ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/55

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਦਰ ਬਜ਼ਾਰ ਵਿਚ ਪਿੱਪਲ ਵਾਲੀ ਪਾਨਾਂ ਦੀ ਦੁਕਾਨ ਕੋਲ ਖੜ੍ਹਾ ਮੈਂ ਆਪਣੇ ਸਾਈਕਲ ਦੀ ਜ਼ਰ ਖਾਧੀ ਟੱਲੀ ਵੱਲ ਬੜੇ ਗਹੁ ਨਾਲ ਦੇਖ ਰਿਹਾ ਹਾਂ। ਟੱਲੀ ਵੱਲ ਤਾਂ ਮੇਰੀਆਂ ਅੱਖਾਂ ਹੀ ਅੱਖਾਂ ਹਨ, ਅਸਲ ਵਿਚ ਮੇਰੇ ਦਿਮਾਗ਼ ਦੀ ਤੇਜ਼ ਘੁੰਮ ਰਹੀ ਚਰਖ਼ੜੀ ਤੇ ਇੱਕ ਖ਼ਾਸ ਚਿਹਰੇ ਦੀ ਰੀਲ ਚੜ੍ਹੀ ਹੋਈ ਹੈ। ਚਿਹਰਾ ਜੋ ਸ਼ਾਇਦ ਹੁਣੇ ਹੀ ਮੇਰੇ ਕੋਲ ਦੀ ਲੰਘ ਗਿਆ ਹੈ।

ਇਕਦਮ ਮੈਂ ਸਾਈਕਲ 'ਤੇ ਸਵਾਰ ਹੁੰਦਾ ਹਾਂ ਤੇ ਪੈਡਲਾਂ ਨੂੰ ਤੇਜ਼ ਤੇਜ਼ ਘੁਮਾਉਂਦਾ ਹਾਂ। ਰਸਤੇ ਵਿਚ ਆਉਂਦੇ ਜਾਂਦੇ ਸਭ ਇਸਤਰੀ ਚਿਹਰਿਆਂ 'ਤੇ ਮੇਰੀ ਨਿਗਾਹ ਪੋਚਾ ਦੇ ਰਹੀ ਹੈ। ਕੋਈ ਵੀ ਚਿਹਰਾ ਉਸ ਚਿਹਰੇ ਨਾਲ ਮਿਲਦਾ ਜੁਲਦਾ ਨਹੀਂ ਹੈ। ਠੰਡੇ ਪਾਣੀ ਦੀ ਖੂਹੀ ਕੋਲ ਜਾ ਕੇ ਮੈਂ ਸਾਈਕਲ ਤੋਂ ਉਤਰ ਜਾਂਦਾ ਹਾਂ, ਐਡੀ ਦੂਰ ਤਾਂ ਉਹ ਆ ਨਹੀਂ ਸਕਦੀ ਹੁਣ ਤੀਕ। ਪਰ ਫਿਰ ਸੋਚ ਦਾ ਘੋੜਾ ਸਰਪਟ ਦੌੜਦਾ ਹੈ, ਸ਼ਾਇਦ ਤੇਜ਼ ਕਦਮ ਪੁੱਟ ਲਏ ਹੋਣ ਉਸ ਨੇ ਸਾਈਕਲ ਦੇ ਪੈਡਲ 'ਤੇ ਪੱਬ ਰੱਖਦਾ ਹਾਂ ਤੇ ਕਿੰਨੇ ਹੀ ਅਣਜਾਣ ਚਿਹਰਿਆਂ ਵੱਲ ਬੇਲੋੜੇ ਧਿਆਨ ਨਾਲ ਦੇਖਦਾ ਹੋਇਆ 'ਗਾਂਧੀ ਰਿਕਸ਼ਾ ਸਟੈਂਡ' ਦੇ ਸਾਹਮਣੇ ਆ ਠਹਿਰਦਾ ਹਾਂ। ਮਨ ਵਿਚ ਹਲਕੀ ਜਿਹੀ ਸ਼ਰਾਰਤੀ ਪੁੱਛ ਪੈਦਾ ਹੋਈ ਹੈ, "ਕਿਉਂ ਜੀ, ਗਾਂਧੀ ਰਿਕਸ਼ਾ ਚਲਾਉਂਦਾ ਹੁੰਦਾ ਸੀ? ਮੈਂ ਤਾਂ ਪਿੱਪਲ ਵਾਲੀ ਪਾਨਾਂ ਦੀ ਦੁਕਾਨ ਤੋਂ ਸਿੱਧੀ ਸੜਕ ਠੰਡੇ ਪਾਣੀ ਵਾਲੀ ਖੂਹੀ ਤੀਕ ਤੇ ਫਿਰ ਉੱਥੋਂ ਸਿੱਧਾ ਹੀ ਰਿਕਸ਼ਾ ਸਟੈਂਡ ਤੀਕ ਸਾਈਕਲ ਦਾ ਚੱਕਰ ਚੂੰਢਾ ਬਣਾ ਲਿਆਇਆ ਹਾਂ, ਹੋ ਸਕਦਾ ਹੈ ਉਹ ਕਿਸੇ ਗਲੀ ਦਾ ਮੋੜ ਕੱਟ ਗਈ ਹੋਵੇ? ਗਲੀਆਂ ਵਿਚ ਹੁਣ ਕੌਣ ਭੌਂਕਦਾ ਫਿਰੇ। ਹੁਣ ਮੈਂ ਸਾਈਕਲ 'ਤੇ ਨਹੀਂ ਚੜ੍ਹਿਆ। ਸਾਈਕਲ ਨੂੰ ਘੜੀਸ ਰਿਹਾ ਹਾਂ। ਲੱਗਦਾ ਹੈ, ਸਾਈਕਲ ਕੁਝ ਭਾਰਾ ਹੋ ਗਿਆ ਹੈ। ਪਿੱਪਲ ਵਾਲੀ ਪਾਨਾਂ ਦੀ ਦੁਕਾਨ ਕੋਲ ਖੜ੍ਹਾ ਹੁਣ ਮੈਂ ਸੋਚ ਰਿਹਾ ਹਾਂ ਕਿ ਕੌੜੀਆਂ ਕੌੜੀਆਂ ਲੈਚੀਆਂ ਤੇ ਖੁਸ਼ਕ ਖੁਸ਼ਕ ਸਪਾਰੀ ਵਾਲਾ ਇੱਕ ਮਿੱਠਾ ਪਾਨ ਖਾਧਾ ਜਾਵੇ।

