ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਜ਼ਗਾਰ

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਮਾਸਟਰ ਜੰਗੀਰ ਸਿੰਘ ਆਪਣੀ ਕਿਤਾਬ ਛਪਵਾ ਰਿਹਾ ਸੀ। ਇੱਕੋ ਇੱਕ ਕਿਤਾਬ, ਪਹਿਲੀ ਤੇ ਆਖ਼ਰੀ। ਉਸ ਨੇ ਸਾਰੀ ਉਮਰ ਕਵਿਤਾਵਾਂ ਲਿਖੀਆਂ ਸਨ। ਹੁਣ ਉਹ ਦੀ ਉਮਰ ਪੰਜਾਹ ਸਾਲ ਦੀ ਹੋ ਚੁੱਕੀ ਸੀ। ਉਸ ਕੋਲ ਗੀਤਾਂ ਤੇ ਗ਼ਜ਼ਲਾਂ ਦਾ ਇੱਕ ਢੇਰ ਹੀ ਤਾਂ ਸੀ। ਕਿੰਨੇ ਹੀ ਸਾਲ ਉਹਨੇ ਇਹ ਕਵਿਤਾਵਾਂ ਸਟੇਜਾਂ ਤੇ ਪੜ੍ਹਕੇ ਸੁਣਾਈਆਂ ਸਨ ਤੇ ਲੋਕਾਂ ਤੋਂ ਵਾਹਵਾ ਖੱਟੀ ਸੀ। ਯਾਰਾਂ ਦੀ ਮਹਿਫ਼ਲ ਵਿਚ ਉਹ ਨੂੰ ਜ਼ਰੂਰ ਸੁਣਿਆ ਜਾਂਦਾ। ਕਿੰਨੇ ਹੀ ਬੰਦਿਆਂ ਨੂੰ ਉਹ ਦੇ ਗੀਤਾਂ ਤੇ ਗਜ਼ਲਾਂ ਦੀਆਂ ਲਾਈਨਾਂ ਜ਼ਬਾਨੀ ਯਾਦ ਸਨ। ਤੇ ਫੇਰ ਇਸ ਉਮਰ ਵਿਚ ਉਹ ਦੇ ਯਾਰ ਮਿੱਤਰ ਉਹ ਨੂੰ ਜ਼ੋਰ ਦੇ ਰਹੇ ਸਨ ਕਿ ਉਹ ਆਪਣੀ ਕਿਤਾਬ ਛਪਵਾਏ ਤਾਂ ਕਿ ਘਰ ਘਰ ਤੱਕ ਇਹ ਕਵਿਤਾਵਾਂ ਪਹੁੰਚ ਸਕਣ। ਉਹ ਦੀ ਮੌਤ ਤੋਂ ਬਾਅਦ ਵੀ ਉਹ ਦੀਆਂ ਰਚਨਾਵਾਂ ਸਾਂਝੀਆਂ ਰਹਿ ਸਕਣ। ਤੇ ਫੇਰ ਮਾਸਟਰ ਜੰਗੀਰ ਸਿੰਘ ਦੇ ਦੋ ਵਿਦਿਆਰਥੀਆਂ ਨੇ ਉਹ ਦੀਆਂ ਨੋਟ ਬੁੱਕਾਂ ਦਾ ਬਸਤਾ ਚੁੱਕਿਆ ਸੀ ਤੇ ਉਨ੍ਹਾਂ ਵਿਚੋਂ ਇੱਕ ਸੌ ਇੱਕ ਰਚਨਾ ਛਾਂਟ ਲਈ ਸੀ। ਸੱਠ ਗੀਤ ਤੇ ਇਕਤਾਲੀ ਗ਼ਜ਼ਲਾਂ। ਮਾਸਟਰ ਦੇ ਇਹ ਦੋਵੇਂ ਵਿਦਿਆਰਥੀ ਕਵਿਤਾ ਨਾਲ ਡੂੰਘੀ ਮੱਸ ਰੱਖਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐੱਮ. ਏ. ਕਰਕੇ ਆਏ ਸਨ।

