ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

-"ਲਤੀਫ਼ਾ ਇਹ ਹੈ, ਹਾਂ-ਇਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹਾਂ ਕਿ ਮੇਰਾ ਧਰਮ ਕੋਈ ਨਹੀਂ। ਨਾ ਹਿੰਦੂ, ਨਾ ਸਿੱਖ। ਪਰ ਅੰਮ੍ਰਿਤਸਰ ਦੇ ਨੀਲਾ ਤਾਰਾ ਅਪ੍ਰੇਸ਼ਨ ਤੋਂ ਪਹਿਲਾਂ ਮੇਰੇ ਇਲਾਕੇ ਵਿਚ ਮੈਨੂੰ ਕਿਧਰੇ ਵੀ ਹਿੰਦੂ ਸਮਝ ਕੇ ਕਤਲ ਕੀਤਾ ਜਾ ਸਕਦਾ ਸੀ। ਇੰਦਰਾ ਗਾਂਧੀ ਦੇ ਕਤਲ ਬਾਅਦ ਮੈਂ ਦਿੱਲੀ ਗਿਆ ਹੁੰਦਾ ਤਾਂ ਸਿੱਖ ਸਮਝਿਆ ਜਾਣ ਕਰਕੇ ਉੱਥੇ ਵੀ ਸਾੜਿਆ ਫੂਕਿਆ ਜਾ ਸਕਦਾ ਸੀ।"

"ਇਹ ਲਤੀਫ਼ਾ ਸੁਣਾ ਰਿਹਾ ਐਂ? ਫੇਰ ਓਹੀ ਗੱਲਾਂ।"

-"ਨਹੀਂ, ਲਤੀਫ਼ਾ ਹੁਣ ਸ਼ੁਰੂ ਹੁੰਦਾ ਹੈ, ਸੁਣੋ ਤਾਂ ਸਹੀ। ਸਾਡੇ ਸਕੂਲ ਵਿਚ ਜਿੱਥੇ ਮਾਸਟਰ ਆਂ, ਪੰਗਾਂ ਵਾਲੇ ਮਾਸਟਰ ਵੀ ਨੇ ਤੇ ਮੋਨੇ ਵੀ। ਪੰਜਾਬ ਵਿਚ ਤੁਸੀਂ ਦੇਖਦੇ ਹੀ ਹੋ, ਹਵਾ ਕਿਹੀ ਵਗੀ ਹੋਈ ਹੈ। ਚਾਰ ਪੰਜ ਮੋਨੇ ਮਾਸਟਰ ਸਿਰ ਜੋੜ ਕੇ ਘੁਸਰ ਮੁਸਰ ਕਰਦੇ ਹੋਣ, ਅਚਾਨਕ ਮੈਂ ਉਨ੍ਹਾਂ ਕੋਲ ਜਾ ਖੜ੍ਹਾਤਾਂ ਉਹ ਮੇਰੀ ਪੱਗ ਦੇਖ ਕੇ ਇਕਦਮ ਚੁੱਪ ਹੋ ਜਾਂਦੇ ਹਨ। ਪਰ ਇੱਕ ਬਿੰਦ ਕੁਝ ਸੋਚ ਕੇ ਫੇਰ ਉਹੀ ਗੱਲਾਂ ਕਰਨ ਲੱਗਦੇ ਹਨ। ਚਾਰ ਪੰਜ ਪੰਗਾਂ ਵਾਲੇ ਮਾਸਟਰ ਸਿਰ ਜੋੜ ਕੇ ਘਸਰ ਮੁਸਰ ਕਰਦੇ ਹੋਣ, ਅਚਾਨਕ ਮੈਂ ਉਨਾਂ ਕੋਲ ਜਾ ਖੜਾਂ ਤਾਂ ਉਹ ਮੇਰੀ ਪੱਗ ਦੇਖ ਕੇ ਆਪਣੀ ਘੁਸਰ ਮੁਸਰ ਜਾਰੀ ਰੱਖਦੇ ਨੇ। ਪਰ ਇੱਕ ਬਿੰਦ ਕੁਝ ਸੋਚ ਕੇ ਚੁੱਪ ਹੋ ਜਾਂਦੇ ਨੇ ਤੇ ਹੋਰ ਹੀ ਗੱਲਾਂ ਕਰਨ ਲੱਗ ਪੈਂਦੇ ਹਨ।

ਤੁਸੀਂ ਪਹਿਲਾਂ ਹੱਸੇ ਹੋ, ਫੇਰ ਚੁੱਪ। ਤੁਹਾਡੀ ਇਸ ਚੁੱਪ ਵਿਚ ਮੈਂ ਵੀ ਸ਼ਾਮਲ ਹਾਂ। ਲਤੀਫ਼ਾ ਸਮਝ ਕੇ ਹੱਸੇ ਸੀ ਨਾ। ਤੁਹਾਡੀ ਚੁੱਪ 'ਤੇ ਮੈਨੂੰ ਤਸੱਲੀ ਹੋ ਚੁੱਕੀ ਹੈ ਕਿ ਤੁਸੀਂ ਵੀ ਮੇਰੇ ਵਾਂਗ ਹੀ ਸੋਚਿਆ ਹੈ। ਮਨੁੱਖ ਦੀ ਬੇਅਦਬੀ ਨੂੰ ਤੁਸੀਂ ਵੀ ਸਮਝੇ ਹੋ।

