰੇ ਵਿਚ ਇੱਕ ਹਲਚਲ ਪੈਦਾ ਕਰ ਰਿਹਾ ਹੈ। ਮਿੱਠੀ ਮਿੱਠੀ ਹਲਚਲ। ਨਾਇਲੀਨ ਦੀਆਂ ਚੱਪਲਾਂ ਪਾ ਕੇ ਪੈਂਟ ਲਾਹ ਰਿਹਾ ਹਾਂ। ਪਜਾਮਾਂ ਪਾਉਣ ਦੀ ਕੋਸ਼ਿਸ਼ ਵਿਚ ਹਾਂ। ਹੈਂਗਰ ਤੋਂ ਪਜਾਮਾ ਉਤਾਰਦਾ ਹਾਂ ਤੇ ਸੋਚਦਾ ਹਾਂ, ਪਜਾਮਾ ਠਹਿਰ ਕੇ ਹੀ ਪਾ ਲਵਾਂ। ਰੰਜਨਾ ਚਾਹ ਦੀ ਕੇਤਲੀ ਮੇਜ਼ 'ਤੇ ਰੱਖ ਕੇ ਇੱਕਦਮ ਕਮਰੇ ਵਿਚੋਂ ਬਾਹਰ ਹੋ ਗਈ ਹੈ। ਮੈਂ ਪਜਾਮਾ ਪਾ ਲਿਆ ਹੈ ਤੇ ਚਾਹ ਪੀਣ ਬੈਠ ਗਿਆ ਹਾਂ। ਰੰਜਨਾ ਨੂੰ ਆਵਾਜ਼ ਦਿੱਤੀ ਹੈ, 'ਤੂੰ ਵੀ ਲੈ ਲੈ, ਇੱਕ ਪਿਆਲੀ।'

'ਤੁਸੀਂ ਪੀਓ, ਬਸ ਮੈਨੂੰ ਕੀ ਐ ਚਾਹ ਨੂੰ। ਸਕੂਲ 'ਚ ਸਾਰਾ ਦਿਨ ਚਾਹ ਈ ਚਲਦੀ ਐ। ਬਚ 'ਗੀ ਤਾਂ ਪਈ ਰਹਿਣ ਦਿਓ। 'ਕਤੂਬਰ' ਆ ਕੇ ਪੀ ਲੂ ਗਾ।' ਠੱਕ ਠੱਕ ਕਰਦੀ ਉਹ ਦੂਰੋਂ ਹੀ ਉੱਚੀ ਉੱਚੀ ਬੋਲੀ ਹੈ। ਸ਼ਾਇਦ ਪਾਥੀਆਂ ਭੰਨ ਰਹੀ ਹੈ। ਹਾਰੀ ਵਿਚ ਦਾਲ ਧਰ ਰਹੀ ਹੋਵੇਗੀ। ਪੜ੍ਹ ਲਿਖ ਕੇ ਵੀ ਐਨੇ ਸਾਲ ਸ਼ਹਿਰ ਵਿਚ ਰਹਿ ਕੇ ਤੇ ਨੌਕਰੀ ਕਰਕੇ ਵੀ ਚੁੱਲ੍ਹੇ ਚੌਂਕੇ ਦਾ ਕੰਮ ਤੇ ਬੋਲਣ ਦਾ ਤਰੀਕਾ ਉਸ ਦਾ ਪੇਂਡੂ ਹੀ ਰਿਹਾ।

ਚਾਹ ਪੀ ਕੇ ਮੈਂ ਬਿਸਤਰੇ ਵਿਚ ਵੜ ਗਿਆ ਹਾਂ। ਹਿੱਕ ਤੀਕ ਰਜ਼ਾਈ ਖਿੱਚ ਕੇ ਟੇਬਲ ਲੈਂਪ ਬਾਲ ਲਿਆ ਹੈ। ਤੜਕੇ ਦੇ ਪੜ੍ਹੇ ਅਖ਼ਬਾਰ ਦਾ ਐਡੀਟੋਰੀਅਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।

ਹੁਣ 'ਲੈਟਰਜ਼ ਟੂ ਦਾ ਐਡੀਟਰ' ਪੜ੍ਹ ਰਿਹਾ ਹਾਂ। ਰੰਜਨਾ ਕਮਰੇ ਵਿਚ ਆਈ ਹੈ। ਸ਼ਕਾਇਤ ਕਰ ਰਹੀ ਹੈ, 'ਕੰਦਲਾ ਨੂੰ ਦੇਖੋ, ਤੁਸੀਂ ਬਿਲਕੁਲ ਨਹੀਂ ਝਿੜਕਦੇ। ਹੁਣ ਤਾਈਂ ਕੀ ਮਤਲਬ ਬਿਗਾਨੇ ਘਰ ਬੈਠਣ ਦਾ? ਦਸਵੀਂ 'ਚ ਹੈਗੀ, ਹੁਣ ਹੋਰ ਕੀ ਉਹਦੇ ਵਣ ਵਧਣਗੇ?'

'ਕੁੜੀ ਨੂੰ ਸਮਝਾਉਣਾ ਤੇਰਾ ਕੰਮ ਐ। ਮੈਂ ਕਹਿ ਦਿੱਤਾ ਹੈ।

44

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