ਮਾਸਟਰ ਜੰਗੀਰ ਸਿੰਘ ਨੇ ਆਪਣਾ ਕਾਵਿ ਸੰਗ੍ਰਹਿ ਛਪਵਾਉਣ ਲਈ ਪੰਜਾਬੀ ਦੇ ਸਭ ਪਬਲਿਸ਼ਰਾਂ ਕੋਲ ਪਹੁੰਚ ਕੀਤੀ ਸੀ। ਵੱਡੇ ਤੋਂ ਲੈ ਕੇ ਛੋਟਾ ਪਬਲਿਸ਼ਰ। ਪੰਜਾਬੀ ਵਿਚ ਪਬਲਿਸ਼ਰ ਸਨ ਵੀ ਕਿੰਨੇ ਕੁ, ਮਸਾਂ ਇੱਕ ਦਰਜਨ। ਕਿਸੇ ਨੇ ਵੀ ਉਹ ਦੀ ਗੱਲ ਨਹੀਂ ਸੁਣੀ ਸੀ। ਕੋਈ ਕਹਿੰਦਾ ਸੀ-ਪੰਜਾਬੀ ਦੀਆਂ ਕਿਤਾਬਾਂ ਵਿਕਦੀਆਂ ਹੀ ਨਹੀਂ। ਕੋਈ ਕਹਿੰਦਾ ਸੀ-ਪੰਜਾਬੀ ਵਿਚ ਤਾਂ ਨਾਵਲ ਵਿਕਦੇ ਨੇ, ਨਾਵਲ ਲਿਖੋ ਜੀ ਕੋਈ। ਕਵਿਤਾ ਦੀ ਕਿਤਾਬ ਕੌਣ ਖਰੀਦਦਾ ਹੈ ਜੀ। ਅੰਮ੍ਰਿਤਸਰ ਦੇ ਇੱਕ ਪਬਲਿਸ਼ਰ ਨੇ ਉਹ ਦੇ ਕੋਲੋਂ ਦੋ ਹਜ਼ਾਰ ਰੁਪਿਆ ਮੰਗਿਆ ਸੀ। ਅਸਲ ਵਿਚ ਇਹ ਰਿਵਾਜ਼ ਹੀ ਪੈ ਚੁੱਕਿਆ ਸੀ ਕਿ ਨਵੇਂ ਲੇਖਕਾਂ ਤੇ ਅਸਥਾਪਿਤ ਪੁਰਾਣੇ ਲੇਖਕਾਂ ਤੋਂ ਮਨ ਮਰਜ਼ੀ ਦੇ ਪੈਸੇ ਲੈ ਕੇ ਪਬਲਿਸ਼ਰ ਉਨ੍ਹਾਂ ਦੀਆਂ ਕਿਤਾਬਾਂ ਛਾਪਦੇ। ਬਹੁਤਾ ਤਾਂ ਲਹੁ ਮੂੰਹ ਲਵਾਇਆ, ਬਦੇਸ਼ਾਂ ਵਿਚ ਵੱਸਦੇ ਕੱਚ-ਘਰੜ ਲਿਖਾਰੀਆਂ ਨੇ। ਉਹ ਦੋ ਚਾਰ ਸਾਲਾਂ ਬਾਅਦ ਪੰਜਾਬ ਆਉਂਦੇ ਤੇ ਪੰਜ ਪੰਜ, ਦਸ ਦਸ ਹਜ਼ਾਰ ਰੁਪਿਆ ਪਬਲਿਸ਼ਰ ਦੀ ਝੋਲੀ ਪਾ ਕੇ ਕਿਤਾਬ ਛਪਵਾ ਲੈਂਦੇ। ਵਾਪਸ ਬਦੇਸ਼ ਮੁੜਦੇ ਸੌ ਪੰਜਾਹ ਕਿਤਾਬਾਂ ਨਾਲ ਲੈ ਜਾਂਦੇ ਤੇ

70

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