ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਜਦੋਂ ਖੇਡ ਰਹੇ ਹੁੰਦੇ, ਖਾਲਿਕ ਦੂਰ ਖੜ੍ਹਾ ਮੈਨੂੰ ਦੇਖਦਾ ਰਹਿੰਦਾ। ਉਹ ਮੇਰੇ ਨਾਲ ਉੱਥੇ ਤੱਕ ਆਉਂਦਾ ਜ਼ਰੂਰ। ਜਿੰਨਾ ਚਿਰ ਮੈਂ ਖੇਡਦਾ, ਖਾਲਿਕ ਦਰ ਖੜ੍ਹ ਕੇ ਮੈਨੂੰ ਦੇਖਦਾ ਤੇ ਫੇਰ ਉੱਥੋਂ ਛੁੱਟੀ ਹੋਣ ਬਾਅਦ ਉਹ ਮੇਰੇ ਨਾਲ ਹੋ ਲੈਂਦਾ। ਮੈਨੂੰ ਤਾਂ ਬੱਸ ਐਨਾ ਹੀ ਪਤਾ ਸੀ ਤੇ ਇਹ ਖਾਲਿਕ ਵੀ ਜਾਣਦਾ ਸੀ ਕਿ ਉਹ ਸਾਡੇ ਨਾਲ ਉੱਥੇ ਇਹ ਵਧੀਆ ਵਧੀਆ ਖੇਡਾਂ ਕਿਉਂ ਨਹੀਂ ਖੇਡ ਸਕਦਾ। ਉਹ ਇਸ ਕਰਕੇ ਕਿ ਮਾਸਟਰ ਨੇ ਜੋ ਲਿਸਟ ਬਣਾਈ ਸੀ, ਉਸ ਵਿਚ ਖਾਲਿਕ ਦਾ ਨਾਉਂ ਨਹੀਂ ਸੀ। ਇੱਕ ਦਿਨ ਮਾਸਟਰ ਨੂੰ ਮੈਂ ਆਖਿਆ ਵੀ ਸੀ, "ਖਾਲਿਕ ਨੂੰ ਵੀ ਖਢਿਆ ਲਿਆ ਕਰੋ ਜੀ।"

ਮਾਸਟਰ ਪਹਿਲਾਂ ਤਾਂ ਮੇਰੇ ਵੱਲ ਕੌੜਾ ਕੌੜਾ ਝਾਕਿਆ, ਫੇਰ ਸਮਝੌਤੀ ਜਿਹੀ ਨਾਲ ਜਵਾਬ ਦਿੱਤਾ, "ਨਹੀਂ ਬੇਟੇ, ਉਹ ਨਹੀਂ ਤੁਹਾਡੇ 'ਚ ਆ ਸਕਦਾ। ਉੱਥੇ ਬੱਸ ਉਹੀ ਲੜਕੇ ਖੇਡ ਸਕਦੇ ਐ, ਜਿਨ੍ਹਾਂ ਦੀ ਮੈਂ ਲਿਸਟ ਬਣਾਈ ਸੀ।"

ਕਿਉਂ ਜੀ, ਕਹਿਣ ਦੀ ਮੇਰੇ ਵਿਚ ਹਿੰਮਤ ਨਹੀਂ ਸੀ। ਇਹ ਤਾਂ ਐਨੀ ਹੀ ਗੱਲ ਸੀ। ਹੁਣ ਤਾਂ ਉਹ ਗੱਲ ਸੁਣੋ, ਜਿਹੜੀ ਮੈਂ ਤੁਹਾਨੂੰ ਪਹਿਲਾਂ ਸੁਣਾਉਣ ਲੱਗਿਆ ਸੀ। ਤੁਸੀਂ ਇਸ ਨੂੰ ਲਤੀਫ਼ਾ ਸਮਝ ਲੈਣਾ, ਮੈਂ ਆਪਣੀ ਬੇਅਦਬੀ ਸਮਝਾਂਗਾ।

ਪਰ ਮੈਂ ਤੁਹਾਨੂੰ ਆਪਣੇ ਬਾਰੇ ਤਾਂ ਦੱਸ ਦਿਆਂ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਜ਼ਾਤ ਦਾ ਖੱਤਰੀ ਹਾਂ। ਮੇਰਾ ਨਾਂ ਹਿੰਦੂਆਂ ਵਰਗਾ ਹੈ। ਤੁਸੀਂ ਦੇਖਦੇ ਹੀ ਹੋ, ਮੈਂ ਕੇਸ ਦਾੜ੍ਹੀ ਰੱਖਦਾ ਹਾਂ। ਪਗੜੀ ਬੰਨ੍ਹਦਾ ਹਾਂ। ਸੱਜੇ ਹੱਥ ਵਿਚ ਲੋਹੇ ਦਾ ਕੜਾ ਪਹਿਨਦਾ ਹਾਂ। ਸਿਗਰਟ ਨਹੀਂ ਪੀਂਦਾ, ਪਰ ਮੇਰਾ ਧਰਮ ਕੋਈ ਨਹੀਂ।