ਪਾਨ ਦਾ ਮਿੱਠਾ ਥੁੱਕ ਸੰਘੋ ਥੱਲੇ ਉਤਾਰਦਾ ਹਾਂ। ਸਦਰ ਬਜ਼ਾਰ ਵਿਚ ਕਿੰਨੇ ਹੀ ਜਾਣੇ ਪਹਿਚਾਣੇ ਲੋਕ ਕੋਲ ਦੀ ਲੰਘ ਰਹੇ ਹਨ।

'ਸ਼ਰਨਾਰਥੀ ਵਧ ਰਹੇ ਹਨ।' ਮੈਂ ਕਹਿੰਦਾ ਹਾਂ ਤੇ ਪਾਨ ਦੀ ਪੀਕ ਉਸ ਦੇ ਪੈਰਾਂ ਵਿਚ ਸੁੱਟਣ ਦੀ ਕੋਸ਼ਿਸ਼ ਕਰਦਾ ਹਾਂ। ਬਿਨਾਂ ਹੱਥ ਮਿਲਾਏ ਹੀ ਉਹ ਅਗਾਂਹ ਤੁਰ ਜਾਂਦਾ ਹੈ। ਪਾਨ ਦੀ ਪੀਕ ਹੁਣ ਇੱਕ ਬੁੱਕ ਸੈਲਰ ਦੇ ਪੈਰਾਂ ਕੋਲ ਥੁੱਕੀ ਗਈ ਹੈ। ਉਸ ਦੇ ਦੁੱਧ ਚਿੱਟੇ ਪਜਾਮੇ ਦੇ ਪੋਂਚਿਆਂ 'ਤੇ ਦੋ ਤਿੰਨ ਲਾਲ ਛਿੱਟੇ ਜਾ ਚਿਪਕੇ ਹਨ। ਉਸ ਨੇ ਨੱਕ ਸੁਕੇੜਿਆ ਹੈ। ਪਰ ਦੂਜੇ ਬਿੰਦ ਹੀ ਉਸ ਨੇ ਹਾਸੇ ਦਾ ਠਹਾਕਾ ਲਾਇਆ ਹੈ ਤੇ ਮੈਨੂੰ ਜੱਫ਼ੀ ਪਾ ਕੇ ਮੇਰਾ ਹਾਲ ਚਾਲ ਪੁੱਛਿਆ ਹੈ। ਮੇਰੇ ਬੱਚਿਆਂ ਦੀ, ਮੇਰੇ ਘਰ ਵਾਲੀ ਦੀ ਸੁੱਖ ਸਾਂਦ ਪੁੱਛੀ ਹੈ। ਤੇ ਫਿਰ ਮੁਸਕਰਾਹਟ, ਦਾ ਖੋਲ ਪਹਿਨ ਕੇ ਹੀ ਪੁੱਛਿਆ, 'ਮਾਸਟਰ ਜੀ, ਉਹ ਟੈਸਟ ਪੇਪਰ? ਕਰ ਦਿਓ ਕਿਰਪਾ ਫੇਰ ਹੁਣ।' ਅੱਖਾਂ ਮੀਚ ਕੇ ਮੈਂ ਹਾਮੀ ਭਰਦਾ ਹਾਂ। ਬੁੱਕ ਸੈਲਰ ਮੈਨੂੰ ਜੱਫ਼ੀ ਪਾਉਂਦਾ ਹੈ ਤੇ ਹਾਸੇ ਦਾ ਠਹਾਕਾ ਮਾਰ ਕੇ ਭੀੜ ਵਿਚ ਗੁਆਚ ਜਾਂਦਾ ਹੈ। ਕਿੰਨੇ ਹੀ ਬੰਦੇ ਕੋਈ ਨਾ ਕੋਈ ਗੱਲ ਕਰਕੇ ਲੰਘੇ ਹਨ। ਟੀਚਰ ਯੂਨੀਅਨ ਦੀ ਏਕਤਾ, ਕੁਠਾਰੀ ਕਮਿਸ਼ਨ ਦੀਆਂ ਤਰੁਟੀਆਂ, ਅੰਤਰਮ ਸਹਾਇਤਾ ਤੇ 'ਸ਼ਿਮਲਾ ਕਲਾਥ

ਭੀੜ ਵਿੱਚ ਗੁਆਚਿਆ ਚਿਹਰਾ
55