ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

'ਮੁੰਡਾ ਸਮਝਾਇਆ ਤਾਂ ਥੋਡਾ ਬੜਾ ਸਮਝਦੈ। ਕਾਲਜ 'ਚ ਹੜਤਾਲ ਕਾਹਦੀ ਹੋਈ ਐ, ਘਰੇ ਈ ਨੀ ਵੜਦਾ ਪਿਓ ਦਾ ਪੁੱਤ।' ਕਹਿ ਕੇ ਉਹ ਮੇਰੇ ਮੰਜੇ ਦੀਆਂ ਪੈਂਦਾ 'ਤੇ ਬੈਠ ਗਈ ਹੈ।

'ਪਿਓ ਦਾ ਪੁੱਤ ਨੀ, ਮਾਂ ਦਾ ਪੁੱਤ।' ਮੈਂ ਸ਼ਰਾਰਤ ਨਾਲ ਆਖਿਆ ਹੈ।

'ਦੇਖ, ਇਹ ਕੁੜੀ 'ਮਿਸ ਯੂਨੀਵਰਸਿਟੀ' ਚੁਣੀ ਗਈ ਐ।' ਅਖ਼ਬਾਰ ਦੀ ਇੱਕ ਤਸਵੀਰ 'ਤੇ ਉਂਗਲ ਰੱਖ ਕੇ ਮੈਂ ਉਸ ਨੂੰ ਦਿਖਾਉਂਦਾ ਹਾਂ। ਅਖ਼ਬਾਰ ਮੇਰੀ ਸੱਜੀ ਵੱਖੀ 'ਤੇ ਹੈ। ਮੈਂ ਅੱਧ ਲੇਟਿਆ ਜਿਹਾ ਸਿਰਹਾਣੇ ਨਾਲ ਸਿਰ ਉੱਚਾ ਕਰੀਂ ਪਿਆ ਹਾਂ। ਰੰਜਨਾ ਮੇਰੇ ਖੱਬੇ ਪਾਸੇ ਵੱਲ ਦੀ ਹੋ ਕੇ ਤਸਵੀਰ ਦੇਖਣ ਉੱਠੀ ਹੈ। ਉਸ ਦੀਆਂ ਛਾਤੀਆਂ ਮੇਰੇ 'ਤੇ ਝੁਕੀਆਂ ਹਨ। ਤਸਵੀਰ ਨੂੰ ਉਹ ਬਹੁਤ ਧਿਆਨ ਨਾਲ ਦੇਖ ਰਹੀ ਹੈ। ਕਹਿ ਰਹੀ ਹੈ, ਤੀਵੀਆਂ ਵਰਗੀ ਤੀਵੀਂ ਐ ਹੋਰ ਕੀ ਐ ਏਹਦੇ 'ਚ?' ਮੇਰੀ ਹਿੱਕ ਵਿਚ ਕੋਈ ਜਲੂਣ ਜਿਹੀ ਉੱਠੀ ਹੈ। ਬਾਹਾਂ ਵਿਚ ਇੱਕ ਕਾਹਲ ਜਿਹੀ। ਅਖ਼ਬਾਰ ਥਾਂ ਦੀ ਥਾਂ ਸੁੱਟ ਕੇ ਰੰਜਨਾ ਨੂੰ ਮੈਂ ਆਪਣੀ ਹਿੱਕ ਨਾਲ ਕੱਸ ਲਿਆ ਹੈ। ਉਹ ਤੜਫ਼ੀ ਹੈ, ਕੀ ਹੋ ਗਿਐ ਥੋਨੂੰ ਅੱਜ? ਛੱਡੋ ਪਰ੍ਹੇ।

ਬਾਹਾਂ ਦੀ ਪਕੜ ਮੈਂ ਢਿੱਲੀ ਕਰ ਦਿੱਤੀ ਹੈ। ਉਹ ਇਕਦਮ ਮੈਨੂੰ ਝਟਕਾ ਦੇ ਕੇ ਕਹਿੰਦੀ ਹੈ, 'ਤਪਲੇ' 'ਚ ਸਾਰਾ ਪਾਣੀ ਮੱਚ ਗਿਆ ਹੋਣੈ। ਛੱਡੋ ਬੱਸ।' ਕਾਰਨਿਸ ਤੋਂ ਮੋਠਾਂ ਵਾਲੀ ਪਲੇਟ ਚੁੱਕ ਕੇ ਉਹ ਕਮਰੇ 'ਚੋਂ ਬਾਹਰ ਹੋ ਗਈ ਹੈ। ਮੈਂ ਅਖ਼ਬਾਰ ਨੂੰ ਆਪਣੀਆਂ ਅੱਖਾਂ ਮੂਹਰੇ ਕਰ ਲਿਆ ਹੈ। ਸਰਸਰੀ ਤੌਰ 'ਤੇ ਕਿਸੇ ਖ਼ਬਰ ਨੂੰ ਪੜ੍ਹਨ ਲੱਗ ਪਿਆ ਹਾਂ।

