ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੌੜ ਰਹੀ ਅੱਗ

ਢਾਕਾ ਦੀ ਇੱਕ ਟੁੱਟੀ ਸੜਕ 'ਤੇ ਉਹ ਭੱਜੀ ਜਾ ਰਹੀ ਹੈ। ਸੜਕ ਕਿੱਧਰ ਨੂੰ ਜਾ ਰਹੀ ਹੈ, ਉਸ ਨੂੰ ਕੋਈ ਪਤਾ ਨਹੀਂ। ਉਹ ਆਪ ਕਿੱਥੋਂ ਆਈ ਹੈ, ਇਹ ਵੀ ਉਸ ਨੂੰ ਪਤਾ ਨਹੀਂ। ਉਹ ਤਾਂ ਬੱਸ ਭੱਜ ਰਹੀ ਹੈ। ਕਿਸੇ ਡਰਾਉਣੇ ਖਿਆਲ ਦਾ ਪਿੱਛਾ ਛੁਡਾਉਣ ਲਈ। ਉਹ ਪਾਗ਼ਲ ਹੈ। ਇੱਕ ਬਹੁਤ ਵੱਡੀ ਨਮੋਸ਼ੀ ਦਾ ਖਿਆਲ ਉਸ ਦਾ ਪਿੱਛਾ ਨਹੀਂ ਛੱਡ ਰਿਹਾ, ਏਸੇ ਕਰਕੇ ਤਾਂ ਉਹ ਪਾਗ਼ਲ ਹੋ ਗਈ ਹੈ।

ਗਲ-ਤੇੜ ਪਹਿਨੀ ਵੱਡੇ ਵੱਡੇ ਫੁੱਲਾਂ ਵਾਲੀ ਸਾੜ੍ਹੀ ਕਈ ਥਾਵਾਂ ਤੋਂ ਫਟੀ ਹੋਈ ਹੈ ਤੇ ਮੈਲੀ ਵੀ। ਥਾਂ ਥਾਂ 'ਤੇ ਖੂਨ ਦੇ ਧੱਬੇ। ਸਿਰ ਦੇ ਵਾਲ ਬਿਖਰੇ ਬਿਖਰੇ ਅੱਧ ਖੋਹੇ, ਅੱਧ ਟੁੱਟੇ। ਵਾਰ ਵਾਰ ਉਹ ਉਨ੍ਹਾਂ ਨੂੰ ਪਿੱਛੇ ਸੁੱਟਦੀ ਹੈ, ਪਰ ਉਹ ਫਿਰ ਮੱਥੇ 'ਤੇ ਆ ਡਿੱਗਦੇ, ਅੱਖਾਂ ਨੂੰ ਢਕ ਲੈਂਦੇ ਸਨ। ਮੂੰਹ ਧੁਆਂਖਿਆ ਹੋਇਆ ਹੈ। ਅੱਖਾਂ ਵਿਚ ਲਾਲੀ ਹੈ। ਜਿਵੇਂ ਲਹੂ ਦੇ ਅੱਥਰੁ ਰੋ ਕੇ ਹਟੀ ਹੋਵੇ। ਪੇਟ ਤੇ ਜਦ ਉਸ ਦਾ ਹੱਥ ਟਿਕਦਾ ਹੈ, ਅੰਦਰ ਦੀ ਚਿਣਗ ਹੋਰ ਭਖਦੀ ਹੈ ਤਾਂ ਉਸ ਦਾ ਧਿਆਨ ਉੱਖੜ ਜਾਂਦਾ ਹੈ ਤੇ ਪਾਗਲਪਨ ਦਾ ਦੌਰਾ ਤੇਜ਼ ਹੋ ਜਾਂਦਾ ਹੈ। ਉਹ ਹੋਰ ਤੇਜ਼ ਭੱਜਦੀ ਹੈ। ਕਿਸੇ ਦੇ ਰੋਕਿਆਂ ਉਹ ਰੁਕਦੀ ਨਹੀਂ। ਉਸ ਦੇ ਪਿੱਛੇ ਵੀ ਤਾਂ ਕੋਈ ਨਹੀਂ ਆ ਰਿਹਾ। ਭਾਰਤੀ ਫ਼ੌਜ ਦਾ ਇੱਕ ਸਿਪਾਹੀ ਉਸ ਨੂੰ ਦੇਖਦਾ ਹੈ। ਇੱਕ ਬੁੱਢੀ ਦੇ ਕਹਿਣ 'ਤੇ ਉਸ ਨੂੰ ਡੌਲਿਓਂ ਜਾ ਵੜਦਾ ਹੈ। ਉਹ ਉੱਚੀ ਦੇ ਕੇ ਚੀਕ ਮਾਰਦੀ ਹੈ ਤੇ ਸਿਪਾਹੀ ਦੀ ਬਾਂਹ 'ਤੇ ਬੁਰਕ ਭਰ ਲੈਂਦੀ ਹੈ। ਸਿਪਾਹੀ ਉਸ ਦੇ ਡੌਲੇ ਨੂੰ ਛੱਡ ਦਿੰਦਾ ਹੈ। ਹੈਰਾਨ ਹੋਇਆ ਖੜ੍ਹਾ ਦੇਖਦਾ ਰਹਿੰਦਾ ਹੈ। ਉਹ ਭੱਜੀ ਜਾ ਰਹੀ ਹੈ।

