ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਰਫ਼ ਗੁਆਂਢਣਾਂ ਤੋਂ ਡਰਦੀ ਸੀ। ਤੇਰੇ ਭਰਾ ਤਾਂ ਮੇਰੇ ਨਾਲ ਇਉਂ ਸਨ, ਜਿਵੇਂ ਮੈਂ ਉਨ੍ਹਾਂ ਦਾ ਵੱਡਾ ਭਰਾ ਹੋਵਾਂ। ਤੇਰੇ ਪਿਤਾ ਜੀ? ਉਹ ਤਾਂ ਮੈਂ ਕਦੇ ਦੇਖੇ ਹੀ ਨਹੀਂ ਸਨ। ਸ਼ਾਇਦ ਉਨ੍ਹਾਂ ਨੇ ਵੀ ਮੈਨੂੰ ਕਦੇ ਨਹੀਂ ਦੇਖਿਆ ਹੋਣਾ। ਤੂੰ ਹੀ ਦੱਸਦੀ ਹੁੰਦੀ ਸੀ ਕਿ ਉਹ ਤਾਂ ਬਿਜ਼ਨਸ ਦੇ ਮਾਮਲੇ ਵਿਚ ਸ਼ਹਿਰੋਂ ਬਾਹਰ ਹੀ ਰਹਿੰਦੇ ਹਨ। ਪੰਦਰਾਂ ਪੰਦਰਾਂ ਦਿਨਾਂ ਪਿੱਛੋਂ ਕਦੇ ਇੱਕ ਅੱਧੀ ਰਾਤ ਆਉਂਦੇ ਹਨ।

ਤੂੰ ਇਹ ਗੱਲ ਵੀ ਨਹੀਂ ਝੁਠਲਾ ਸਕਦੀ ਕਿ ਆਪਾਂ ਵਿਆਹ ਕਰਵਾਉਣ ਦੀਆਂ ਕਸਮਾਂ ਖਾਧੀਆਂ ਸਨ। ਆਪਣੀ ਜ਼ਾਤ ਇੱਕ ਸੀ। ਆਪਣੇ ਗੋਤ ਅੱਡ ਸਨ। ਮੈਂ ਅਸੁੰਦਰ ਨਹੀਂ ਸਾਂ। ਮਿਉਂਸੀਪਲ ਕਮੇਟੀ ਦੀ ਪੱਕੀ ਨੌਕਰੀ 'ਤੇ ਲੱਗਿਆ ਹੋਇਆ ਸਾਂ, ਹੁਣ ਵੀ ਹਾਂ। ਕੀ ਨੁਕਸ ਸੀ ਮੇਰੇ ਵਿਚ? ਤੂੰ ਬਹਾਨਾ ਲਾਇਆ ਸੀ, ਪਹਿਲਾਂ ਤੇਰੀ ਵੱਡੀ ਭੈਣ ਦਾ ਵਿਆਹ ਹੋ ਲਵੇ।

ਦਿਨ ਗੁਜ਼ਰ ਰਹੇ ਸਨ। ਤੇ ਫਿਰ ਤੁਸੀਂ ਆਪਣਾ ਮਕਾਨ ਬਦਲ ਲਿਆ ਸੀ। ਸ਼ਹਿਰ ਦੇ ਦੂਜੇ ਪਾਸੇ। ਤੇਰੀ ਮਾਂ ਕਹਿੰਦੀ ਸੀ, "ਉਹ ਮਕਾਨ ਇਸ ਨਾਲੋਂ ਚੰਗਾ ਹੈ। ਉਸ ਮਕਾਨ ਵਿਚ ਸਹੂਲਤਾਂ ਬਹੁਤੀਆਂ ਹਨ। ਉਹ ਮਕਾਨ ਤਾਂ ਨਵਾਂ ਹੈ, ਕੀ ਪਿਆ ਹੈ ਹੁਣ ਇਸ ਪੁਰਾਣੇ ਮਕਾਨ ਵਿਚ?" ਮੈਨੂੰ ਤਾਂ ਤੇਰਾ ਇਹੀ ਕਮਰਾ ਪਿਆਰਾ ਹੈ, ਮੇਰਾ ਤਾਂ ਏਸੇ ਵਿਚ ਗੁਜ਼ਾਰਾ ਹੈ।

ਸ਼ਹਿਰ ਦੇ ਦੂਜੇ ਪਾਸੇ ਤੁਹਾਡੇ ਨਵੇਂ ਮਕਾਨ ਵਿਚ ਵੀ ਮੈਂ ਤੈਨੂੰ ਮਿਲਣ ਆ ਜਾਇਆ ਕਰਦਾ ਸਾਂ। ਹਫ਼ਤੇ ਬਾਅਦ, ਦਸ ਦਿਨ ਬਾਅਦ।

