ਤੁਸੀਂ ਆਪਣਾ ਕੋਈ ਗੀਤ ਜਾਂ ਗ਼ਜ਼ਲ ਸੁਣਾਈ ਸੀ, ਉਨ੍ਹਾਂ ਦੀਆਂ ਕਈ ਤੁਕਾਂ ਮੇਰੇ ਜ਼ਬਾਨੀ ਯਾਦ ਨੇ, ਹੁਣ ਤੱਕ ਵੀ-ਉਹ ਦੇਖੋ, ਕੀ ਸੀ ਉਹ-ਮਜ਼ਦੂਰ ਲਈ ਅੱਜ ਰਿਜ਼ਕ ਹੀ ਈਮਾਨ ਬਣਦਾ ਜਾ ਰਿਹੈ।"
-"ਹਾਂ, ਲੋਟੂਆਂ ਲਈ ਮੌਤ ਦਾ ਸਮਾਨ ਬਣਦਾ ਜਾ ਰਿਹੈ।" ਮਾਸਟਰ ਨੇ ਪੂਰਾ ਕੀਤਾ ਤੇ ਫੇਰ ਝੱਟ ਹੀ ਵੀਹ ਰੁਪਏ ਦਾ ਸਵਾਲ ਪਾ ਦਿੱਤਾ। ਤੇ ਫੇਰ ਇੱਕ ਖੁਸ਼ਕ ਮੁਸਕਾਣ ਬੁੱਲ੍ਹਾਂ 'ਤੇ ਚੇਪ ਲਈ।
ਨਿਰਭੈ ਕੁਝ ਸੋਚਣ ਲੱਗ ਪਿਆ ਤੇ ਫੇਰ ਪੁੱਛਿਆ, "ਥੋਡੀ ਏਸ ਕਿਤਾਬ 'ਤੇ ਸਾਰਾ ਕਿੰਨਾ ਕੁ ਖ਼ਰਚ ਆ ਜੂ?"
-"ਚਾਰ ਹਜ਼ਾਰ। ਛੇ ਸੌ ਕਾਪੀਆਂ ਛਪਵਾਵਾਂਗੇ।"
ਮਾਸਟਰ ਜਿਵੇਂ ਆਸ ਨਿਰਾਸ ਦੇ ਦੋ ਪੁੜਾਂ ਵਿਚਕਾਰ ਫਸਿਆ ਬੈਠਾ ਹੋਵੇ। ਪਤਾ ਨਹੀਂ, ਕੀ ਜਵਾਬ ਦੇਵੇਗਾ ਨਿਰਭੈ? ਕਿਧਰੇ ਕੋਈ ਕੁਸੈਲਾ ਬੋਲ ਦੇਵੇ ਤੇ ਉਹ ਦਾ ਮਰਨ ਹੋ ਜਾਵੇ।
-"ਮੈਂ ਹੋਰ ਕਹਿਨਾਂ, ਮਾਸਟਰ ਜੀ ਜੇ ਮੰਨੋ ਤਾਂ?"
-"ਹਾਂ, ਦੱਸ ਭਾਈ, ਮੰਨਾਗੇ ਕਿਵੇਂ ਨ੍ਹੀ।"
-"ਤੁਸੀਂ ਕਾਹਨੂੰ ਐਵੇਂ ਵੀਹ ਵੀਹ ਰੁਪਏ ਪਿੱਛੇ ਸਾਈਕਲ 'ਤੇ ਲੱਤਾਂ ਤੁੜੌਂਦੇ ਫਿਰਦੇ ਓਂ। ਚਾਰ ਹਜ਼ਾਰ ਮੈਥੋਂ ਈ ਲੈ ਲੋ। ਇੱਕ ਹਫ਼ਤੇ ਦੀ ਕਮਾਈ ਐ ਮੇਰੀ ਤਾਂ।"
ਮਾਸਟਰ ਜੀ ਨੂੰ ਜਿਵੇਂ ਗਸ ਪੈ ਗਈ ਹੋਵੇ। ਉਹ ਦੀ ਜੀਭ ਤਾਲੂਏ ਨਾਲ ਲੱਗੀ। ਉਹ ਸੋਫ਼ੇ ਦੀ ਢੋਹ ਨਾਲ ਪਿਛਾਂਹ ਨੂੰ ਇਉਂ ਡਿੱਗਿਆ, ਜਿਵੇਂ ਸੱਚੀਂ ਉਹ ਨੂੰ ਕੋਈ ਕਸਰ ਹੋ ਗਈ ਹੋਵੇ। ਦੋ ਮਿੰਟ ਐਵੇਂ ਹੀ ਗੁਜ਼ਰ ਗਏ ਤੇ ਫੇਰ ਮਾਸਟਰ ਨੇ ਪਾਣੀ ਮੰਗਿਆ।