ਮੈਂ ਹੀ ਬੋਲਦਾ ਹਾਂ-"ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿੰਦਾ ਹੁੰਦਾ ਸੀ ਕਿ ਪੰਜਾਬ ਵਿਚ ਹਿੰਦੂ-ਸਿੱਖ ਫ਼ਸਾਦ ਕਦੇ ਹੋ ਹੀ ਨਹੀਂ ਸਕਦੇ। ਕਿਉਂ? ਪੰਜਾਬ ਵਿਚ ਧਰਮ ਇੱਕ ਨੰਬਰ ਤੇ ਨਹੀਂ ਆਉਂਦਾ ਜਾਤ ਪਾਤ ਇੱਕ ਨੰਬਰ 'ਤੇ ਆਉਂਦੀ ਹੈ। ਕਿਸੇ ਨੂੰ ਵੀ ਹਿੰਦੂ-ਸਿੱਖ ਹੋਣ ਨਾਲੋਂ ਆਪਣੀ ਜ਼ਾਤ ਪਹਿਲਾਂ ਯਾਦ ਹੁੰਦੀ ਹੈ। ਪੰਜਾਬ ਵਿਚ ਜੱਟਾਂ ਤੇ ਬਾਣੀਆਂ ਨੂੰ ਛੱਡ ਕੇ ਬਾਕੀ ਕੁਲ ਜਾਤਾਂ, ਕਿਸੇ ਵੀ ਜਾਤ ਦੇ ਇੱਕੋ ਟੱਬਰ ਵਿਚ ਪਿਓ ਹਿੰਦੂ ਹੈ ਤੇ ਪੁੱਤ ਸਿੱਖ। ਇੱਕ ਭਰਾ ਹਿੰਦੂ, ਦੂਜਾ ਸਿੱਖ। ਸਿੱਖਾਂ ਦੀ ਕੁੜੀ ਨੂੰ ਹਿੰਦੂ ਜਵਾਈ ਵਿਆਹੁਣ ਢੁਕ ਪੈਂਦਾ ਹੈ। ਹਿੰਦੂ ਕੁੜੀ ਦਾ ਪਤੀ ਸਿੱਖ ਬਣ ਜਾਂਦਾ ਹੈ। ਅੰਤਰ ਜਾਤੀ ਵਿਆਹਾਂ ਵਿਚ ਹਿੰਦੂ ਸਿੱਖ ਹੋਣ ਦਾ ਕੋਈ ਫ਼ਰਕ ਨਹੀਂ ਦੇਖਿਆ ਜਾਂਦਾ। ਗੱਲ ਕੀ ਜਿਨ੍ਹਾਂ ਲੋਕਾਂ ਵਿਚ ਰੋਟੀ ਬੇਟੀ ਦੀ ਸਾਂਝ ਹੋਵੇ, ਜਿਨ੍ਹਾਂ ਦੇ ਸਾਰੇ ਧਾਰਮਿਕ ਗ੍ਰੰਥ ਸਾਂਝੇ ਹੋਣ ਤੇ ਇਹ ਇੱਕੋ ਜਿੰਨੀ ਸ਼ਰਧਾ ਨਾਲ ਮੰਨੇ ਪੜੇ ਜਾਂਦੇ ਹੋਣ, ਉਹ ਕਿਵੇਂ ਇੱਕ ਦੂਜੇ ਨੂੰ ਕਤਲ ਕਰ ਸਕਣਗੇ। ਪਰ ਵਕਤ ਦੀ ਅਤਿ ਘਟੀਆ ਤੇ ਗੰਦੀ ਰਾਜਨੀਤੀ ਨੇ ਕੁਝ ਅਜਿਹੀਆਂ ਚਾਲਾਂ ਚੱਲੀਆਂ ਕਿ ਚੰਗੇ ਭਲੇ ਵੱਸਦੇ ਪੰਜਾਬੀਆਂ ਨੂੰ ਹਿੰਦੂ-ਸਿੱਖ ਬਣਾ ਕੇ ਰੱਖ ਦਿੱਤਾ। ਮਨਾਂ ਵਿਚ ਫ਼ਰਕ ਤਾਂ ਪੈ ਗਿਆ।"

-"ਇਹ ਬਾਹਰੋਂ ਘੁਸਪੈਠ ਹੋਈ ਐ।" ਤੁਹਾਡੇ ਵਿਚੋਂ ਹੀ ਕੋਈ ਬੋਲਿਆ ਹੈ।

-"ਹਾਂ ਹਾਂ ਹੁਣ ਖੁੱਲ੍ਹੋ। ਜਾਣਦੇ ਓ, ਸਮਝਦੇ ਓ ਸਭ।" ਮੇਰੀ ਤਸੱਲੀ।

-"ਅਮਰੀਕੀ ਸਾਮਰਾਜ ਨੂੰ ਸਾਡੀ ਨਿਰਪੱਖ ਨੀਤੀ ਹਮੇਸ਼ਾ ਚੁੱਭਦੀ ਰਹੀ ਐ। ਆਪਣੇ ਹੱਥ ਠੋਕੇ ਪਾਕਿਸਤਾਨ ਨੂੰ ਆਧੁਨਿਕ ਹਥਿਆਰਾਂ ਨਾਲ ਲੈੱਸ ਕਰਕੇ ਭਾਰਤ

68

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