ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣਾ ਦਰਦ

ਕੋਈ ਪੰਜਾਬੀ ਜੇ ਇਸ਼ਕ ਦੀ ਬਾਜ਼ੀ ਹਾਰ ਜਾਵੇ ਤਾਂ ਫਿਰ 'ਵਾਰਸ ਸ਼ਾਹ ਦੀ ਹੀਰ' ਪੜ੍ਹਦਾ ਹੈ।

ਬਿਮਲ ਦੀ ਮੇਜ਼ 'ਤੇ ਵੀ ਅੱਜ ਕੱਲ੍ਹ 'ਹੀਰ' ਪਈ ਰਹਿੰਦੀ ਹੈ। ਰਾਤ ਦੀ ਬੇਚੈਨੀ ਹੰਢਾ ਕੇ ਤੜਕੇ ਜਦ ਉਹ ਉੱਠਦਾ ਹੈ, ਉੱਠਣ ਸਾਰ ਇੱਕ ਬੈਂਤ, 'ਹੀਰ' ਦੀ ਪੜ੍ਹਦਾ ਹੈ। ਫਿਰ ਚਾਹ ਪੀਂਦਾ ਹੈ ਅਤੇ ਜੰਗਲ ਪਾਣੀ ਜਾਂਦਾ ਹੈ। ਰਾਤ ਨੂੰ ਸੌਣ ਲੱਗਿਆਂ ਵੀ ਸੋਚਾਂ ਜਦ ਪਲ ਦੋ ਪਲ ਉਸ ਦਾ ਪੱਲਾਂ ਛੱਡਦੀਆਂ ਹਨ ਤਾਂ ਉਹ 'ਹੀਰ' ਹੀ ਪੜ੍ਹਦਾ ਹੈ ਜਾਂ ਫਿਰ ਸੋਚਾਂ ਤੋਂ ਪੱਲਾ ਛੁਡਵਾਉਣ ਲਈ ਹੀ।

ਜ਼ਿੰਦਗੀ ਵਿਚ ਉਸ ਨੇ ਤਿੰਨ ਵਾਰ 'ਹੀਰ' ਪੜ੍ਹੀ ਹੈ। ਮੁੱਢ ਤੋਂ ਲੈ ਕੇ ਅਖ਼ੀਰ ਤੱਕ।

ਐਂਤਕੀ ਤਾਂ ਉਹ ਵਿਚੋਂ ਵਿਚੋਂ ਹੀ ਬੈਂਤਾਂ ਪੜ੍ਹਦਾ ਹੈ। ਕਦੇ ਕੋਈ ਬੈਂਤ, ਕਦੇ ਕੋਈ। ਬਹੁਤਾ ਕਰਕੇ ਸਹਿਤੀ ਦੇ ਰਾਂਝੇ ਨਾਲ ਸਵਾਲ ਜਵਾਬ।

ਪਰ ਨਹੀਂ। ਅੱਜ ਉਸ ਨੇ ਫ਼ੈਸਲਾ ਕਰ ਲਿਆ ਹੈ ਕਿ ਉਹ ਮੁੱਢ ਤੋਂ ਹੀ ਪੜ੍ਹੇਗਾ-'ਅਵਲ ਹਮਦ ਖੁਦਾ ਦਾ ਵਿਰਦ ਕੀਜੇ।'

ਬਿਮਲ ਇੱਕ ਕਵੀ ਹੈ।

ਅੱਜ ਉਹ ਇੱਕ ਕਾਵਿ ਗੋਸ਼ਟੀ ਤੋਂ ਵਾਪਸ ਆਇਆ ਹੈ। ਬਹੁਤ ਨਿਰਾਸ਼ ਹੈ। ਗੋਸ਼ਟੀ ਵਿਚ ਦੋ ਤਿੰਨ ਆਲੋਚਕਾਂ ਨੇ ਤਾਂ ਉਸ ਨੂੰ ਬਹੁਤ ਨਿੰਦਿਆ ਹੈ। ਇੱਕ ਆਲੋਚਕ ਨੇ ਤਾਂ ਲੋਹੜਾ ਹੀ ਮਾਰਿਆ ਤੇ ਏਥੋਂ ਤੀਕ ਕਹਿ ਦਿੱਤਾ ਕਿ ਬਿਮਲ ਨੂੰ ਇਸਤਰੀ ਮਰਦ ਦੇ ਸਦੀਵੀ ਰਿਸ਼ਤਿਆਂ ਦਾ ਵੀ ਭਲੀ ਭਾਂਤ ਗਿਆਨ ਨਹੀਂ। ਇਕ ਹੋਰ ਆਲੋਚਕ ਦਾ ਕਥਨ ਸੀ ਕਿ ਬਿਮਲ ਪਿਆਰ ਦੇ ਮਸਲੇ ਵਿਚ ਆਧੁਨਿਕ ਨਹੀਂ। ਉਹ ਇਸਤਰੀ ਨੂੰ ਅਪੋਲੋ ਯੁੱਗ ਵਿਚ ਵੀ ਬੇਵਫ਼ਾ ਹੀ ਦੱਸ ਰਿਹਾ ਹੈ। ਇੱਕ ਹੋਰ ਨੇ ਆਖਿਆ ਕਿ ਸਾਡੇ ਕਵੀਆਂ ਵਿਚੋਂ ਇਹ 'ਵਾਰਸ' ਵਾਲੀ ਰੱਟ ਪਤਾ ਨਹੀਂ ਕਦੋਂ ਖ਼ਤਮ ਹੋਵੇਗੀ।

ਬਿਮਲ ਸੋਚਦਾ ਹੈ, ਮੈਂ ਕਵਿਤਾ ਕਦੋਂ ਲਿਖਦਾ ਹਾਂ? ਕਦੋਂ ਕਹਿੰਦਾ ਹਾਂ ਕਿ ਮੈਂ ਸਾਹਿਤਕਾਰ ਹਾਂ? ਮੈਂ ਤਾਂ ਆਪਣਾ ਦਰਦ ਲਿਖਦਾ ਹਾਂ।

ਇੱਕ ਮਾਸਕ ਪੱਤਰ ਨੂੰ ਉਸ ਨੇ ਦੋ ਕਵਿਤਾਵਾਂ ਭੇਜੀਆਂ ਸਨ। ਦੋਵੇਂ ਹੀ ਵਾਪਸ ਆ ਗਈਆਂ ਹਨ। ਇੱਕ ਚਿੱਟ ਟਾਂਕੀ ਹੋਈ ਹੈ-'ਜਿਹੜਾ ਕਵੀ ਸਿਰਫ਼ ਆਪਣੇ ਲਈ ਲਿਖਦਾ ਹੈ, ਉਸ ਵਾਸਤੇ 'ਲਾਟ' ਵਿਚ ਕੋਈ ਥਾਂ ਨਹੀਂ। ਬਿਮਲ ਜੀ ਲੋਕਾਂ ਵਾਸਤੇ ਵੀ ਕੁਝ ਲਿਖੋ।"

ਆਪਣਾ ਦਰਦ

51