-"ਵਾਹ, ਤੇਰਾ ਧਰਮ ਕੋਈ ਨਹੀਂ?" ਤੁਹਾਡੇ ਵਿਚੋਂ ਇੱਕ ਜਣੇ ਨੇ ਕਿਹਾ ਹੈ।

-"ਹਾਂ ਜਨਾਬ, ਦਾੜ੍ਹੀ ਕੇਸ ਤਾਂ ਮੈਂ ਏਸ ਕਰਕੇ ਰੱਖੇ ਹੋਏ ਹਨ, ਕਿਉਂਕਿ ਮੇਰਾ ਬਾਪ ਦਾੜ੍ਹੀ ਕੇਸਾਂ ਵਾਲਾ ਸੀ। ਉਹ ਪਗੜੀ ਬੰਨ੍ਹਦਾ ਹੁੰਦਾ, ਮੈਂ ਪਗੜੀ ਬੰਨ੍ਹਦਾ ਹਾਂ। ਫ਼ਰਕ ਐਨਾ, ਮੇਰਾ ਬਾਪ ਧਾਰਮਿਕ ਆਦਮੀ ਸੀ।"

-"ਤੂੰ ਤਾਂ ਫੇਰ ਨਾਸਤਕ ਹੋਇਆ।" ਤੁਸੀਂ ਆਖ ਲਵੋ।

-"ਹਾਂ ਭਾਈ ਸਾਅਬ, ਮੈਂ ਤਾਂ ਨਾਸਤਿਕ ਆਂ। ਪਰ ਨਾਸਤਿਕ ਹੋਣਾ ਵੀ ਜੇ ਕੋਈ ਧਰਮ ਐ ਤਾਂ ਮੈਂ ਉਹ ਨਹੀਂ।"

-"ਹੈਂ ਚਾਲਾਂ ਕਰਦਾ।" ਆਖੋ ਆਖੋ। ਤੁਸੀਂ ਕਹਿੰਦੇ ਹੋ, "ਤੂੰ ਹਿੰਦੂ ਵੀ ਨਹੀਂ, ਸਿੱਖ ਵੀ ਨਹੀਂ, ਹੋਰ ਤੂੰ ਮੁਸਲਮਾਨ ਐਂ ਜਾਂ ਮਜ੍ਹਬੀ ਐਂ?

ਮੈਂ ਕਹਿੰਦਾ ਹਾਂ-"ਮੁਸਲਮਾਨ ਤੇ ਮਜ੍ਹਬੀ ਵੀ ਤਾਂ ਮਨੁੱਖ ਹੁੰਦੇ ਐ। ਮੈਂ ਤਾਂ ਬੱਸ ਇੱਕ ਮਨੁੱਖ ਆਂ।

ਤੁਸੀਂ ਹੱਸ ਰਹੇ ਹੋ। ਅਗਿਆਨੀ ਲੋਕ ਹੱਸਿਆ ਹੀ ਕਰਦੇ ਹਨ।

-"ਅਗਿਆਨੀ ਅਸੀਂ ਨਹੀਂ। ਅਗਿਆਨੀ ਤੂੰ ਆਪ ਐਂ। ਕਿਸੇ ਦਾ ਔਖਾ ਬੋਲ।-ਅਖੇ-ਮੇਰਾ ਧਰਮ ਕੋਈ ਨਹੀਂ।" ਮਖੌਲ ਉਡਾਇਆ ਹੈ।

"ਹਾਂ, ਠੀਕ ਐ ਫੇਰ। ਇਹ ਦੇ ਵਿਚ ਖਿਝਣ ਵਾਲੀ ਕਿਹੜੀ ਗੱਲ ਐ? ਜਦੋਂ ਮੇਰਾ ਰੱਬ ਵਿਚ ਹੀ ਕੋਈ ਵਿਸ਼ਵਾਸ ਨਹੀਂ ਤਾਂ ਮੇਰਾ ਧਰਮ ਕਿਹੜਾ ਹੋਇਆ।"

"ਕਿਉਂ, ਕਿਉਂ ਨਹੀਂ ਰੱਬ ਵਿਚ ਤੇਰਾ ਵਿਸ਼ਵਾਸ?" ਇਕ ਆਦਮੀ ਅੱਖਾਂ ਲਾਲ ਕਰਦਾ ਹੈ।

66
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