ਪਾਣੀ ਦਾ ਗਲਾਸ ਪਿਆ ਕੇ ਨਿਰਭੈ ਮਾਸਟਰ ਕੋਲ ਹੀ ਸੋਫ਼ੇ ਤੇ ਬੈਠ ਗਿਆ ਤੇ ਕਿਹਾ-"ਇੱਕ ਹਜ਼ਾਰ ਤਾਂ ਤੁਸੀਂ ਆਹ ਫੜੋ। ਤਿੰਨ ਹਜ਼ਾਰ ਮੈਂ ਆਪ ਈ ਥੋਨੂੰ ਪਿੰਡ ਦੇ ਆਉਂ। ਪਰਸੋਂ ਜਾਂ ਚੌਥੇ। ਬਹੁਤੇ ਦਿਨ ਨ੍ਹੀ ਪੈਣ ਦਿੰਦਾ।"
ਮਾਸਟਰ ਜੰਗੀਰ ਸਿੰਘ ਦੇ ਹੱਥ ਕੰਬਣ ਲੱਗੇ। ਮਸ਼ਾਂ ਹੀ ਮੂੰਹੋਂ ਬੋਲ ਨਿਕਲਿਆ-"ਨਹੀਂ, ਨਿਰਭੈ ਸਿਆਂ, ਇਓਂ ਨ੍ਹੀ ਠੀਕ। ਤੂੰ ਮੈਨੂੰ ਵੀਹ ਦਾ ਇੱਕ ਨੋਟ ਦੇ ਦੇ ਬੱਸ।"
-"ਵਾਹ ਮਾਸਟਰ ਜੀ, ਇਹ ਕੋਈ ਗੱਲ ਹੋਈ। ਮੇਰੇ ਕੀ ਯਾਦ ਐ ਇਹ ਚਾਰ ਹਜ਼ਾਰ ਗੁਰੂ ਖਾਤਰ ਮੈਂ ਐਨਾ ਵੀ ਨ੍ਹੀ ਕਰ ਸਕਦਾ?"
ਮਾਸਟਰ ਨੇ ਦੋਵੇਂ ਹੱਥ ਆਪਣੇ ਗੋਡਿਆਂ ਵਿਚ ਦੇ ਲਏ ਤੇ ਫੇਰ ਜਿਵੇਂ ਗਿੜਗਿੜਾਇਆ ਹੋਵੇ-"ਬੱਸ ਵੀਹ ਦਾ ਇੱਕ ਨੋਟ।"
ਨਿਰਭੈ ਨੇ ਦੇਖਿਆ, ਮਾਸਟਰ ਘਬਰਾਇਆ ਬੈਠਾ ਹੈ। ਤੇ ਫੇਰ ਉਹ ਨੇ ਦਸੇ ਨੋਟ ਉਹ ਦੇ ਮੂੰਹ ਕੋਲ ਕਰਕੇ ਆਖਿਆ-"ਚੰਗਾ ਇਹ ਇੱਕ ਹਜ਼ਾਰ ਲੈ ਲੋ।"
-"ਨਹੀਂ, ਵੀਹ ਰੁਪਏ ਬਹੁਤ ਨੇ। ਬਾਸ਼ ਇੱਕੋ ਜ੍ਹੀ ਹੁੰਦੀ ਐ। ਵੱਧ ਬਿਲਕੁਲ ਨੀ। ਇਨ੍ਹਾਂ ਵੀਹਾਂ 'ਚ ਮੈਂ ਤੈਨੂੰ ਦਸ ਰੁਪਿਆਂ ਦੀ ਕਿਤਾਬ ਦੇਊਂਗਾ। ਤੈਥੋਂ ਦੁੱਗਣੇ ਲੈ ਰਿਹਾ, ਇਹ ਛੋਟੀ ਗੱਲ ਐ ਕੋਈ। ਇਹ ਵੀਹ ਤੈਨੂੰ ਆਪਣਾ ਜਾਣ ਕੇ ਈ ਲੈਨਾਂ।"
-"ਮੈਂ ਵੀ ਆਪਣਾ ਜਾਣਕੇ ਈ ਦਿੰਨਾ, ਗੁਰੂ ਜੀ, ਇਹ ਇੱਕ ਹਜ਼ਾਰ।"
ਰੋਜ਼ਗਾਰ
75