'ਕਤੂਬਰ' ਬਾਹਰੋਂ ਆ ਗਿਆ ਹੈ। ਕੋਟ ਪੈਂਟ ਉਤਾਰ ਕੇ ਨਾਈਟ ਸੂਟ ਪਹਿਨ ਲਿਆ ਹੈ। ਬੁੱਕ ਸੈਲਫ਼ ਵਿਚੋਂ 'ਕੈਂਸਰ ਵਾਰਡ' ਚੁੱਕਿਆ ਹੈ ਤੇ ਦੂਜੇ ਕਮਰੇ ਵਿਚ ਚਲਿਆ ਗਿਆ ਹੈ। ਕੰਦਲਾ ਰਸੋਈ ਵਿਚ ਆਪਣੀ ਮਾਂ ਨਾਲ ਰੋਟੀ ਟੁੱਕ ਦਾ ਆਹਰ ਕਰਨ ਲੱਗੀ ਹੋਈ ਹੈ।

ਚਾਰ ਤਹਿਆਂ ਕਰਕੇ ਮੈਂ ਅਖ਼ਬਾਰ ਨੂੰ ਮੰਜੇ ਥੱਲੇ ਸੁੱਟ ਦਿੱਤਾ ਹੈ। ਕਮਰੇ ਦੀ ਛੱਤ ਵੱਲ ਦੇਖ ਰਿਹਾ ਹਾਂ। ਸੋਚ ਰਿਹਾ ਹਾਂ ਰੰਜਨਾ ਜੇ ਸਕੂਲ ਟੀਚਰ ਨਾ ਹੋਵੇ ਤਾਂ ਕਿਵੇਂ ਚੱਲੇ ਇਸ ਘਰ ਦਾ ਖ਼ਰਚ? ਕਿਵੇਂ ਹੋਵੇ ਬੱਚਿਆਂ ਦੀ ਪੜ੍ਹਾਈ? ਮਕਾਨ ਦਾ ਕਿਰਾਇਆ, ਦੁੱਧ, ਲੱਕੜਾਂ ਤੇ ਚੜ੍ਹੇ ਮਹੀਨੇ ਹੋਰ ਕਿੰਨੇ ਹੀ ਖ਼ਰਚ? ਇਹ ਖਿਆਲ ਪਰ ਮੇਰੇ ਦਿਮਾਗ਼ ਵਿਚ ਬਹੁਤਾ ਚਿਰ ਨਹੀਂ ਰਹਿੰਦਾ।

ਹੁਣ ਮੈਂ ਦਫ਼ਤਰ ਵਾਲੀ ਨਵੀਂ ਟਾਈਪਿਸਟ ਬਾਰੇ ਸੋਚਦਾ ਹਾਂ। ਆਪਣੇ ਹੀ ਮਨ ਵਿਚ ਆਪਣੇ ਆਪ ਤੋਂ ਜਿਵੇਂ ਚੋਰੀ ਜਿਹਾ। ਉਸ ਦਾ ਪਿਆਰਾ ਪਿਆਰਾ ਸਾਂਵਲਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ। ਉਸ ਦੀਆਂ ਸ਼ਾਹ ਕਾਲੀਆਂ ਅੱਖਾਂ ਦੀ ਖਿੱਚ ਦਫ਼ਤਰੋਂ ਮੇਰੇ ਨਾਲ ਹੀ ਜਿਵੇਂ ਮੇਰੇ ਘਰ ਤੱਕ ਪਹੁੰਚ ਗਈ ਹੋਵੇ। ਮੇਰਾ ਉਸ ਦੇ ਕੋਲ ਬੈਠਣਾ ਜਾਂ ਮੇਰੇ ਕੋਲ ਉਸ ਦਾ ਬੈਠਣਾ ਮੇਰੇ ਲਈ ਇੱਕ ਮਿੱਠਾ ਮਿੱਠਾ ਅਹਿਸਾਸ ਹੈ। ਦਫ਼ਤਰ ਦੇ ਦਿਲ ਜਲੇ ਬਾਬੂ ਮੇਰੇ ਵਿਚ ਹੀ ਉਸ ਨੂੰ ਛੇੜਦੇ ਹਨ। ਬੋਲੀਆਂ ਮਾਰਦੇ ਹਨ। ਇੱਕ ਮਿੱਠਾ ਮਿੱਠਾ ਘੁਮੰਡ ਹੈ। ਉਂਝ ਉਸ ਕੁੜੀ ਦੇ ਨਾਲ ਬਾਤ ਵੀ ਅਪਣੱਤ ਭਰੀ ਹੈ। ਹੋਰਾਂ ਨਾਲ ਤਾਂ ਉਹ ਰੁੱਖਾ ਰੁੱਖਾ ਬੋਲਦੀ ਹੈ, ਕੌੜਾ ਕੌੜਾ ਝਾਕਦੀ ਹੈ।

ਮੈਂ ਦੋਸ਼ੀ ਨਹੀਂ ਹੋਵਾਂਗਾ
45