ਸਾਡੇ ਪਿੰਡ ਮੇਰੀ ਮਾਂ ਬਹੁਤ ਬਿਮਾਰ ਹੋ ਗਈ ਸੀ ਤੇ ਫਿਰ ਮੈਂ ਪਿੰਡ ਚਲਿਆ ਗਿਆ ਸਾਂ। ਮਾਂ ਬਹੁਤ ਬਿਮਾਰ ਸੀ, ਨਮੂਨੀਆ ਹੋ ਗਿਆ ਸੀ ਤੇ ਫਿਰ ਟਾਈਫਾਈਡ ਇੱਕ ਮਹੀਨੇ ਦੀ ਛੁੱਟੀ ਲੈਣੀ ਪਈ ਸੀ। ਵਾਪਸ ਆਇਆ ਸਾਂ ਤਾਂ ਤੇਰਾ ਮੂੰਹ ਹੋਰ ਸੀ। ਤੁਹਾਡੇ ਘਰ ਆਉਂਦਾ ਸਾਂ, ਤੂੰ ਘਰੋਂ ਬਾਹਰ ਹੋ ਜਾਂਦੀ ਸੈਂ। ਗਵਾਂਢੀਆਂ ਦੇ ਘਰ ਚਲੀ ਜਾਂਦੀ ਸੈਂ 'ਕੀ ਜਾਣਦਾ ਸਾਂ, ਮੈਂ ਸ਼ਹਿਰ ਦੇ ਦੂਜੇ ਪਾਸੇ ਗਵਾਂਢੀਆਂ ਨੂੰ? ਤਿੰਨ ਵਾਰ ਗਿਆ ਸਾਂ, ਚੌਥੀ ਵਾਰ ਗਿਆ ਸਾਂ ਤੇ ਫਿਰ ਨਾ ਜਾਣਦੀ ਕਸਮ ਖਾ ਲਈ ਸੀ। ਤੇ ਫਿਰ ਦੋ ਮਹੀਨਿਆਂ ਬਾਅਦ ਤੇਰੀ ਮਾਂ ਮੇਰੇ ਕੋਲ ਆਈ ਸੀ, ਮੇਰੇ ਇਸ ਕਮਰੇ ਵਿਚ ਤੇ ਫਿਰ ਤਾਂ ਤੈਨੂੰ ਯਾਦ ਹੀ ਹੈ ਕਿ ਮੈਂ ਤੇ ਤੇਰੀ ਮਾਂ ਤੈਨੂੰ ਕਿਸੇ ਹੋਰ ਸ਼ਹਿਰ ਵਿਚ ਤਜਰਬੇਕਾਰ ਦਾਈ ਕੋਲ ਲੈ ਕੇ ਗਏ ਸਾਂ। ਤੇਰੀ ਜਾਨ ਸੌਖੀ ਕਰਵਾਈ ਸੀ।

ਖ਼ੈਰ, ਇਹ ਗੱਲ ਵੀ ਹੋਈ ਨਿੱਬੜੀ। ਤੈਂ ਆਪਣੀ ਮਾਂ ਕੋਲ ਸਹੁੰਆਂ ਖਾਧੀਆਂ ਸਨ। ਪਾਣੀਆਂ ਦੀਆਂ ਚੂਲੀਆਂ ਡੋਲ੍ਹੀਆਂ ਸਨ। ਰੋ ਰੋ ਕੇ ਦੱਸਿਆ ਸੀ ਕਿ ਉਸ ਮੁੰਡੇ ਨੇ ਤਾਂ ਤੇਰੇ ਨਾਲ ਜ਼ਬਰਦਸਤੀ ਕਰ ਲਈ ਸੀ। ਤੂੰ ਘਰ ਇਕੱਲੀ ਸੀ। ਖ਼ੈਰ ਠੀਕ ਸੀ, ਜੋ ਤੈਂ ਆਖਿਆ ਸੀ। ਪਰ ਓਸ ਮੁੰਡੇ ਨੂੰ ਤੁਹਾਡੇ ਘਰ ਇੱਕ ਦਿਨ ਬੈਠਾ ਮੈਂ ਆਪ ਦੇਖਿਆ ਸੀ। ਤੇਰੀ ਮਾਂ ਨੇ ਚਾਹ ਬਣਾਈ ਸੀ ਤਾਂ ਤੂੰ ਪਿਆਲੀ ਚੁੱਕ ਕੇ ਪਹਿਲਾਂ ਉਸ ਮੁੰਡੇ ਨੂੰ ਫੜਾਈ ਤੇ ਬਾਅਦ ਵਿਚ ਮੈਨੂੰ। ਤੇਰੀ ਮਾਂ ਨੂੰ ਵੀ ਮੈਂ ਕੀ ਕਹਿੰਦਾ?

ਸੁਨੀਤਾ, ਮੈਂ ਬਹੁਤ ਨੀਵਾਂ ਹੋ ਗਿਆ ਹਾਂ। ਤੈਂ ਮੈਨੂੰ ਕਿਤੇ ਜੋਗਾ ਵੀ ਨਹੀਂ ਛੱਡਿਆ। ਮੈਂ ਮਿੱਟੀ ਵਿਚ ਮਿਲ ਗਿਆ ਹਾਂ, ਮੈਂ ਕਾਸੇ ਦਾ ਵੀ ਨਹੀਂ ਰਿਹਾ। ਐਨਾ

ਹਰੇ ਪਰਦੇ ਵਾਲਾ ਕਮਰਾ

49