ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਧਾ ਘੰਟਾ ਬੀਤ ਗਿਆ ਹੈ। ਰੰਜਨਾ ਨਹੀਂ ਆਈ। ਮੈਨੂੰ ਅੱਚਵੀ ਲੱਗੀ ਹੋਈ ਹੈ। ਆਪਣੇ ਬਿਸਤਰੇ ਵਿਚੋਂ ਨਿਕਲਦਾ ਹਾਂ। ਪੋਲੇ ਪੈਰੀਂ ਵਿਹੜੇ ਵਿਚ ਆਉਂਦਾ ਹਾਂ। ਦੇਖਦਾ ਹਾਂ, ਦੂਜੇ ਕਮਰੇ ਦਾ ਦਰਵਾਜ਼ਾ ਬੰਦਾ ਹੈ। ਦਰਵਾਜ਼ੇ 'ਤੇ ਦਸਤਕ ਦੇਣ ਦੀ ਮੇਰੇ ਵਿਚ ਹਿੰਮਤ ਨਹੀਂ। ਮੁੰਡੇ ਕੁੜੀ 'ਚੋਂ ਕੋਈ ਜਾਗ ਪਿਆ? ਤਖ਼ਤਿਆਂ ਨਾਲ ਕੰਨ ਲਾ ਕੇ ਮੈਂ ਸੁਣਦਾ ਹਾਂ। ਨਿੱਕੇ ਨਿੱਕੇ ਘੁਰਾੜੇ ਵੱਜ ਰਹੇ ਹਨ। ਕਦੇ ਕਦੇ ਕੋਈ ਘੁਰਾੜਾ ਉੱਚਾ ਵੀ ਹੋ ਜਾਂਦਾ ਹੈ। ਮੈਨੂੰ ਸਾਫ਼ ਪਤਾ ਲੱਗ ਗਿਆ ਹੈ, ਇਹ ਘੁਰਾੜੇ ਰੰਜਨਾ ਦੇ ਹਨ। ਮੈਨੂੰ ਦੇਖ ਕੇ ਕੋਠੇ 'ਤੋਂ ਗਵਾਂਢੀਆਂ ਦਾ ਕੁੱਤਾ ਭੌਂਕਿਆ ਹੈ। ਐਨੀ ਠੰਡ ਵਿਚ ਕੁੱਤਾ ਕੋਠੇ 'ਤੇ ਕੀ ਕਰਦਾ ਫਿਰਦਾ ਹੈ? ਮੈਨੂੰ ਖਿੱਝ ਚੜ੍ਹਦੀ ਹੈ। ਵਿਹੜੇ ਵਿਚ ਮੈਂ ਖੜ੍ਹਾ ਸ਼ਰਮ ਮਹਿਸੂਸ ਕਰ ਰਿਹਾ ਹਾਂ ਤੇ ਠੰਡ ਵੀ। ਆਪਣੇ ਕਮਰੇ ਵਿਚ ਆ ਕੇ ਬਿਸਤਰੇ ਵਿਚ ਵੜ ਜਾਂਦਾ ਹਾਂ। ਟੇਬਲ ਲੈਂਪ ਜਗਾ ਕੇ ਮਾਸਕ ਪੱਤਰ ਵਿਚੋਂ ਕੋਈ ਹੋਰ ਕਹਾਣੀ ਪੜ੍ਹਨ ਲੱਗਦਾ ਹਾਂ। ਰੰਜਨਾ ਦੇ ਘੁਰਾੜੇ ਹੁਣ ਮੈਨੂੰ ਇਸ ਕਮਰੇ ਵਿਚ ਵੀ ਸੁਣ ਰਹੇ ਹਨ। ਕਹਾਣੀ ਖ਼ਤਮ ਕਰਕੇ ਟੇਬਲ ਲੈਂਪ ਬੁਝਾਉਂਦਾ ਹਾਂ ਤੇ ਸੌਂ ਜਾਂਦਾ ਹਾਂ। *

ਮੈਂ ਦੋਸ਼ੀ ਨਹੀਂ ਹੋਵਾਂਗਾ

47