* * *

ਸਲਮਾ ਇੱਕ ਦਰਮਿਆਨੇ ਜਿਹੇ ਘਰ ਦੀ ਲੜਕੀ ਹੈ। ਉਹ ਤੇ ਉਹ ਦਾ ਵੱਡਾ ਭਰਾ ਕਾਲਜ ਵਿਚ ਪੜ੍ਹਦੇ ਸਨ। ਮੁਜੀਬ ਨੂੰ ਕੈਦ ਕਰ ਲਿਆ ਗਿਆ ਸੀ। ਤੇ ਪੂਰਬੀ ਬੰਗਾਲ ਵਿਚ ਪਾਕਿਸਤਾਨ ਫੌਜਾਂ ਆ ਗਈਆਂ ਸਨ। ਕਾਲਜਾਂ ਦੇ ਮੁੰਡੇ ਤੇ ਕੁੜੀਆਂ ਆਪਣੀ ਪੜ੍ਹਾਈ ਨੂੰ ਵਿਚੇ ਛੱਡ ਕੇ ਮੁਕਤੀ ਵਾਹਿਣੀ ਵਿਚ ਸ਼ਾਮਲ ਹੋ ਗਏ ਸਨ। ਸਲਮਾ ਤੇ ਉਸ ਦਾ ਵੱਡਾ ਭਰਾ ਵੀ। ਸਲਮਾ ਦਾ ਅੱਬਾ ਤੇ ਮਾਂ ਕਤਲ ਕਰ ਦਿੱਤੇ ਗਏ ਸਨ। ਭਰਾ ਲੜਦਾ ਹੋਇਆ ਮਾਰਿਆ ਗਿਆ ਸੀ। ਸਲਮਾ ਪਾਕਿਸਤਾਨੀ ਸਿਪਾਹੀਆਂ ਦੇ ਕਬਜ਼ੇ ਵਿਚ ਆ ਗਈ ਸੀ। ਸਲਮਾ ਵਰਗੀਆਂ ਹੋਰ ਕਿੰਨੀਆਂ ਹੀ ਲੜਕੀਆਂ।

ਸਲਮਾ ਦਾ ਅੱਬਾ ਇੱਕ ਸਕੂਲ ਟੀਚਰ ਸੀ। ਉਹ ਚਾਹੁੰਦਾ ਸੀ ਕਿ ਉਹ ਆਪਣੇ ਲੜਕੇ ਨੂੰ ਕਾਫ਼ੀ ਸਾਰਾ ਪੜ੍ਹਾ ਕੇ ਕਿਸੇ ਚੰਗੀ ਨੌਕਰੀ 'ਤੇ ਪਹੁੰਚਾਵੇਗਾ। ਸਲਮਾ ਨੂੰ ਬੀ.

ਦੌੜ ਰਹੀ ਅੱਗ

59